ਸਟਾਫ ਰਿਪੋਰਟਰ, ਫਾਜ਼ਿਲਕਾ : ਡਿਪਟੀ ਕਮਿਸ਼ਨਰ ਡਾਕਟਰ ਸੇਨੂੰ ਦੁੱਗਲ ਅਤੇ ਸਿਵਲ ਸਰਜਨ ਡਾ. ਸਤੀਸ਼ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗਾਂਧੀ ਦੀ ਦੇਖਰੇਖ ਤਹਿਤ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ 5.0 ਤਹਿਤ ਬਲਾਕ ਖੂਈ ਖੇੜਾ ਵਿਖੇ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਐੱਸ.ਐੱਮ.ਓ. ਡਾ. ਵਿਕਾਸ ਗਾਂਧੀ ਨੇ ਦੱਸਿਆ ਕਿ ਮਿਸ਼ਨ ਇੰਦਰਧਨੁਸ਼ ਦਾ ਮੁੱਖ ਮਕਸਦ ਕਿਸੇ ਕਾਰਨ ਕਰਕੇ ਜੋ ਬੱਚੇ ਅਤੇ ਗਰਭਵਤੀ ਮਾਵਾਂ ਵੈਕਸੀਨੇਸ਼ਨ ਤੋਂ ਵਾਂਝੇ ਰਹਿ ਗਏ ਜਾਂ ਜਿਹਨਾਂ ਦਾ ਟੀਕਾਕਰਣ ਅਧੂਰਾ ਹੈ, ਉਨਾਂ੍ਹ ਨੂੰ ਇਸ ਮਿਸ਼ਨ ਅਧੀਨ ਕਵਰ ਕਰਨਾ ਹੈ। ਉਹਨਾਂ ਕਿਹਾ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਇੰਦਰਧਨੁਸ਼ ਦਾ ਪਹਿਲਾਂ ਰਾਉਂਡ 11 ਸਤੰਬਰ ਤੋਂ 16 ਸਤੰਬਰ ਚਲੇਗਾ। ਜਿਸ ਦੀ ਸ਼ੁਰੂਆਤ 11 ਸਤੰਬਰ ਤੋਂ ਕਰ ਦਿੱਤੀ ਗਈ ਸੀ ਤੇ ਦੂਸਰਾ ਰਾਊਡ 9 ਅਕਤੂਬਰ ਤੋਂ 14 ਅਕਤੂਬਰ ਅਤੇ ਤੀਸਰਾ ਰਾਊਡ 20 ਨਵੰਬਰ ਤੋਂ 25 ਨਵੰਬਰ ਤੱਕ ਹੈ। ਇਸ ਦੌਰਾਨ ਬੱਚਿਆ ਨੂੰ ਟੀਕਾਕਰਨ ਕਰਨਾ ਹੈ ਅਤੇ ਗਰਭਵਤੀ ਮਹਿਲਾਵਾਂ ਤੱਕ ਆਸ਼ਾ ਵਰਕਰ ਅਤੇ ਏ ਐਨ ਐਮ ਰਾਹੀਂ ਪਹੁੰਚ ਕੀਤੀ ਜਾਵੇਗੀ ਤਾਕਿ ਸਾਰਿਆ ਦਾ ਟੀਕਾਕਰਨ ਪੂਰਾ ਕੀਤਾ ਜਾ ਸਕੇ। ਬਲਾਕ ਮਾਸ ਮੀਡਿਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਮਿਸ਼ਨ ਇੰਦਰ ਧਨੁਸ਼ ਤਹਿਤ ਵੱਖ ਵੱਖ ਥਾਂਵਾਂ ਤੇ ਸੈਸ਼ਨ (ਕੈਂਪ) ਲਗਾਏ ਜਾ ਰਹੇ ਹਨ, ਜਿੰਨ੍ਹਾ ਵਿਚੋਂ ਕੁੱਝ ਕੈਂਪ ਹਾਈ ਰਿਸਕ ਥਾਵਾਂ ਵਿੱਚ ਲਗਾਏ ਜਾਣੇ ਹਨ, ਜਿੰਨਾਂ੍ਹ ਵਿੱਚ ਬੱਚਿਆਂ ਅਤੇ ਗਰਭਵਤੀ ਮਾਵਾਂ ਨੂੰ ਵੈਕਸੀਨੇਸ਼ਨ ਲਗਾਉਣ ਦਾ ਟੀਚਾ ਹੈ। ਇਸ ਮਿਸ਼ਨ ਤਹਿਤ ਉਸਾਰੀ ਅਧੀਨ ਇਮਾਰਤਾਂ, ਭੱਠਿਆਂ, ਪਥੇਰਾਂ ਅਤੇ ਸ਼ੈੱਲਰਾਂ ਦੀ ਆਬਾਦੀ ਨੂੰ ਵੀ ਕਵਰ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਮਿਸ਼ਨ ਇੰਦਰਧਨੁਸ਼ ਤਹਿਤ ਦਸੰਬਰ 2023 ਤੱਕ ਐਮ.ਆਰ.ਦਾ ਟੀਚਾ ਪੂਰਾ ਕਰਨ ਦਾ ਉਦੇਸ਼ ਰੱਖਿਆ ਗਿਆ ਹੈ, ਜਿਹੜੇ ਬੱਚੇ ਐਮ.ਆਰ ਦੀ ਪਹਿਲੀ ਅਤੇ ਦੂਸਰੀ ਖੁਰਾਕ ਤੋਂ ਵਾਂਝੇ ਹਨ, ਜਿੰਨਾਂ੍ਹ ਬੱਚਿਆਂ ਦੀ ਉਮਰ ਪੰਜ ਸਾਲ ਤੋਂ ਘੱਟ ਹੈ।