ਵਿਜੇ ਜਯੋਤੀ, ਨਵਾਂਸ਼ਹਿਰ : ‘ਐੱਚਕੇਐੱਲ ਐਜੂਕੇਸ਼ਨ ਸੁਸਾਇਟੀ ਮਹਿਰਮਪੁਰ’ ਦੀ ਚੇਅਰਪਰਸਨ ਬੀਬੀ ਹਰਜਿੰਦਰ ਕੌਰ ਲੇਲ੍ਹ ਵੱਲੋਂ ਨਵਾਂਸ਼ਹਿਰ ਵਿਖੇ ਸਥਿਤ ‘ਗੁਰੂ ਕੀ ਰਸੋਈ’ ਤੋਂ ਲੋੜਵੰਦਾਂ ਲਈ ਹੁੰਦੀ ਸੇਵਾ ਨੂੰ ਨਤਮਸਤਕ ਹੋਣ ਲਈ ਪਧਾਰੇ। ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਪੰਝੀ ਕਿਲੋਮੀਟਰ ਦਾਇਰੇ ‘ਚ ਕਰੀਬ 500 ਲੋੜਵੰਦਾਂ ਨੂੰ ਰੋਜ਼ਾਨਾ ਮੁਫ਼ਤ ਟਿਫਨ ਸੇਵਾ ਦਿੱਤੀ ਜਾ ਰਹੀ ਹੈ। ਹਰ ਰੋਜ਼ ਸਵੇਰੇ ਚਾਰ ਵਜੇ ਤੋਂ ਸਾਢੇ ਸੱਤ ਤੱਕ ਕਰੀਬ ਇਕ ਸੌ ਪੁਰਸ਼ ਅਤੇ ਮਹਿਲਾ ਸੇਵਾਦਾਰ ਲੰਗਰ ਅਤੇ ਟਿਫਨ ਤਿਆਰ ਕਰਨ ਦੀ ਸੇਵਾ ਲਈ ਆਉਂਦੇ ਹਨ। ਪੈਕਿੰਗ ਉਪਰੰਤ ਟਿਫਨਾਂ ਨੂੰ ਲੋੜਵੰਦਾਂ ਤੱਕ ਪੁੰਹਚਾਉਣ ਲਈ ਉਸੇ ਵਕਤ ਵਿਸ਼ੇਸ਼ ਵਾਹਨਾਂ ਨੂੰ ਰਵਾਨਾ ਕੀਤਾ ਜਾਂਦਾ ਹੈ। ਇਸ ਨਿਸ਼ਕਾਮ ਸੇਵਾ ਲਈ ਬੀਬੀ ਹਰਜਿੰਦਰ ਕੌਰ ਲੇਲ੍ਹ ਵੱਲੋਂ ਇਕ ਲੱਖ ਰੁਪਏ ਦਾ ਵਿਤੀ ਯੋਗਦਾਨ ਭੇਟ ਕੀਤਾ ਗਿਆ। ਉਨਾਂ੍ਹ ਆਖਿਆ ਕਿ ਉਹ ਆਪਣੇ ਜੀਵਨ ਦੌਰਾਨ ਹਰ ਸਾਲ ‘ਮਿਲਖਾ ਸਿੰਘ ਲੇਲ੍ਹ ਯਾਦਗਾਰੀ ਵਿਤੀ ਯੋਗਦਾਨ’ ਪਾਉਂਦੇ ਰਹਿਣਗੇ। ਅੰਤ ਵਿਚ ਪ੍ਰਬੰਧਕਾਂ ਵੱਲੋਂ ਬੀਬੀ ਹਰਜਿੰਦਰ ਕੌਰ ਲੇਲ੍ਹ ਅਤੇ ਉਨਾਂ੍ਹ ਦੇ ਪੁੱਤਰ ਲਖਵੀਰ ਸਿੰਘ ਨੂੰ ਸਿਰੋਪੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਮਰੀਕ ਸਿੰਘ, ਜਸਪਾਲ ਸਿੰਘ ਗਿੱਦਾ, ਗੁਰਨਾਮ ਸਿੰਘ ਡੁਲਕੂ, ਨਰਿੰਦਰ ਕੌਰ ਡੁਲਕੂ, ਰਾਜਿੰਦਰ ਕੌਰ ਗਿੱਦਾ ਅਤੇ ਲਖਵੀਰ ਸਿੰਘ ਅਤੇ ਸੇਵਾਦਾਰ ਹਾਜ਼ਰ ਸਨ।