ਬੈਂਗਲੁਰੂ (ਪੀਟੀਆਈ) : ਸੂਰਜ ਦਾ ਅਧਿਐਨ ਕਰਨ 15 ਲੱਖ ਕਿਲੋਮੀਟਰ ਦੀ ਯਾਤਰਾ ਕਰ ਰਹੇ ‘ਆਦਿੱਤਿਆ ਐੱਲ-1’ ਦਾ ਪੰਧ ਸ਼ੁੱਕਰਵਾਰ ਨੂੰ ਚੌਥੀ ਵਾਰੀ ਬਦਲਿਆ ਗਿਆ। ਇਸ ਤੋਂ ਪਹਿਲਾਂ ਤਿੰਨ, ਪੰਜ ਤੇ 10 ਸਤੰਬਰ ਨੂੰ ਪੰਧ ਬਦਲਿਆ ਗਿਆ ਸੀ। ਹੁਣ 19 ਸਤੰਬਰ ਦੀ ਰਾਤ ਤੋਂ ਬਾਅਦ ਦੋ ਵਜੇ ਟਰਾਂਸ-ਲੈਗ੍ਰੇਜੀਅਨ ਪੁਆਇੰਟ 1 ਇੰਸਰਸ਼ਨ (ਟੀਐੱਲ1ਆਈ) ਦੀ ਪ੍ਰਕਿਰਿਆ ਪੂਰੀ ਕਰ ਕੇ ‘ਆਦਿੱਤਿਆ’ ਨੂੰ ਧਰਤੀ ਦੇ ਗੁਰੂਤਾਕਰਸ਼ਣ ਖੇਤਰ ਤੋਂ ਬਾਹਰ ਪਹੁੰਚਾਇਆ ਜਾਵੇਗਾ। ‘ਆਦਿੱਤਿਆ’ ਧਰਤੀ ਦਾ ਪੰਧ ਛੱਡ ਕੇ ਐੱਲ1 (ਲੈਗ੍ਰੇਜ ਪੁਆਇੰਟ) ਵੱਲ ਕਰੀਬ 110 ਦਿਨਾਂ ਦੀ ਯਾਤਰਾ ’ਤੇ ਰਵਾਨਾ ਹੋਵੇਗਾ। ਇਸ ਨੂੰ ਕਰੂਜ਼ ਪੜਾਅ ਕਿਹਾ ਜਾਂਦਾ ਹੈ। ਕਰੂਜ਼ ਪੜਾਅ ਤੋਂ ਬਾਅਦ ਆਦਿੱਤਿਆ ਐੱਲ-1 ਦੇ ਚਾਰੇ ਪਾਸੇ ਦੇ ਪੰਧ ’ਚ ਦਾਖ਼ਲ ਹੋਵੇਗਾ।

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਕਸ ’ਤੇ ਪੋਸਟ ਕੀਤਾ, ‘ਆਦਿੱਤਿਆ ਦਾ ਪੰਧ ਚੌਥੀ ਵਾਰ ਕਾਮਯਾਬੀ ਨਾਲ ਬਦਲ ਦਿੱਤਾ ਗਿਆ। ਬੈਂਗਲੁਰੂ, ਮਾਰੀਸ਼ਸ, ਐੱਸਡੀਏਐੱਸਸੀ-ਐੱਸਐੱਚਏਆਰ ਤੇ ਪੋਰਟ ਬਲੇਅਰ ’ਚ ਇਸਰੋ ਦੇ ਗਰਾਊਂਡ ਸਟੇਸ਼ਨਾਂ ਨੇ ਇਸ ਦੌਰਾਨ ਸੈਟੇਲਾਈਟ ਨੂੰ ਟ੍ਰੈਕ ਕੀਤਾ। ‘ਆਦਿੱਤਿਆ’ ਹੁਣ ਜਿਸ ਪੰਧ ’ਚ ਹੈ, ਉਸ ਤੋਂ ਧਰਤੀ ਦੀ ਵੱਧ ਤੋਂ ਵੱਧ ਦੂਰੀ 1,21,973 ਕਿਲੋਮੀਟਰ ਤੇ ਘੱਟੋ-ਘੱਟ ਦੂਰੀ 256 ਕਿਲੋਮੀਟਰ ਹੈ।

ਦੇਸ਼ ਦੇ ਪਹਿਲੇ ਸੂਰਜ ਮਿਸ਼ਨ ਤਹਿਤ ਇਸਰੋ ਪ੍ਰਯੋਗਸ਼ਾਲਾ ਭੇਜ ਰਿਹਾ ਹੈ। ‘ਆਦਿੱਤਿਆ’ ਸੂਰਜ-ਧਰਤੀ ਪ੍ਰਣਾਲੀ ਦੇ ਐੱਲ-1 ਦੇ ਨੇੜਲੇ ਪੰਧ ’ਚ ਪੁੱਜੇਗਾ। ਇਹ ਪੰਜ ਸਾਲ ਦੇ ਮਿਸ਼ਨ ਦੌਰਾਨ ਐੱਲ-1 ਤੋਂ ਹੀ ਸੂਰਜ ਦਾ ਅਧਿਐਨ ਕਰੇਗਾ।

ਇਸ ਤੋਂ ਪਹਿਲਾਂ ਧਰੁਵੀ ਉਪਗ੍ਰਹਿ ਲਾਂਚਿੰਗ ਯਾਨ (ਪੀਐੱਸਐੱਲਵੀ-ਸੀ57) ਨੇ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਦੋ ਸਤੰਬਰ ਨੂੰ ‘ਆਦਿੱਤਿਆ’ ਨਾਲ ਉਡਾਣ ਭਰੀ ਸੀ। ਪੀਐੱਸਐੱਲਵੀ ਨੇ ਇਸ ਨੂੰ ਪੰਧ ’ਚ ਸਥਾਪਤ ਕਰ ਦਿੱਤਾ ਸੀ।