ਗੇਲੋ ਕਹਾਣੀ ਹੈ ਬਠਿੰਡਾ ਦੀ ਇੱਕ ਕੁੜੀ ਦੀ ਜੋ ਸਿਰਫ ਖੂਬਸੂਰਤ ਹੀ ਨਹੀਂ ਬਲਕੀ ਬੋਲਡ ਵੀ ਹੈ। ਹਮੇਸ਼ਾ ਆਪਣੇ ਫੈਸਲੇ ਖੁਦ ਲੈਂਦੀ ਆਈ ਹੈ ਅਤੇ ਆਪਣਾ ਜੀਵਨ ਸਾਥੀ ਵੀ ਆਪ ਹੀ ਲੱਭਿਆ ਹੈ। ਪਰ ਉਸਦੇ ਪਿਆਰ ਵਿੱਚਕਾਰ ਆ ਜਾਂਦੀ ਹੈ ਜਾਤ ਅਤੇ ਉਹੀ ਹੁੰਦਾ ਹੈ ਜੋ ਅਕਸਰ ਇਹਨਾਂ ਮਾਮਲਿਆਂ ਵਿੱਚ ਵੇਖਣ ਨੂੰ ਮਿਲਦਾ ਹੈ। ਗੇਲੋ ਦੇ ਪ੍ਰੇਮੀ ਨੂੰ ਮਾਰ ਉਸਦਾ ਵਿਆਹ ਇੱਕ ਨਸ਼ੇੜੀ ਨਾਲ ਕਰਾ ਦਿੰਦੇ ਹਨ। ਉਸ ਤੋਂ ਬਾਅਦ ਕਿਵੇਂ ਉਹ ਜੀਉਣ ਲਈ ਸੰਘਰਸ਼ ਕਰਦੀ ਹੈ ਅਤੇ ਕਿੰਨੀਆਂ ਮੁਸ਼ਕਲਾਂ ਸਹਿੰਦੀ ਹੈ, ਇਹੀ ਹੈ ਫਿਲਮ ਦੀ ਕਹਾਣੀ।
ਕਹਾਣੀ ਪੰਜਾਬੀ ਸਿਨੇਮਾ ਲਈ ਨਵੀਂ ਹੈ ਅਤੇ ਪੰਜਾਬ ਦੀ ਧਰਤੀ ਨਾਲ ਜੁੜੀ ਹੋਈ ਵੀ ਹੈ। ਲੰਮੇ ਸਮੇਂ ਬਾਅਦ ਕਿਸੇ ਨੇ ਪੰਜਾਬ ਦੀ ਧੀ ਬਾਰੇ ਕੋਈ ਗੱਲ ਕੀਤੀ ਹੈ ਜੋ ਇੱਕ ਚੰਗਾ ਕਦਮ ਹੈ। ਪਰ ਰਾਮ ਸਰੂਪ ਅਣਖੀ ਦੇ ਨਾਵਲ ਦੀ ਕਹਾਣੀ ਨੂੰ ਫਿਲਮ ਦੀ ਕਹਾਣੀ ਦਾ ਰੂਪ ਨਹੀਂ ਦਿੱਤਾ ਗਿਆ। ਫਿਲਮ ਦਾ ਸਕ੍ਰੀਨਪਲੇ ਬਿਨਾਂ ਕਿਸੇ ਉਤਾਰ ਚੜਾਅ ਤੇ ਬਿਲਕੁਲ ਫਲੈਟ ਹੈ ਅਤੇ ਆਪਸੀ ਕਨੈਕਸ਼ਨ ਵਿੱਚ ਕਮਜ਼ੋਰ। ਜੇ ਗੱਲ ਕਰਿਏ ਡਾਏਲੌਗਸ ਦੀ ਤਾਂ ਉਹ ਬੇਹਦ ਕਿਤਾਬੀ ਹਨ।
ਪਰਫੌਰਮੈਂਸਿੰਸ ਦੇ ਮਾਮਲੇ ਵਿੱਚ ਪੰਜਾਬੀ ਸਿਨੇਮਾ ਦੀ ਬਿਹਤਰੀਨ ਅਦਾਕਾਰਾ ਜਸਪਿੰਦਰ ਚੀਮਾ ਤੋਂ ਬਹੁਤ ਆਸਾਂ ਸਨ। ਪਰ ਗੇਲੋ ਵਿੱਚ ਉਹਨਾਂ ਨੂੰ ਵੇਖਕੇ ਨਿਰਾਸ਼ਾ ਹੋਈ ਹੈ। ਕਿਉਂਕਿ ਅਸੀਂ ਪਹਿਲਾਂ ਉਹਨਾਂ ਦੀ ਫਿਲਮ ਇੱਕ ਕੁੜੀ ਪੰਜਾਬ ਦੀ ਵੇਖ ਚੁਕੇ ਹਾਂ ਸੋ ਉਮੀਦਾਂ ਵੀ ਵੱਧ ਸਨ। ਪਰ ਉਹਨਾਂ ਨੇ ਸ਼ਾਇਦ ਆਪਣੇ ਕਿਰਦਾਰ ਨੂੰ ਜਸਟੀਫਾਏ ਕਰਨ ਲਈ ਬਹੁਤ ਲਾਊਡ ਅਦਾਕਾਰੀ ਕਰ ਦਿੱਤੀ। ਗੁਰਜੀਤ ਸਿੰਘ ਦਾ ਛੋਟਾ ਕਿਰਦਾਰ ਹੈ ਪਰ ਆਪਣੇ ਕਿਰਦਾਰ ਅਨੁਸਾਰ ਉਹ ਬੇਹਦ ਮਾਸੂਮ ਲੱਗੇ ਹਨ। ਪਵਨ ਰਾਜ ਮਲਹੋਤਰਾ ਨੇ ਵੀ ਕਿਰਦਾਰ ਨਾਲ ਨਿਆਂ ਕੀਤਾ ਹੈ। ਫਿਲਮ ਪਿੰਡ ਵਿੱਚ ਹੀ ਸ਼ੂਟ ਹੋਈ ਹੈ ਅਤੇ ਸਿਨੇਮੈਟੋਗਰਫੀ ਵੀ ਚੰਗੀ ਹੈ। ਫਿਲਮ ਦਾ ਸੰਗੀਤ ਵੀ ਸਬਜੈਕਟ ਅਨੁਸਾਰ ਹੈ।
ਨਿਰਦੇਸ਼ਕ ਮਨਭਾਵਨ ਸਿੰਘ ਗੇਲੋ ਨੂੰ ਪਰਦੇ ਤੇ ਉਤਾਰਨ ਵਿੱਚ ਚੂਕ ਗਏ ਹਨ। ਸਾਹਿਤ ਤੇ ਫਿਲਮ ਜ਼ਰੂਰ ਬਣਾਉਣੀ ਚਾਹੀਦੀ ਹੈ ਪਰ ਜੇ ਕਹਾਣੀ ਨੂੰ ਸਿਨੇਮਾ ਦਾ ਆਕਾਰ ਦਿੱਤਾ ਜਾਵੇ। ਫਿਲਮ ਵਿੱਚ ਕਈ ਸੀਨ ਹਨ ਜੋ ਨਹੀਂ ਵੀ ਹੁੰਦੇ ਤਾਂ ਕੰਮ ਚਲਦਾ ਸੀ ਪਰ ਕਈ ਸੀਨ ਬੇਹਦ ਪ੍ਰਭਾਵਸ਼ਾਲੀ ਵੀ ਹਨ। ਅਦਾਕਾਰਾਂ ਵਲੋਂ ਕੀਤੀ ਗਈ ਓਵਰ ਐਕਟਿੰਗ ਦਾ ਕਸੂਰ ਵੀ ਉਹਨਾਂ ਦਾ ਹੀ ਹੈ।
ਜੇ ਪੰਜਾਬੀ ਦਰਸ਼ਕ ਮਹਿਲਾ ਪ੍ਰਧਾਨ ਫਿਲਮਾਂ ਨੂੰ ਸਪੋਰਟ ਕਰਨਾ ਚਾਹੁੰਦੇ ਹਨ ਤਾਂ ਗੇਲੋ ਜ਼ਰੂਰ ਵੇਖਣ ਪਰ ਸਾਡੇ ਦਰਸ਼ਕ ਇਸ ਤੋਂ ਹੋਰ ਬਿਹਤਰ ਦੀ ਉਮੀਦ ਕਰਦੇ ਹਨ। ਹਾਂ, ਪਰ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇੱਕ ਸ਼ੁਰੂਆਤ ਕਰਨ ਲਈ ਫਿਲਮ ਦੀ ਟੀਮ ਨੂੰ ਥਾਪੀ ਦੇਣੀ ਬਣਦੀ ਹੈ।