ਬਾਪੂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਲੇਖ ਰਾਜ ਵਲੈਤੋਂ ਪਿੰਡ ਨੂੰ ਭੱਜਾ ਆਇਆ। ਅੰਤਿਮ ਰਸਮਾਂ ਆਪਣੇ ਹੱਥੀਂ ਕਰਕੇ ਵਿਹਲੇ ਹੋਏ ਲੇਖ ਰਾਜ ਨੂੰ ਭਰਾਵਾਂ ਨੇ ਬਾਪੂ ਦੀ ਕੀਤੀ ਸੇਵਾ ਅਤੇ ਇਲਾਜ ਬਾਰੇ ਦੱਸਿਆ। ਉਸ ਨੇ ਹੁਣ ਤੱਕ ਦੇ ਖਰਚ ਹੋਏ ਪੈਸੇ ਉਨ੍ਹਾਂ ਨੂੰ ਦੇਣੇ ਚਾਹੇ ਤਾਂ ਉਹ ਅੱਗੋਂ ਕਹਿਣ ਲੱਗੇ, ਦੇਖ ਬਈ ਵੀਰਾ! ਸਾਡਾ ਸਾਰਿਆਂ ਦਾ ਬਾਪੂ ਸੀ ਉਹ। ਜਿਹੜੇ ਖਰਚੇ ਗਏ, ਖਰਚੇ ਗਏ। ਇਸ ਗੱਲ ਦਾ ਹੁਣ ਮੁੜ ਨਾਂਅ ਨਾ ਲਈਂ। ਨਾਲੇ ਜੇ ਸਾਡੇ ਕੋਲ ਨਾ ਹੁੰਦੇ ਤਾਂ ਬੇਸ਼ੱਕ ਲੈ ਲੈਂਦੇ।ਪਰ ਤੇਰੇ ਵਾਂਗ ਸਾਡੇ ‘ਤੇ ਵੀ ਉਪਰ ਵਾਲੇ ਦੀ ਮਿਹਰ ਹੈ। ਨਾਲੇ ਬਾਪੂ ਤੇਰਾ, ‘ਕੱਲੇ ਦਾ ਥੋੜ੍ਹਾ ਸੀ। ਚਲਦੀਆਂ ਗੱਲਾਂ ਵਿਚ ਬਾਪੂ ਦੀ ਵਿਰਾਸਤ ਆਪਣੇ ਨਾਂਅ ਕਰਵਾਉਣ ਦੀ ਗੱਲ ਤੁਰੀ ਤਾਂ ਇਸ ਲਈ ਬਾਪੂ ਦੀ ਮੌਤ ਦਾ ਸਰਟੀਫਿਕੇਟ ਲੈਣਾ ਜ਼ਰੂਰੀ ਸੀ।
ਭਰਾਵਾਂ ਨੇ ਸਲਾਹ ਨਾਲ ਦੂਜੇ ਦਿਨ ਕਚਹਿਰੀ ਜਾ ਕੇ ਸਰਟੀਫਿਕੇਟ ਲੈਣ ਲਈ ਫਾਰਮ ਭਰੇ ਤਾਂ ਬਾਬੂ ਨੇ ਹਫਤੇ ਦੀ ਤਰੀਖ ਪਾ ਕੇ ਉਨ੍ਹਾਂ ਨੂੰ ਵਾਪਸ ਤੋਰ ਦਿੱਤਾ। ਹਫਤੇ ਬਾਅਦ ਗਏ ਤਾਂ ਇਕ ਹਫਤਾ ਹੋਰ ਬਾਅਦ ਵਿਚ ਆਉਣ ਦਾ ਆਦੇਸ਼ ਮਿਲ ਗਿਆ। ਦਿੱਤੇ ਸਮੇਂ ‘ਤੇ ਜਦੋਂ ਉਹ ਫਿਰ ਗਏ ਤਾਂ ਬਾਬੂ ਨੇ ਕੰਪਿਊਟਰ ‘ਤੇ ਹੱਥ ਮਾਰ ਕੇ ਨਾਂਹ ਵਿਚ ਸਿਰ ਹਿਲਾਉਂਦਿਆਂ ਕਿਹਾ ਕਿ ਅਜੇ ਉਪਰੋਂ ਬਣ ਕੇ ਨਹੀਂ ਆਇਆ। ਸੀ.ਐਮ.ਓ. ਦਫਤਰੋਂ ਬਣ ਕੇ ਆਉਣੈ ਜੀ। ਅਸੀਂ ਤਾਂ ਉਸੇ ਹੀ ਦਿਨ ਕਾਰਵਾਈ ਕਰਕੇ ਉੱਥੇ ਭੇਜ ਦਿੱਤਾ ਸੀ ਸਭ ਕੁਝ। ਉਨ੍ਹਾਂ ਵੱਲੋਂ ਤਿਆਰੀ ਅਧੀਨ ਹੈ ਵਾਲਾ ਸੰਦੇਸ਼ ਲਿਖਿਆ ਆਇਆ ਹੈ। ਇਸ ਲਈ ਹਫਤੇ ਬਾਅਦ ਪਤਾ ਕਰ ਲੈਣਾ ਤੁਸੀਂ। ਇਹਦੇ ਵਿਚ ਸਾਡੇ ਵੱਸ ਦੀ ਕੋਈ ਗੱਲ ਨਹੀਂ ਹੈ।
ਇਹ ਸੁਣ ਕੇ ਲੇਖ ਰਾਜ ਨੂੰ ਬੜਾ ਗੁੱਸਾ ਆਇਆ। ਇਕ ਤਾਂ ਵਾਪਸ ਵਲੈਤ ਜਾਣ ਨੂੰ ਦਿਨ ਥੋੜ੍ਹੇ ਰਹਿੰਦੇ ਸਨ, ਦੂਜਾ ਹਫਤੇ-ਹਫਤੇ ਦੀ ਤਰੀਕ ਮਿਲੀ ਜਾਣ ‘ਤੇ ਉਹ ਬਹੁਤ ਔਖਾ ਸੀ। ਉਹ ਰੌਲਾ ਪਾ ਕੇ ਬਹਿ ਗਿਆ। ਉਏ ਉਪਰੋਂ ਕਿੱਥੋਂ ਆਉਣਾ ਉਹ ਸਰਟੀਫਿਕੇਟ। ਸਾਡਾ ਬਾਪੂ ਤਾਂ ਉਹਨੂੰ ਨਾਲ ਨੀ ਲੈ ਗਿਆ ਉੱਪਰ। ਨਾਲੇ ਸਾਡੇ ਬਾਪੂ ਨੂੰ ਉੱਪਰ ਗਿਆਂ ਮਹੀਨਾ ਹੋ ਚੱਲਿਐ, ਜੇ ਉਹ ਨਾਲ ਲੈ ਗਿਆ ਹੁੰਦਾ, ਹੁਣ ਤੱਕ ਤਾਂ ਕਦੇ ਦਾ ਵਾਪਸ ਭੇਜ ਦੇਣਾ ਸੀ ਉਸ ਨੇ। ਤੁਹਾਡੇ ਵਰਗਾ ਨਿਰਮੋਹਾ ਨਹੀਂ ਸੀ ਉਹ। ਗੱਲ ਸੁਣੋਂ ਮੇਰੀ ਜ਼ਰਾ ਤੁਸੀਂ ਧਿਆਨ ਨਾਲ। ਅਸੀਂ ਤੁਹਾਡੇ ਕੋਲ ਦਰਜ ਕਰਵਾਇਆ ਆਪਣੇ ਬਾਪੂ ਦੀ ਮੌਤ ਦਾ ਸਬੂਤ ਮੰੰਗਿਆ। ਜਿਊਾਦਾ ਬਾਪੂ ਵਾਪਸ ਨੀ ਮੰਗਿਆ। ਤੁਸੀਂ ਤਾਂ ਇੱਦਾਂ ਸਮਝਦੇ ਹੋ ਜਿਵੇਂ ਸਾਡਾ ਬਾਪੂ ਮਰਿਆ ਹੀ ਨਹੀਂ ਹੁੰਦਾ। ਬਾਪੂ ਦੀ ਮੌਤ ਨਾਲ ਸਾਡਾ ਤਾਂ ਜਹਾਨ ਉੱਜੜ ਗਿਐ ਤੇ ਦੂਜਾ ਸਾਨੂੰ ਤੁਸੀਂ ਪ੍ਰੇਸ਼ਾਨ ਕਰਦੇ ਹੋਏ, ਗੇੜੇ ‘ਤੇ ਗੇੜੇ ਮਰਵਾਈ ਜਾ ਰਹੋ ਹੋ। ਏ.ਸੀ. ਵਾਲੇ ਸੁਵਿਧਾ ਦਫਤਰ ਵਿਚ ਬੈਠ ਕੇ ਤੁਸੀਂ ਸਾਨੂੰ ਦੁਵਿਧਾ ਵਿਚ ਪਾਇਆ ਹੋਇਆ ਹੈ। ਉਏ ਆਹ ਐਨਾ ਖੂਬਸੂਰਤ ਦਫਤਰ ਤੇ ਕਰਤੂਤ ਆਹ। ਚੰਗੀ ਗੱਲ ਨਹੀਂ ਤੁਹਾਡੇ ਲਈ।
ਆਪਣੇ ਥਾਂ ਸੱਚੇ ਪਰ ਨਿਮੋਝੂਣੇ ਹੋਏ ਬਾਬੂ ਨੇ ਤਰਲਾ ਜਿਹਾ ਕਰਦਿਆਂ ਮਾਹੌਲ ਨੂੰ ਸ਼ਾਂਤ ਕਰਨ ਲਈ ਅਗਲੇ ਹਫਤੇ ਹਰ ਹਾਲਤ ਵਿਚ ਸਰਟੀਫਿਕੇਟ ਦੇਣ ਦਾ ਯਕੀਨ ਦੁਆ ਕੇ ਉਸ ਨੂੰ ਤੋਰ ਦਿੱਤਾ। ਦਿੱਤੇ ਦਿਨ ‘ਤੇ ਉਹ ਦਫਤਰ ਖੁੱਲ੍ਹਦੇ ਸਾਰ ਹੀ ਬਾਬੂ ਵਾਲੀ ਖਿੜਕੀ ਅੱਗੇ ਜਾ ਖੜ੍ਹਾ ਹੋਇਆ। ਬਾਬੂ ਨੇ ਫਾਈਲ ਵਿਚੋਂ ਸਰਟੀਫਿਕੇਟ ਖਿੱਚ ਕੇ ਲੇਖ ਰਾਜ ਦੇ ਹੱਥ ਫੜਾਉਂਦਿਆਂ ਫਿਰ ਆਪਣੀ ਮਜਬੂਰੀ ਦੱਸੀ।
ਪਰ ਲੇਖ ਰਾਜ ਨੇ ਉਸ ਦੀ ਅਣਸੁਣੀ ਕਰਦਿਆਂ ਸਰਟੀਫਿਕੇਟ ਨੂੰ ਹੱਥਾਂ ਵਿਚ ਪਲੋਸ ਕੇ ਆਪਣੇ ਮੱਥੇ ਨਾਲ ਇੰਝ ਲਾਇਆ ਜਿਵੇਂ ਉਹ ਆਪਣੇ ਬਾਪੂ ਨੂੰ ਮੱਥਾ ਟੇਕ ਰਿਹਾ ਹੋਵੇ। ਵਾਰ-ਵਾਰ ਸਰਟੀਫਿਕੇਟ ਅਤੇ ਬਾਬੂ ਵੱਲ ਵੇਖਦਾ-ਵੇਖਦਾ ਲੇਖ ਰਾਜ ਇਹ ਕਹਿੰਦਾ ਹੋਇਆ ਪੌੜੀਆਂ ਉੱਤਰ ਗਿਆ, ‘ਇਸ ਤਰ੍ਹਾਂ ਲੱਗਦੈ ਜਿਵੇਂ ਅਸਲ ਵਿਚ ਸਾਡੇ ਬਾਪੂ ਦੀ ਮੌਤ ਹੀ ਅੱਜ ਹੋਈ ਹੈ। ਪਹਿਲਾਂ ਤਾਂ ਜਿਵੇਂ ਅਸੀਂ ਐਵੇਂ ਹੀ ਰੋਂਦੇ ਰਹੇ ਆਂ ‘
ਪਹਿਲਾਂ ਬਾਪੂ ਮਰੇ ਤੋਂ ਸਬਰ ਕੀਤਾ, ਹੁਣ ਆਹ ਦੂਜੀ ਵਾਰ ਸਬਰ ਕਰਨਾ ਪੈ ਗਿਆ। ਐਥੇ ਦਾ ਯਾਰ ਹਾਲ ਈ ਮਾੜਾ ਤੇ ਇਸ ਮਾੜੇ ਨੂੰ ਚੰਗਾ ਕਰਨ ਲਈ ਅਜੇ ਕਈ ਕੁਝ ਕਰਨ ਦੀ ਲੋੜ ਹੈ। ਪਰ ਕਰੇ ਕੌਣ? ਕਰਨ ਵਾਲੇ ਤਾਂ ਅਜੇ ਵੀ ਗੂੜ੍ਹੀ ਨੀਂਦੇ ਸੁੱਤੇ ਪਏ ਨੇ। ਉਨ੍ਹਾਂ ਨੂੰ ਜਗਾਉਣ ਲਈ ਆਪ ਵੀ ਜਾਗਣ ਦੀ ਲੋੜ ਹੈ।