ਓਟਾਵਾ— ਕੈਨੇਡਾ ਆਪਣੇ ਬਾਇਓਮੀਟ੍ਰਿਕ ਪ੍ਰੋਗਰਾਮ ਦਾ ਪਸਾਰ ਕਰਨ ਜਾ ਰਿਹਾ ਹੈ, ਜਿਸ ‘ਚ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਬਾਇਓਮੀਟ੍ਰਿਕ ਡਾਟਾ ਨੂੰ ਇੱਕਠਾ ਕੀਤਾ ਜਾਵੇਗਾ, ਜਿਸ ‘ਚ ਫਿੰਗਰਪ੍ਰਿੰਟ ਤੇ ਫੋਟੋ ਸ਼ਾਮਲ ਹੈ। ਪਰ ਇਸ ‘ਤੇ ਮਾਹਰਾਂ ਦਾ ਕਹਿਣਾ ਹੈ ਕਿ ਇਸ ਪ੍ਰਕਿਰਿਆ ਨਾਲ ਲੋਕਾਂ ਦੀ ਪ੍ਰਾਈਵੇਸੀ ਦੇ ਅਧਿਕਾਰ ਦੀ ਉਲੰਘਣਾ ਹੋਵੇਗੀ।
ਇਹ ਪ੍ਰੋਗਰਾਮ ਦੋ ਸਾਲਾਂ ‘ਚ ਤਿਆਰ ਹੋਵੇਗਾ ਤੇ ਇਸ ਦੀ ਸ਼ੁਰੂਆਤ ਅਗਲੇ ਮਹੀਨੇ ਹੋਣ ਜਾ ਰਹੀ ਹੈ। ਯੂਰਪ, ਮੱਧ ਪੂਰਬ ਤੇ ਅਫਰੀਕਾ ਤੋਂ ਕੰਮ ਕਰਨ, ਪੜ੍ਹਾਈ ਕਰਨ ਤੇ ਇਮੀਗ੍ਰੇਟ ਹੋ ਕੇ ਕੈਨੇਡਾ ਆਉਣ ਵਾਲੇ ਲੋਕਾਂ ਦਾ ਬਾਇਓਮੀਟ੍ਰਿਕ ਡਾਟਾ ਇੱਕਠਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਹ ਪ੍ਰੋਗਰਾਮ ਉਨ੍ਹਾਂ ਵੀਜ਼ਾ ਬਿਨੈਕਾਰਾਂ ਤੱਕ ਸੀਮਿਤ ਹੁੰਦਾ ਸੀ, ਜਿਨ੍ਹਾਂ ਮੁਲਕਾਂ ਦੇ ਲੋਕਾਂ ਤੋਂ ਦੇਸ਼ ਨੂੰ ਕੋਈ ਖਤਰਾ ਹੁੰਦਾ ਸੀ ਜਾਂ ਫਿਰ ਰਫਿਊਜੀ ਤੇ ਪਨਾਹ ਹਾਸਲ ਕਰਨ ਦੇ ਚਾਹਵਾਨਾਂ ‘ਤੇ ਇਹ ਪ੍ਰੋਗਰਾਮ ਲਾਗੂ ਹੁੰਦਾ ਸੀ।
ਇਮੀਗ੍ਰੇਸ਼ਨ ਮਨਿਸਟਰ ਅਹਿਮਦ ਹੁਸੈਨ ਨੇ ਆਖਿਆ ਕਿ 30 ਤੋਂ 150 ਦੇਸ਼ਾਂ ਤੱਕ ਇਸ ਪ੍ਰੋਗਰਾਮ ਦੇ ਪਸਾਰ ਨਾਲ ਬਾਰਡਰ ਤੇ ਇਮੀਗ੍ਰੇਸ਼ਨ ਸਿਸਟਮ ਹੋਰ ਮਜ਼ਬੂਤ ਹੋਵੇਗਾ। ਅਸੀਂ ਇਸ ਨਾਲ ਤੇਜ਼ੀ ਨਾਲ ਕਿਸੇ ਵੀ ਟਰੈਵਲਰ ਦੀ ਪਛਾਣ ਪਤਾ ਲਾਉਣ ‘ਚ ਸਫਲ ਹੋਵਾਂਗੇ। ਇਹ ਬਾਇਓਮੀਟ੍ਰਿਕ ਡਾਟਾ ਕੈਨੇਡਾ ਦੇ ਕੌਮਾਂਤਰੀ ਖੁਫੀਆ ਭਾਈਵਾਲਾਂ, ਅਮਰੀਕਾ, ਯੂਕੇ, ਆਸਟਰੇਲੀਆ ਤੇ ਨਿਊਜ਼ੀਲੈਂਡ ਨਾਲ ਸਾਂਝਾ ਕੀਤਾ ਜਾਵੇਗਾ।