ਅਹਿਮਦਾਬਾਦ (ਪੀਟੀਆਈ) : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਐੱਸ ਸੋਮਨਾਥ ਨੇ ਕਿਹਾ ਹੈ ਕਿ ਭਾਰਤ ਦਾ ਪਹਿਲਾ ਸੂਰਜੀ ਮਿਸ਼ਨ ਆਦਿੱਤਿਆ ਐੱਲ-1 ਛੇ ਜਨਵਰੀ ਨੂੰ ਲੈਂਗ੍ਰੇਜੀਅਨ ਪੁਆਇੰਟ (ਐੱਲ1) ’ਤੇ ਪੁੱਜੇਗਾ। ਇਹ ਪਿ੍ਰਥਵੀ ਤੋਂ 1.5 ਮਿਲੀਅਨ ਕਿੱਲੋਮੀਟਰ ਦੂਰ ਸਥਿਤ ਹੈ। ਇਸ ਨੂੰ ਇਸਰੋ ਵੱਲੋਂ ਦੋ ਸਤੰਬਰ ਨੂੰ ਸ੍ਰੀ ਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ। ਮਿਸ਼ਨ ਦਾ ਉਦੇਸ਼ ਐੱਲ-1 ਤੋਂ ਸੂਰਜ ਦਾ ਅਧਿਐਨ ਕਰਨਾ ਹੈ।

ਇਕ ਸਮਾਗਮ ਦੌਰਾਨ ਸੋਮ ਨਾਥ ਨੇ ਕਿਹਾ ਕਿ ਜਦੋਂ ਉਹ ਐੱਲ-1 ਬਿੰਦੂ ’ਤੇ ਪੁੱਜੇਗਾ ਤਾਂ ਸਾਨੂੰ ਇਕ ਵਾਰ ਫਿਰ ਇੰਜਣ ਚਾਲੂ ਕਰਨਾ ਪਵੇਗਾ ਤਾਂ ਜੋ ਉਹ ਅੱਗੇ ਵੱਧ ਸਕੇ। ਇੱਥੇ ਐੱਲ-1 ਫਸ ਜਾਵੇਗਾ। ਆਦਿੱਤਿਆ ਐੱਲ-1 ਆਪਣੀ ਮੰਜ਼ਿਲ ’ਤੇ ਪੁੱਜਣ ਮਗਰੋਂ ਅਗਲੇ ਪੰਜ ਵਰਿ੍ਹਆਂ ਤੱਕ ਸੂਰਜ ’ਤੇ ਹੋਣ ਵਾਲੀਆਂ ਵੱਖ-ਵੱਖ ਘਟਨਾਵਾਂ ਦੀ ਜਾਣਕਾਰੀ ਹਾਸਿਲ ਕਰਨ ਵਿਚ ਮਦਦ ਕਰੇਗਾ। ਇਹ ਜਾਣਕਾਰੀ ਸਿਰਫ ਭਾਰਤ ਹੀ ਨਹੀਂ ਸਗੋਂ ਕੁਲ ਦੁਨੀਆ ਨੂੰ ਫ਼ਾਇਦਾ ਪਹੁੰਚਾਏਗੀ। ਇਸ ਤੋਂ ਹਾਸਿਲ ਅੰਕੜੇ ਸੂਰਜ ਦੀ ਗਤੀਸ਼ੀਲਤਾ ਤੇ ਸਾਡੇ ਜੀਵਨ ਤੱਕ ਇਸ ਦੇ ਅਸਰ ਨੂੰ ਸਮਝਣ ਵਿਚ ਅਹਿਮ ਸਾਬਤ ਹੋਵੇਗੀ।

ਭਾਰਤੀ ਪੁਲਾੜ ਸਟੇਸ਼ਨ ਬਣਾਉਣ ਦੀ ਯੋਜਨਾ

ਸੋਮ ਨਾਥ ਨੇ ਕਿਹਾ ਕਿ ਭਾਰਤ ਕਿਵੇਂ ਤਕਨੀਕੀ ਤੌਰ ’ਤੇ ਸ਼ਕਤੀਸ਼ਾਲੀ ਦੇਸ਼ ਬਣਨ ਜਾ ਰਿਹਾ ਹੈ, ਇਹ ਬਹੁਤ ਮਹੱਤਵਪੂਰਨ ਹੈ। ਇਸਰੋ ਨੇ ਪ੍ਰਧਾਨ ਮੰਤਰੀ ਦੀ ਹਦਾਇਤ ’ਤੇ ਅੰਮ੍ਰਿਤਕਾਲ ਦੌਰਾਨ ਭਾਰਤੀ ਪੁਲਾੜ ਕੇਂਦਰ ਬਣਾਉਣ ਦੀ ਯੋਜਨਾ ਬਣਾਈ ਹੈ, ਜਿਸ ਨੂੰ ਭਾਰਤੀ ਪੁਲਾੜ ਸਟੇਸ਼ਨ ਕਿਹਾ ਜਾਵੇਗਾ। ਪੁਲਾੜ ਖੇਤਰ ਵਿਚ ਅਸੀਂ ਨਵੇਂ ਲੋਕਾਂ ਦੀ ਆਮਦ ਵੇਖ ਰਹੇ ਹਾਂ। ਨਵੀਂ ਪੀੜ੍ਹੀ ਨੂੰ ਹਮਾਇਤ ਤੇ ਉਤਸ਼ਾਹ ਦੇ ਰਹੇ ਹਾਂ।