ਅਯੁੱਧਿਆ ‘ਚ ਬਣਨ ਵਾਲੇ ਵਿਸ਼ਾਲ ਮੰਦਰ ਲਈ ਭਗਵਾਨ ਰਾਮ ਲਲਾ ਦੀ ਮੂਰਤੀ ਦੀ ਚੋਣ ਪ੍ਰਕਿਰਿਆ ਪੂਰੀ ਹੋ ਗਈ ਹੈ। ਇਹ ਜਾਣਕਾਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਟਰੱਸਟੀ ਬਿਮਲੇਂਦਰ ਮੋਹਨ ਪ੍ਰਤਾਪ ਮਿਸ਼ਰਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸਾਰਿਆਂ ਦੀ ਸਹਿਮਤੀ ਨਾਲ ਚੁਣੀ ਗਈ ਮੂਰਤੀ ਅਗਲੇ ਮਹੀਨੇ ਪਾਵਨ ਸਰੂਪ ਲਈ ਲਿਆਂਦੀ ਜਾਵੇਗੀ। ਮਿਸ਼ਰਾ ਨੇ ਸ਼ੁੱਕਰਵਾਰ ਨੂੰ ਕਿਹਾ, ‘ਰਾਮ ਮੰਦਰ ਲਈ ਮੂਰਤੀ ਦੀ ਚੋਣ ਨੂੰ ਲੈ ਕੇ ਟਰੱਸਟ ਦੀ ਬੈਠਕ ਹੋਈ ਸੀ ਅਤੇ ਇਹ ਪ੍ਰਕਿਰਿਆ ਪੂਰੀ ਹੋ ਗਈ ਹੈ।’ ਜ਼ਿਕਰਯੋਗ ਹੈ ਕਿ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ ਅਯੁੱਧਿਆ ‘ਚ ਵਿਸ਼ਾਲ ਰਾਮ ਮੰਦਰ ਦੇ ਨਿਰਮਾਣ ਤੇ ਪ੍ਰਬੰਧਨ ਦੀ ਜ਼ਿੰਮੇਵਾਰੀ ਮਿਲੀ ਹੈ। ਟਰੱਸਟ ਨੇ ਭਗਵਾਨ ਰਾਮਲਲਾ ਦੀ ਮੂਰਤੀ ਜਿਸ ਨੂੰ ਅਗਲੇ ਮਹੀਨੇ ਵਿਸ਼ਾਲ ਮੰਦਰ ਦੇ ਪਾਵਨ ਅਸਥਾਨ ਦੇ ਅੰਦਰ ਸਥਾਪਿਤ ਕੀਤਾ ਜਾਣਾ ਹੈ, ਦੇ ਫੈਸਲੇ ‘ਤੇ ਵੋਟ ਪਾਉਣ ਲਈ ਬੈਠਕ ਕੀਤੀ।

ਬਿਮਲੇਂਦਰ ਮੋਹਨ ਪ੍ਰਤਾਪ ਮਿਸ਼ਰਾ ਨੂੰ ਮੂਰਤੀ ਚੋਣ ਪ੍ਰਕਿਰਿਆ ਦੇ ਮਾਪਦੰਡਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਮੂਰਤੀ ਤੁਹਾਡੇ ਨਾਲ ਗੱਲ ਕਰਦੀ ਹੈ। ਜਦੋਂ ਤੁਸੀਂ ਇਸਨੂੰ ਪਹਿਲੀ ਨਜ਼ਰ ‘ਚ ਦੇਖਦੇ ਹੋ ਤਾਂ ਤੁਸੀਂ ਮੰਤਰ-ਮੁਗਧ ਹੋ ਜਾਂਦੇ ਹੋ। ਉਨ੍ਹਾਂ ਕਿਹਾ ਕਿ ‘ਭਾਵੇਂ ਕਈ ਮੂਰਤੀਆਂ ਇਕੱਠੀਆਂ ਰੱਖੀਆਂ ਜਾਣਗੀਆਂ ਤਾਂ ਵੀ ਸਭ ਤੋਂ ਵਧੀਆ ਮੂਰਤੀ ‘ਤੇ ਨਜ਼ਰ ਟਿਕ ਹੀ ਜਾਵੇਗੀ। ਮਤਦਾਨ ਦੌਰਾਨ ਮੈਨੂੰ ਇੱਕ ਮੂਰਤੀ ਪਸੰਦ ਆਈ ਤੇ ਉਸ ਲਈ ਆਪਣੀ ਵੋਟ ਪਾਈ। ਇਸ ਸਬੰਧੀ ਅਗਲਾ ਫੈਸਲਾ ਚੰਪਤ ਰਾਏ ਨੇ ਕਰਨਾ ਹੈ। ਮਿਸ਼ਰਾ ਨੇ ਕਿਹਾ ਕਿ ਮੂਰਤੀ ਦੀ ਚੋਣ ਲਈ ਵੋਟਿੰਗ ਪ੍ਰਣਾਲੀ ਰੱਖੀ ਗਈ ਸੀ। ਅਸੀਂ ਆਪਣੀਆਂ ਤਰਜੀਹਾਂ ਦੱਸੀਆਂ। ਜ਼ਿਕਰਯੋਗ ਹੈ ਕਿ ਚੰਪਤ ਰਾਏ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਸਕੱਤਰ ਹਨ।

51 ਇੰਚ ਉੱਚੀ ਹੋਵੇਗੀ ਰਾਮਲਲਾ ਦੀ ਮੂਰਤੀ

ਚੰਪਤ ਰਾਏ ਨੇ ਦੱਸਿਆ ਸੀ ਕਿ ਰਾਮਲਲਾ ਦੀ ਮੂਰਤੀ 51 ਇੰਚ ਉੱਚੀ ਹੋਵੇਗੀ ਜੋ ਭਗਵਾਨ ਦੀ ਉਮਰ 5 ਸਾਲ ਦਰਸਾਏਗੀ। ਜਿਸ ਪ੍ਰਤਿਮਾ ਤੋਂ ਦਿਵਿਅਤਾ ਝਲਕੇਗੀ ਤੇ ਜਿਸ ਦਾ ਸਰੂਪ ਬੱਚਿਆਂ ਵਰਗਾ ਹੋਵੇਗਾ, ਉਸੇ ਨੰ ਚੁਣਿਆ ਜਾਵੇਗਾ। ਉੱਥੇ ਹੀ, ਰਾਮੇਸ਼ਵਰਮ ਤੋਂ ਤੋਹਫ਼ੇ ਵਜੋਂ ਆਈ 6 ਕੁਇੰਟਲ ਵਜ਼ਨ ਦੀ ਇਕ ਸ਼ਾਨਦਾਰ ਤੇ ਵੱਡੀ ਘੰਟੀ ਮੰਦਰ ‘ਚ ਸਥਾਪਿਤ ਕੀਤੀ ਜਾਵੇਗੀ। ਇਸ ਦੀ ਆਵਾਜ਼ ਮੰਦਰ ਤੋਂ 10 ਕਿਲੋਮੀਟਰ ਦੇ ਦਾਇਰੇ ‘ਚ ਸੁਣਾਈ ਦੇਵੇਗੀ। ਤਾਮਿਲਨਾਡੂ ਦੇ ਰਾਮੇਸ਼ਵਰਮ ਦੇ ਪ੍ਰਸਿੱਧ ਰਾਮਨਾਥ ਸਵਾਮੀ ਮੰਦਿਰ ਤੋਂ ਆਈ 613 ਕਿਲੋਗ੍ਰਾਮ ਵਜ਼ਨ ਵਾਲੀ ਇਸ ਵਿਸ਼ਾਲ ਘੰਟੀ ਨੂੰ ਵਰਕਸ਼ਾਪ ‘ਚ ਰੱਖਿਆ ਗਿਆ ਹੈ ਜਿੱਥੇ ਅਯੁੱਧਿਆ ‘ਚ ਰਾਮ ਮੰਦਰ ਬਣਾਉਣ ਲਈ ਪੱਥਰ ਉੱਕਰੇ ਤੇ ਕੱਟੇ ਜਾ ਰਹੇ ਹਨ। ਇਹ ਘੰਟੀ ਅਸ਼ਟਧਾਤੂ ਦੀ ਬਣੀ ਹੋਈ ਹੈ। ਇੰਨੀ ਵੱਡੇ ਘੰਟੇ ‘ਚ ਕਿਸੇ ਕਿਸਮ ਦਾ ਕੋਈ ਜੋੜ ਨਹੀਂ ਹੈ। ਇਹ ਇਕ ਵਾਰ ‘ਚ ਤਿਆਰ ਕੀਤਾ ਗਿਆ ਹੈ।