ਨਵੀਂ ਦਿੱਲੀ : ‘ਇਕ ਵਾਹਨ, ਇਕ ਫਾਸਟੈਗ’ ਮੁਹਿੰਮ ਸ਼ੁਰੂ ਕਰਨ ਦੇ ਨਾਲ ਐੱਨਐੱਚਏਆਈ ਨੇ ਟੋਲ ਪਲਾਜ਼ਾ ’ਚ ਲੋਕਾਂ ਨੂੰ ਹੋ ਰਹੀ ਦੇਰੀ ਅਤੇ ਅਸੁਵਿਧਾ ਨੂੰ ਦੂਰ ਕਰਨ ਲਈ 31 ਜਨਵਰੀ ਤੋਂ ਬਾਅਦ ਉਨ੍ਹਾਂ ਸਾਰੇ ਫਾਸਟੈਗ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ, ਜਿਨ੍ਹਾਂ ’ਚ ਕੇਵਾਈਸੀ ਪੂਰੀ ਨਹੀਂ ਹੈ। ਇਸ ਦਾ ਮਤਲਬ ਹੈ ਕਿ ਸਾਰਿਆਂ ਨੂੰ 31 ਜਨਵਰੀ ਤੱਕ ਇਹ ਯਕੀਨੀ ਬਣਾ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਫਾਸਟੈਗ ’ਚ ਕੇਵਾਈਸੀ ਪੂਰੀ ਹੋਵੇ। ਇਸ ਦਾ ਮਕਸਦ ਫਾਸਟੈਗ ’ਚ ਗੜਬੜੀ ਦੂਰ ਕਰਨਾ ਤੇ ਟੋਲ ਪਲਾਜ਼ਾ ’ਚ ਲੋਕਾਂ ਨੂੰ ਆਸਾਨ ਆਵਾਜਾਈ ਦੀ ਸਹੂਲਤ ਪ੍ਰਦਾਨ ਕਰਨਾ ਹੈ।

ਇਹ ਕਦਮ ਇਸ ਲਈ ਚੁੱਕਣਾ ਪਿਆ ਕਿਉਂਕਿ ਐੱਨਐੱਚਏਆਈ ਨੂੰ ਇਕ ਫਾਸਟੈਗ ਨਾਲ ਕਈ ਵਾਹਨ ਜੁੜੇ ਹੋਣ ਜਾਂ ਕਈ ਵਾਹਨਾਂ ’ਤੇ ਇਕ ਹੀ ਫਾਸਟੈਗ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਫਾਸਟੈਗ ਨੂੰ ਕੇਵਾਈਸੀ ਨਾਲ ਅਪਡੇਟ ਕਰਨ ਦਾ ਕੰਮ ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਆਪਣੇ ਨਵੇਂ ਫਾਸਟੈਗ ’ਚ ਕੇਵਾਈਸੀ ਦੀ ਪ੍ਰਕਿਰਿਆ ਛੇਤੀ ਤੋਂ ਛੇਤੀ ਪੂਰੀ ਕਰ ਲੈਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਨੂੰ 31 ਜਨਵਰੀ ਤੋਂ ਬਾਅਦ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਵਾਹਨ ’ਤੇ ਕੇਵਲ ਇਕ ਫਾਸਟੈਗ ਹੀ ਰੱਖਣਾ ਹੋਵੇਗਾ। ਇਸ ਤੋਂ ਪਹਿਲਾਂ ਜਾਰੀ ਕੀਤੇ ਗਏ ਸਾਰੇ ਫਾਸਟੈਗ ਸਬੰਧਤ ਲੋਕਾਂ ਨੂੰ ਬੈਂਕਾਂ ਜ਼ਰੀਏ ਖ਼ਾਰਜ ਕਰਵਾਉਣੇ ਪੈਣਗੇ। ਜਿਨ੍ਹਾਂ ਕੋਲ ਵਾਹਨ ’ਤੇ ਕਈ ਫਾਸਟੈਗ ਹਨ, ਉਨ੍ਹਾਂ ਨੂੰ ਨਵੇਂ ਫਾਸਟੈਗ ’ਚ ਹੀ ਕੇਵਾਈਸੀ ਪੂਰਾ ਕਰਨਾ ਹੈ।