ਗੀਤ ਸਾਡੇ ਰੂਹ ਦੀ ਖ਼ੁਰਾਕ ਹੈ। ਸੰਗੀਤ ਤੋਂ ਬਿਨਾਂ ਸਾਡੀ ਜ਼ਿੰਦਗੀ ਨੀਰਸ ਜਿਹੀ ਜਾਪਦੀ ਹੈ। ਜੇਕਰ ਪੰਜਾਬੀ ਗੀਤ-ਸੰਗੀਤ ਦੀ ਗੱਲ ਕਰੀਏ ਤਾਂ ਇਸ ਦੀ ਤੂਤੀ ਕੁੱਲ ਦੁਨੀਆ ਵਿਚ ਬੋਲਦੀ ਹੈ। ਸਮੇਂ ਦੇ ਨਾਲ-ਨਾਲ ਪੰਜਾਬੀ ਗੀਤ-ਸੰਗੀਤ ਵੀ ਅਨੇਕਾਂ ਪੜਾਵਾਂ ਵਿਚੋਂ ਲੰਘਿਆ ਹੈ। ਸਭ ਤੋਂ ਪਹਿਲਾਂ ਪੱਥਰ ਦੇ ਤਵਿਆਂ ਦਾ ਯੁੱਗ ਸੀ। ਉਸ ਤੋਂ ਬਾਅਦ ਲਾਖ ਦੇ ਤਵੇ, ਕੈਸਿਟ ਕਲਚਰ, ਸੀਡੀ, ਪੈਨ ਡਰਾਈਵ ਦਾ ਸਮਾਂ ਆਇਆ। ਇੱਕ ਸਮੇਂ ਵਿਚ ਈਪੀ, ਸੁਪਰ ਸੈਵਨ, ਐੱਲਪੀ ਰਿਕਾਰਡ ਤੇ ਕੈਸਿਟਾਂ ਵਿਚ ਇਕੋ ਗਾਇਕ ਦੇ ਕਈ ਕਈ ਗੀਤ ਰਿਕਾਰਡ ਹੁੰਦੇ ਸਨ ਪਰ ਹੁਣ ਸ਼ੋਸ਼ਲ ਮੀਡੀਏ ਦੇ ਜ਼ਮਾਨੇ ਵਿਚ ਗੱਲ ਸਿਰਫ਼ ‘ਸਿੰਗਲ ਟਰੈਕ’ ਗੀਤ ’ਤੇ ਆਕੇ ਮੁੱਕ ਜਾਂਦੀ ਹੈ। ਨਾ ਤਵਾ ਰਿਕਾਰਡ ਕਰਵਾਉਣ ਦੀ ਲੋੜ ਹੈ ਨਾ ਕੈਸਿਟ। ਬਸ! ਗੀਤ ਰਿਕਾਰਡ ਕਰਵਾ ਕੇ ਸ਼ੋਸਲ ਸਾਈਟਾਂ ’ਤੇ ਪਾ ਦਿੱਤਾ ਜਾਂਦਾ ਹੈ। ਇਨ੍ਹਾਂ ਸਾਈਟਾਂ ਦੇ ਲਾਈਕ, ਕੁਮੈਂਟ ਤੇ ਸ਼ੇਅਰ ਕੀਤੇ ਕਲਿੱਕਾਂ ਤੋਂ ਹੀ ਪਤਾ ਲੱਗਣਾ ਹੈ ਕਿ ਗਾਇਕ ਦਾ ਗੀਤ ਕਿਸ ਪੱਧਰ ’ਤੇ ਖੜ੍ਹਾ ਹੈ। ਲੋਕਾਂ ਨੇ ਹੁੰਗਾਰਾ ਦਿੱਤਾ ਹੈ ਜਾਂ ਨਹੀਂ। ਇਸ ਸਿੰਗਲ ਟਰੈਕ ਦੇ ਜ਼ਮਾਨੇ ਵਿਚ ਕਈ ਨਵੀਆਂ ਆਵਾਜ਼ਾਂ ਕਰੋੜਾਂ ਦੇ ਵਿਊ ਲੈ ਜਾਂਦੀਆਂ ਹਨ ਤੇ ਕਈ ਸਥਾਪਤ ਕਲਾਕਾਰ ਪਿੱਛੇ ਰਹਿ ਜਾਂਦੇ ਹਨ। ਕੁਝ ਵੀ ਹੋਵੇ ਪਰ ਕਿਹਾ ਇਹ ਜਾ ਸਕਦਾ ਹੈ ਕਿ ਪੰਜਾਬੀ ਸੰਗੀਤ ਦੀ ਧੱਕ ਬਾਲੀਵੁੱਡ ਤੱਕ ਪੈ ਰਹੀ ਹੈ, ਜਿਸ ਦੀ ਤਾਜ਼ਾ ਉਦਾਹਰਣ ਫਿਲਮ ‘ਐਨੀਮਲ’ ਵਿਚ ਗਾਇਕ ਭੁਪਿੰਦਰ ਬੱਬਲ ਦੇ ਗਾਏ ਗੀਤ ‘ਅਰਜਨ ਵੈਲੀ’ ਤੋਂ ਮਿਲਦੀ ਹੈ।

ਜੇਕਰ ਵਰ੍ਹਾ 2023 ਦੇ ਪੰਜਾਬੀ ਸੰਗੀਤ ਦੀ ਗੱਲ ਕਰੀਏ ਤਾਂ ਇਹ ਵਰ੍ਹਾਂ ਪੰਜਾਬੀ ਸੰਗੀਤ ਲਈ ਮਨਹੂਸ ਹੀ ਆਖਿਆ ਜਾ ਸਕਦਾ ਹੈ। ਇਸ ਵਰ੍ਹੇ ਦੌਰਾਨ ਕਿੰਨੀਆਂ ਹੀ ਸੁਰੀਲੀਆਂ ਆਵਾਜ਼ਾਂ ਤੇ ਕਲਮਾਂ ਸਾਡੇ ਕੋਲੋਂ ਸਦਾ ਲਈ ਵਿਛੜ ਗਈਆਂ, ਜਿਨ੍ਹਾਂ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ। ਸਭ ਤੋਂ ਪਹਿਲਾਂ 2 ਜਨਵਰੀ ਦੀ ਸ਼ਾਮ ਨੂੰ ਗੀਤਕਾਰ ਸਵਰਨ ਸਿੰਘ ਸਿਵੀਏ ਦਾ ਦੇਹਾਂਤ ਹੋ ਗਿਆ। ‘ਬਾਬਾ ਤੇਰਾ ਨਨਕਾਣਾ’, ‘ਕੰਧੇ ਸਰਹਿੰਦ ਦੀਏ’, ‘ਦਸਤਾਰਾਂ ਕੇਸਰੀ’, ‘ਪਟਨੇ ਸ਼ਹਿਰ ਵਿਚ ਚੰਨ ਚੜ੍ਹਿਆ’, ‘ਮਾਝੇ ਮਾਲਵੇ ਦੁਆਬੇ ਦੀ ਜੱਟੀਆਂ’, ‘ਲੱਕ ਦੇ ਹੁਲਾਰਿਆਂ ਦਾ ਮੁੱਲ’ ਤੇ ਹੋਰ ਸੈਂਕੜੇ ਗੀਤ ਸਿਵੀਏ ਦੀ ਕਲਮ ਦੀ ਉਪਜ ਸਨ। ਪਿੰਡ ਚੌਕੀਮਾਨ ਦਾ ਜੰਮਪਲ ਕੁੰਢਾ ਸਿੰਘ ਧਾਲੀਵਾਲ ਵੀ ਸਦੀਵੀ ਵਿਛੋੜਾ ਦੇ ਗਿਆ। ਉਸ ਦਾ ਲਿਖਿਆ ਗੀਤ ‘ਜੱਟ ਦਾ ਬੁਲਟ ਮਾਰੇ ਬੜਕਾਂ ਲੁਧਿਆਣਾ-ਮੋਗਾ ਰੋਡ ’ਤੇ’ ਕਾਫੀ ਚਰਚਿਤ ਰਿਹਾ ਸੀ। ਮਾਰਚ ਮਹੀਨੇ ਵਿਚ ਲਛਮਣ ਸਿੰਘ ਉਰਫ਼ ਨੂਰਦੀਪ ਉਪਲੀ ਤੇ ਅਪ੍ਰੈਲ ਵਿਚ ਗੀਤਕਾਰ ਜਿੰਦ ਸਵਾੜਾ ਵੀ ਸਾਥੋਂ ਵਿਛੜ ਗਏ। ਜਿੰਦ ਸਵਾੜਾ ਦੀ ਕਲਮ ਨੇ ਅਨੇਕਾਂ ਗੀਤ ਲਿਖੇ ਪਰ ਉਸ ਦੇ ‘ਜੇ ਛਣ-ਛਣ ਹੋਜੇ ਦਿਉਰ ਤੇਰੇ ਦੇ ਘਰ ਨੀ’ ਤੇ ‘ਕਿੱਕਲੀ ਪਾ ਕੇ’ ਗੀਤਾਂ ਨੇ ਪ੍ਰਸਿੱਧੀ ਖੱਟੀ ਸੀ। ਅਨੇਕ ਕਲਾਕਾਰਾਂ ਨੂੰ ਪ੍ਰਸਿੱਧੀ ਦਿਵਾਉਣ ਵਾਲੇ ਉੱਘੇ ਗਜ਼ਲਗੋ ਤੇ ਗੀਤਕਾਰ ਹਰਜਿੰਦਰ ਬੱਲ ਸੰਗੀਤ ਦਾ ਵਿਹੜਾ ਸੁੰਨਾ ਕਰ ਗਏ। ‘ਤੇਰੀ ਆਰਥੀ ਦੇ ਪਿੱਛੇ ਵੀ ਨਾ ਆਏ’, ‘ਵਿਕਜੇ ਜੇ ਅਣਖ ਕਿਸੇ ਦੀ’ (ਲਾਭ ਹੀਰਾ), ‘ਗਿੱਧੇ ਵਿਚ’ (ਕਰਤਾਰ ਰਮਲਾ), ਅੰਮਿ੍ਰਤਾ ਵਿਰਕ, ਗੁਰਦੇਵ ਚਹਿਲ, ਰੁਪਿੰਦਰ ਰਿੰਪੀ, ਸਰਬਜੀਤ ਤੇ ਗੁਰਜੀਤ ਧਾਲੀਵਾਲ ਵਰਗੇ ਕਲਾਕਾਰਾਂ ਲਈ ਗੀਤ ਲਿਖਣ ਵਾਲਾ ਪਾਲ ਗੜੁੱਦੀ ਵਾਲਾ ਵੀ ਅਚਨਚੇਤੀ ਤੁਰ ਗਿਆ।

ਗਾਇਕਾਂ ਵਿਚ ਲਾਡੀ ਪੱਡੇਕਿਆਂ ਵਾਲਾ ਤੇ ਕੰਵਰ ਚਹਿਲ 29 ਸਾਲਾਂ ਦੀ ਛੋਟੀ ਉਮਰੇ ਵਿਛੋੜਾ ਦੇ ਗਿਆ। ਕੰਵਰ ਭੀਖੀ ਨੇੜਲੇ ਕੋਟਲਾ ਕਲਾਂ ਦਾ ਜੰਮਪਲ ਸੀ। ਉਸ ਦੇ ਗੀਤ ‘ਮਾਝੇ ਦੀ ਜੱਟੀ’ ਦੇ ਤਿੰਨ ਕਰੋੜ ਵਿਊ ਸਨ। ਉਹ ਢਾਹਾ ਪੁਰਸਕਾਰ ਜੇਤੂ ਹਰਕੀਰਤ ਕੌਰ ਚਹਿਲ ਦਾ ਬੇਟਾ ਸੀ। ਜਨਾਬ ਬਾਕਰ ਹੂਸੈਨ ਦੀ ਸ਼ਗਿਰਦ ਗਾਇਕਾ ਸੁਦੇਸ਼ ਕਪੂਰ ਵੀ ਵਿਛੋੜਾ ਦੇ ਗਈ। 1970 ਵਿਚ ਉਨ੍ਹਾਂ ਦਾ ਗੀਤ ‘ਸ਼ਰਾਬੀਆਂ ਕਹਿਨਾ ਮੇਰਾ ਚਿੱਤ ਪਰਦਾ’ ਆਇਆ ਸੀ। ਉਸ ਨੇ ਰਮੇਸ਼ ਰੰਗੀਲਾ, ਸੁਰਿੰਦਰ ਛਿੰਦਾ ਆਦਿ ਨਾਲ ਦੋਗਾਣੇ ਰਿਕਾਰਡ ਕਰਵਾਏ ਸਨ। ਗਾਇਕ ਰੰਗਾ ਸਿੰਘ ਮਾਨ ਵੀ ਸਾਡੇ ਵਿਚਕਾਰ ਨਹੀਂ ਰਹੇ। ‘ਜਵਾਨੀ ਵੇਲੇ ਲੁੱਟੇ ਬਾਣੀਏ’, ‘ਮੈਂ ਚੰਨ ਦਾ ਟੁੱਕੜਾ’, ‘ਨਿਭਾਈਦੇ ਸਿਰਾ ਨਾਲ ਗੋਰੀਏ’, ‘ਕਿਸੇ ਦੀ ਲੱਗੀ ਕੌਣ ਜਾਣਦਾ’ ਤੇ ‘ਗੋਰੀਏ ਝਾਂਜਰ ਨਾ ਛਣਕਾ’ ਉਸ ਦੇ ਗਾਏ ਗੀਤ ਅੱਜ ਵੀ ਲੋਕਾਂ ਦੇ ਬੁੱਲਾਂ ’ਤੇ ਹਨ। ‘ਦੁਨੀਆਂ ਤਾਂ ਦੁਸ਼ਮਣ ਸੀ’ ਹਰ ਸਟੇਜ ’ਤੇ ਇਹ ਉਦਾਸ ਗੀਤ ਗਾਉਣ ਵਾਲਾ ਗਾਇਕ ਰਣਜੀਤ ਸਿੱਧੂ ਸੁਨਾਮ ਨੂੰ ਵੀ ਹੋਣੀ ਨੇ ਖੋਹ ਲਿਆ। ਉਸ ਦੀਆਂ ਕਈ ਚਰਚਿਤ ਕੈਸਿਟਾਂ ਮਾਰਕੀਟ ਵਿਚ ਆਈਆਂ ਸਨ। 26 ਜੁਲਾਈ ਨੂੰ ਸਵੇਰੇ ਪੰਜਾਬੀ ਗਾਇਕੀ ਦੇ ਥੰਮ੍ਹ ਕਲਾਕਾਰ ਸੁਰਿੰਦਰ ਛਿੰਦੇ ਦੀ ਮੌਤ ਦੀ ਖ਼ਬਰ ਪੰਜਾਬੀ ਸੰਗੀਤ ਦੇ ਵਿਹੜੇ ਨੂੰ ਸੁੰਨਾ ਕਰਕੇ ਤੁਰ ਗਈ। ਪੰਜਾਬੀ ਲੋਕ ਗਾਥਾਵਾਂ, ਓਪੇਰਿਆਂ ਤੇ ਦੋਗਾਣਿਆਂ ਨੂੰ ਜਿਸ ਸ਼ਿੱਦਤ ਨਾਲ ਛਿੰਦੇ ਨੇ ਗਾਇਆ ਹੈ, ਉਸ ਦਾ ਕੋਈ ਤੋੜ ਨਹੀਂ। ਉਨ੍ਹਾਂ ਨੇ ਅਨੇਕ ਪੰਜਾਬੀ ਫਿਲਮਾਂ ਵਿਚ ਆਪਣੀ ਅਵਾਜ਼ ਤੇ ਅਦਾਕਾਰੀ ਨਾਲ ਕਈ ਨਵੇਂ ਦਿਸਹੱਦੇ ਕਾਇਮ ਕੀਤੇ। ‘ਜਿਊਣਾ ਮੋੜ’, ‘ਜੰਨ ਚੜ੍ਹੀ ਅਮਲੀ ਦੀ’, ‘ਚਾਹ ਦੀ ਘੁੱਟ ਪਿਆਇਆ ਕਰ’ ਆਦਿ ਹਜ਼ਾਰਾਂ ਗੀਤ ਗਾਉਣ ਵਾਲੀ ਇਹ ਆਵਾਜ਼ ਹਮੇਸ਼ਾ ਚੇਤਿਆਂ ਵਿਚ ਵਸੀ ਰਹੇਗੀ।

ਤਵਿਆਂ ਤੋਂ ਲੈ ਕੇ ਕੈਸਿਟਾਂ ਤੱਕ, ਲੋਕ ਗਾਥਾਵਾਂ, ਬੀਰ ਰਸ ਤੇ ਹੋਰ ਗੀਤ ਗਾਉਣ ਵਾਲਾ ਬਾਵਾ ਸਿੰਘ ਸਿੱਧੂ (81) ਚੱਲ ਵਸਿਆ। ਚੜ੍ਹਦੇ ਨਵੰਬਰ ਵਿਚ ਹੀ ਉੱਚੀ ਹੇਕ ਤੇ ਗੜਕਵੀਂ ਆਵਾਜ਼ ਵਿਚ ਗਾਉਣ ਵਾਲੀ ਭੁਪਿੰਦਰ ਕੌਰ ਮੋਹਾਲੀ ਦੀ ਮੌਤ ਦੀ ਖ਼ਬਰ ਨਾਲ ਸੰਗੀਤ ਦੀ ਮਾਲਾ ’ਚੋਂ ਇਕ ਹੋਰ ਮਣਕਾ ਟੁੱਟ ਗਿਆ। ਉਸ ਨੇ ਨਿਰੋਲ ਲੋਕ ਗੀਤ ਗਾਏ। ‘ਮਿਰਜਾ’ ਤੇ ‘ਜੁਗਨੀ’ ਉਹ ਅਲਗੋਜਿਆਂ ਨਾਲ ਗਾਉਂਦੀ ਸੀ। ਉਸ ਦੀ ਕੈਸਿਟ ‘ਕੱਲ੍ਹ ਫੇਰ ਮਿਲਾਂਗੇ’ ਕਾਫੀ ਮਕਬੂਲ ਹੋਈ ਸੀ। ਗਾਇਕ ਜਸਵੀਰ ਵਿਯੋਗੀ, ਕਾਮੇਡੀ ਕਲਾਕਾਰ ਅੰਮਿ੍ਰਤਪਾਲ ਛੋਟੂ, ਅਨੇਕ ਕਲਾਕਾਰ ਦੇ ਗੀਤਾਂ ਵਿਚ ਤੂੰਬੀ ਦੀਆਂ ਸੁਰਾਂ ਛੇੜਨ ਵਾਲਾ ਨਿਰਮਲ ਭੜਕੀਲਾ ਉਰਫ਼ ਤੁਰੀਆ, ਕਾਲਾ ਢੋਲੀ ਤੇ ਦੀਦਾਰ ਸੰਧੂ ਦੇ ਪੇਟੀ ਮਾਸਟਰ ਸੁੱਖਾ ਸਿਆੜ ਵਾਲਾ ਤੇ ਸਾਲ ਦੇ ਅਖ਼ੀਰ ਵਿਚ ਆਪਣੇ ਬੇਟੇ ਸਰਦਾਰ ਸਿੱਧੂ ਨਾਲ ਸਟੇਜਾਂ ਸਾਂਝੀਆਂ ਕਰਨ ਵਾਲਾ ਗਾਇਕ ਸਿੱਧੂ ਮੈਦੇਵਾਸੀਆ ਵੀ ਸਾਥੋਂ ਸਦਾ ਲਈ ਵਿਛੜ ਗਏ। ਐੱਚਐੱਮਵੀ ਕੰਪਨੀ ਦੇ ਸਟਾਰ ਕਲਾਕਾਰ ਰਹੇ ਪ੍ਰਗਟ ਤੇਜੀ ਤੇ ਅਜੈਬ ਰਾਏ (ਮੈਂ ਡੀਪੂ ਦੀ ਖੰਡ) ਦੀ ਮੌਤ ਦੀਆਂ ਖ਼ਬਰਾਂ ਬਹੁਤ ਹੀ ਦੁੱਖਦਾਈ ਤੇ ਮੰਦਭਾਗੀਆਂ ਹਨ। ‘ਲੰਡਨੋ ਖੁਫ਼ੀਆਂ ਰਿਪੋਰਟਾਂ ਆਈਆਂ ਨੇ’ ਵਾਲਾ ਗਾਇਕ ਗੁਰਪ੍ਰੀਤ ਢੱਟ ਵੀ ਹਾਰਟ ਅਟੈਕ ਕਾਰਨ ਸੰਗੀਤ ਵਿਹੜੇ ਨੂੰ ਸੁੰਨਾ ਕਰ ਗਿਆ।

– ਮੇਜਰ ਸਿੰਘ ਜਖੇਪਲ