Ad-Time-For-Vacation.png

2017 ਪੰਜਾਬ ਚੋਣਾਂ ਦੇ ਨਤੀਜੇ

ਲੇਖਕ: ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਵੋਟ ਰਾਜਨੀਤੀ ਪੰਥਕ ਸਿਆਸਤ ਤੋਂ ਵੱਖ ਹੈ। ਪੰਜਾਬ ਦੀਆਂ ਵੋਟਾਂ ਪੰਥ ਦਾ ਇਕ ਨਿਗੂਣਾ ਜਿਹਾ ਹਿੱਸਾ ਹੈ। ਪੰਥ ਬਹੁਤ ਵਿਸ਼ਾਲ ਹੈ ਅਤੇ ਸਮੁੱਚੀ ਧਰਤੀ ਉਪਰ ਵਸਦੇ ਗੁਰਸਿੱਖਾਂ ਦਾ ਸਮੂਹ ਹੈ ਪਰ ਗੁਰੂ-ਲਿਵ ਤੋਂ ਟੁੱਟਿਆਂ ਨੇ ਵੋਟ ਰਾਜਨੀਤੀ ਦੀ ਸੋਝੀ ਨਾ ਹੋਣ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਆਪੋ-ਆਪਣੀ ਰਾਇ ਦਿੱਤੀ ਹੈ। ਵੋਟ ਰਾਜਨੀਤੀ ਦੇ ਕੋਈ ਘੜ੍ਹੇ-ਘੜ੍ਹਾਏ ਨਿਯਮ ਵੀ ਨਹੀਂ ਹਨ ਕਿ ਹਰ ਥਾਂ ਇਕੋ ਜਿਹੇ ਲਾਗੂ ਹੋਣ।ਗੁਪਤ ਵੋਟ ਪ੍ਰਣਾਲੀ ਹੋਣ ਕਾਰਨ ਇਸਦਾ ਸਬੰਧ ਮਨੁੱਖੀ ਮਨ ਨਾਲ ਜੁੜਦਾ ਹੈ ਇਸ ਲਈ ਵੋਟ ਰਾਜਨੀਤੀ ਦਾ ਸਬੰਧ ਮਨੋਵਿਗਆਨ ਨਾਲ ਵੀ ਬਣਦਾ ਹੈ ਅਤੇ ਦੁਨੀਆ ਵਿਚ ਸਭ ਤੋਂ ਗੁੰਝਲਦਾਰ ਮਨ ਹੀ ਹੈ ਜਿਸਨੂੰ ਸਮਝਣ ਵਿਚ ਭਾਵੇਂ ਮੁਲਕਾਂ ਦੀ ਰਾਜਨੀਤੀ ਕਾਮਯਾਬ ਹੋਵੇ ਜਾਂ ਨਾ ਹੋਵੇ ਪਰ ਉਸਨੂੰ ਕੁਝ ਹੱਦ ਤੱਕ ਕਾਬੂ ਜਾਂ ਖਾਸ ਦਿਸ਼ਾ ਵੱਲ ਸੇਧਤ ਕਰਨ ਵਿਚ ਕਾਮਯਾਬ ਹੋ ਜਾਂਦੀ ਹੈ। ਇਸ ਅਵਸਥਾ ਅਧੀਨ ਮਨੁੱਖ ਇਹਨਾਂ ਚੋਣਾਂ ਵਰਗੇ ਫੈਸਲੇ ਹੀ ਲੈਂਦਾ ਹੈ।ਪੰਥ ਵਲੋਂ ਲਏ ਫੈਸਲੇ ਤਦ ਹੀ ਸਹੀ ਸਿੱਧ ਹੋ ਸਕਦੇ ਹਨ ਜਦ ਉਹ ਗੁਰੂ-ਲਿਵ ਵਿਚ ਜੁੜ ਕੇ ਲਏ ਜਾਣ, ਦੁਨਿਆਵੀਂ ਸਵਾਰਥਾਂ ਜਾਂ ਪਰ-ਅਧੀਨ ਪ੍ਰਬੰਧਾਂ ਦੇ ਮਾਇਆ-ਜਾਲ ਵਿਚ ਫਸ ਕੇ ਲਏ ਫੈਸਲੇ ਸਹੀ ਨਹੀਂ ਹੋ ਸਕਦੇ।ਗੁਰੂ-ਲਿਵ ਤੋਂ ਟੁੱਟ ਕੇ ਪਾੜ ਕੇ ਰੱਖਣ ਵਾਲੇ ਪ੍ਰਬੰਧਾਂ ਅਧੀਨ ਸੋਚ ਰੱਖਣ ਨਾਲ ਪੰਥ ਵੀ ਪਾਟਿਆ ਨਜ਼ਰੀ ਆਉਂਦਾ ਹੈ। ਵੱਖ-ਵੱਖ ਪਰ-ਅਧੀਨ ਪ੍ਰਬੰਧਾਂ ਵਿਚ ਸੱਤਾ ਪ੍ਰਾਪਤੀ ਕਰਕੇ ਜੇ ਪੰਥ ਦੇ ਸਾਂਝੇ ਹਿੱਤਾਂ ਲਈ ਕਾਰਜ ਕੀਤੇ ਜਾਣ ਤਾਂ ਉਹ ਠੀਕ ਕਹੇ ਜਾ ਸਕਦੇ ਹਨ।ਪਰ-ਅਧੀਨ ਪ੍ਰਬੰਧਾਂ ਰਾਹੀਂ ਪੰਥ ਦੀ ਦਿਸ਼ਾ ਤੇ ਦਸ਼ਾ ਨੂੰ ਤਹਿ ਕਰਨਾ ਗੁਰੂ ਤੋਂ ਬੇਮੁਖਤਾ ਹੀ ਹੋਵੇਗੀ।

ਪੰਥ ਦਾ ਪੰਜਾਬ ਵਸਦਾ ਬਹੁਤਾ ਹਿੱਸਾ ਬਾਦਲ ਦਲ ਦੀ ਹਾਰ ਤੋਂ ਖੁਸ਼ ਹੈ ਪਰ ਉਹ ਬਾਦਲਾਂ ਨੂੰ ਹਰਾ ਕੇ ਉਸ ਧਿਰ ਨੂੰ ਲਿਆਉਂਣਾ ਨਹੀਂ ਸੀ ਚਾਹੁੰਦਾ ਜਿਸ ਵਿਚ ਸੁਯੋਗ ਅਗਵਾਈ, ਸਿਧਾਂਤਾਂ-ਨੀਤੀਆਂ ਤੇ ਸਪੱਸ਼ਟਤਾ ਦੀ ਘਾਟ ਸੀ, ਜੋ ਕੇਵਲ 10 ਸਾਲਾਂ ਦੇ ਬਾਦਲ ਵਿਰੋਧੀ ਰੁਖ ਦਾ ਫਾਇਦਾ ਲੈਣਾ ਚਾਹੁੰਦੀ ਸੀ। ਇਸ ਗੱਲ ਤੋਂ ਕਈ ਬਹੁਤ ਨਰਾਜ਼ ਹਨ ਕਿ ਕਾਂਗਰਸ ਜਿੱਤ ਗਈ ਪਰ ਅਸਲ ਵਿਚ ਕਾਂਗਰਸ ਨਹੀਂ ਜਿੱਤੀ, ਕੈਪਟਨ ਅਮਰਿੰਦਰ ਸਿੰਘ ਜਿੱਤਿਆ ਹੈ, ਜੇ ਕਾਂਗਰਸ ਜਿੱਤੀ ਹੁੰਦੀ ਤਾਂ ਭੱਠਲ, ਜਾਖੜ ਤੇ ਕੇ.ਪੀ ਵਰਗੇ ਵੀ ਜਿੱਤੇ ਹੁੰਦੇ।

ਪੰਥ ਦਾ ਪੰਜਾਬ (ਭਾਰਤੀ ਉਪ-ਮਹਾਂਦੀਪ) ਤੋਂ ਬਾਹਰ ਵਸਦਾ ਇਕ ਆਪ ਸਮਰਥਕ ਹਿੱਸਾ ਪੰਜਾਬੀਆਂ ਨੂੰ ਦੋਸ਼ ਦੇ ਕੇ ਆਪਣੇ ਗੁੱਸੇ ਅਤੇ ਨਮੋਸ਼ੀ ਦਾ ਵਿਖਾਵਾ ਕਰ ਰਿਹਾ ਹੈ ਪਰ ਉਹਨਾਂ ਨੂੰ ਪਹਿਲੀ ਵਾਰ ਚੋਣਾਂ ਲੜ੍ਹ ਕੇ 22 ਸੀਟਾਂ ਲੈ ਕੇ ਵੀ ਸੰਤੋਖ ਨਹੀਂ ਆ ਰਿਹਾ ਅਤੇ ਪੰਜਾਬੀਆਂ ਨੂੰ “ਖਾਓ ਪੰਜ ਸਾਲ ਹੋਰ ਛਿੱਤਰ” ਦੇ ਨਿਹੋਰੇ ਮਾਰ ਰਹੇ ਹਨ। ਉਹਨਾਂ ਨੂੰ ਪਤਾ ਨਹੀਂ ਜਾਂ ਜਾਣ-ਬੁਝ ਕੇ ਮਚਲੇ ਬਣ ਰਹੇ ਹਨ ਕਿ ਜੇ ਆਪ ਦੀ ਸਰਕਾਰ ਵੀ ਆ ਜਾਂਦੀ ਤਾਂ ਵੀ ਪੰਜਾਬੀਆਂ ਦੇ ਛਿੱਤਰ ਹੀ ਪੈਣੇ ਸਨ ਕਿਉਂਕਿ ਰਾਜ ਪ੍ਰਬੰਧ ਲਈ ਨਿਯਮ ਉਹਨਾਂ ਦੇ ਮੁਲਕਾਂ ਵਿਚ ਨਹੀਂ ਸਨ ਘੜ੍ਹੇ ਜਾਣੇ ਸਗੋਂ 70 ਸਾਲ ਪਹਿਲਾਂ ਘੜ੍ਹੇ ਨਿਯਮਾਂ ਮੁਤਾਬਕ ਹੀ ਰਾਜ ਚੱਲਣਾ ਸੀ।

ਪੰਜਾਬ ਵਿਧਾਨ ਸਭਾ ਚੋਣਾਂ ਵਿਚ ਤਿੰਨ-ਧਿਰੀ ਮੁਕਾਬਲਾ ਸੀ।ਬਾਦਲ ਦਲ-ਭਾਜਪਾ, ਕਾਂਗਰਸ ਅਤੇ ਆਪ ਸਭ ਦਿੱਲੀ ਦੀਆਂ ਪਾਰਟੀਆਂ ਹਨ ਅਤੇ ਨਿਗੂਣੀਆਂ ਤਬਦੀਲੀਆਂ ਦੇ ਬਾਵਜੂਦ ਇਕ ਹੀ ਹਨ । ਇਹਨਾਂ ਤੋਂ ਇਲਾਵਾ ਆਮ ਹਲਾਤਾਂ ਵਿਚ ਕੋਈ ਹੋਰ ਪਾਰਟੀ ਵੀ ਆਉਂਦੀ ਹੈ ਤਾਂ ਉਹ ਵੀ ਇਹਨਾਂ ਵਾਂਗ ਹੀ ਹੋਵੇਗੀ। ਖਾਸ ਹਲਾਤਾਂ, ਕ੍ਰਿਸ਼ਮਈ ਸਖਸ਼ੀਅਤਾਂ ਅਤੇ ਉੱਚ-ਆਚਰਣ ਨਾਲ ਵੱਡੇ ਫਰਕ ਪੈ ਸਕਦੇ ਹਨ। ਸਭ ਪਾਰਟੀਆਂ ਵਿਚ ਵਿਚਰਦੇ ਮਨੁੱਖਾਂ ਵਿਚੋਂ ਕਈਆਂ ਵਿਚ ਕੋਈ ਗੁਣ ਜਾਂ ਔਗੁਣ ਭਾਰੂ ਹੈ ਅਤੇ ਕਈਆਂ ਵਿਚ ਕੋਈ ਹੋਰ, ਪਰ ਹਊਮੈਂ ਦੀਰਘ ਰੋਗ ਸਭ ਵਿਚ ਹੈ। ਇਹ ਪ੍ਰਬੰਧ ਇਸ ਦੀਰਘ ਰੋਗ ਦਾ ਦਾਰੂ ਨਹੀਂ ਦਿੰਦਾ ਸਗੋਂ ਸੱਤਾ-ਸ਼ੋਹਰਤ-ਮਾਇਆ ਦਾ ਨਸ਼ਾ ਇਸ ਰੋਗ ਨੂੰ ਵਧਾ ਦਿੰਦਾ ਹੈ ਅਤੇ ਇਹ ਪ੍ਰਬੰਧ ਮਨੁੱਖ ਦੀਆਂ ਵਿਕਾਰੀ ਬਿਰਤੀਆਂ ਨੂੰ ਠੱਲਣ ਦੀ ਥਾਂ ਉਹਨਾਂ ਨੂੰ ਅੱਗ ਵਿਚ ਘਿਓ ਪਾਉਂਣ ਵਾਂਗ ਭੜਕਾਉਂਦਾ ਹੈ।

ਕਿੱਕਰ ਬੀਜ ਕੇ ਬਿਜੌਰੀ ਦਾਖਾਂ ਖਾਣ ਦੀ ਲਾਲਸਾ ਤੇ ਉੱਨ ਕੱਤ ਕੇ ਰੇਸ਼ਮ ਪਾਉਂਣ ਦੀ ਇੱਛਾ ਨਾ ਤਾਂ ਬਾਬਾ ਫਰੀਦ ਜੀ ਦੇ ਵੇਲੇ ਪੂਰੀ ਹੁੰਦੀ ਸੀ ਅਤੇ ਨਾ ਹੀ ਅੱਜ ਪੂਰੀ ਹੋ ਸਕਦੀ ਹੈ ਕਿਉਂਕਿ ਗੁਰਬਾਣੀ ਵਲੋਂ ਦਰਸਾਏ ਨਿਯਮ ਕਾਲ ਤੋਂ ਰਹਿਤ ਹਨ ਜੋ ਕਿਸੇ ਸਮੇਂ-ਸਥਾਨ ਨਾਲ ਨਹੀਂ ਬੱਝੇ ਹੋਏ।ਵੋਟ ਰਾਜਨੀਤੀ ਰਾਹੀਂ ਇਸ ਸਿਸਟਮ ਨੇ ਭ੍ਰਿਸ਼ਟ ਹੀ ਉਸਾਰਿਆ ਅਤੇ ਭ੍ਰਿਸ਼ਟ ਹੀ ਕੀਤਾ ਹੈ ਅਤੇ ਜਦੋਂ ਬੀਜ ਹੀ ਭ੍ਰਿਸ਼ਟਾਚਾਰ, ਬੇਈਮਾਨੀਆਂ, ਨਿੱਜ-ਸਵਾਰਥ ਤੇ ਚਤਰਾਈਆਂ-ਚਲਾਕੀਆਂ ਦਾ ਬੀਜਿਆ ਗਿਆ ਹੋਵੇ ਤਾਂ ਉਸ ਵਿਚੋਂ ਸਦ-ਗੁਣਾਂ ਦੀ ਭਾਲ ਕਰਨੀ ਸਦਾ ਹੀ ਮੂਰਖਤਾ ਹੀ ਰਹੇਗੀ, ਹਾਂ ਸੰਤੋਖ ਆ ਜਾਵੇ ਤਾਂ ਫਿਰ ਬਾਤਾਂ ਹੀ ਕਿਆ!

ਵੋਟ ਰਾਜਨੀਤੀ ਵਿਚ ਪੰਜਾਬੀਆਂ ਤੇ ਖਾਸ ਕਰ ਸਿੱਖਾਂ ਦੀਆਂ ਦੋ ਪੀੜੀਆਂ ਪੂਰੀ ਤਰ੍ਹਾਂ ਫਸ ਚੁੱਕੀਆਂ ਹਨ ਅਤੇ ਤੀਜੀ ਫਸਣ ਨੂੰ ਤਿਆਰ ਖੜੀ ਹੈ। ਵੋਟਾਂ ਮੰਗਣ ਵਾਲਿਆਂ ਤੇ ਵੋਟਾਂ ਪਾਉਂਣ ਵਾਲਿਆਂ ਦੇ ਮਨਾਂ ਦੀਆਂ ਗੁੰਝਲਾਂ ਤੇ ਔਗੁਣਾਂ ਵਿਚ ਦਿਨ-ਪਰ-ਦਿਨ ਵਾਧਾ ਹੀ ਹੋਇਆ ਹੈ ਪਰ 1984 ਤੋਂ ਬਾਅਦ ਜਿਆਦਾ ਸਮਾਂ ਵੋਟ ਰਾਜਨੀਤੀ ਤੋਂ ਵਿਹੂਣਾ ਰਹਿਣ ਜਾਂ ਵੋਟਾਂ ਦਾ ਬਾਈਕਾਟ ਕਰਨ ਦੇ ਨਤੀਜੇ ਵਜੋਂ ਅਜੇ ਵੀ ਸਿਸਟਮ ਵਲੋਂ ਵੋਟ ਰਾਜਨੀਤੀ ਰਾਹੀਂ ਨਕਾਰਾ ਬਣਾਉਂਣ ਤੋਂ ਕਈ ਬਚੇ ਹੋਏ ਹਨ ਜੋ ਇਸਦੇ ਪ੍ਰਭਾਵਾਂ ਤੋਂ ਮੁਕਤ ਹੋ ਕੇ ਸੋਚਣ ਦਾ ਦਮ ਰੱਖਦੇ ਹਨ ਅਤੇ ਅਸਲ ਵਿਚ ਉਹ ਹੀ ਪੰਥ ਦੇ ਕੇਂਦਰੀ ਧੁਰੇ ਪੰਜਾਬ ਦਾ ਭਲਾ ਸੋਚਣ ਦੇ ਯਤਨ ਵਿਚ ਕਾਮਯਾਬ ਹੋ ਸਕਦੇ ਹਨ ਪਰ ਉਹ ਸੋਚ ਗੁਰੂ-ਲਿਵ ਵਿਚ ਜੁੜਿਆਂ ਹੀ ਅਹੁੜਣੀ ਹੈ ਨਹੀਂ ਤਾਂ ਦਹਾਕਿਆਂ ਤੋਂ ਕੰਠ ਗੁਰਬਾਣੀ ਵੀ ਕਈ ਵਾਰ ਨਿਤਨੇਮ ਕਰਦਿਆਂ ਮਨ ਵਿਚੋਂ ਖੁੰਝ ਜਾਂਦੀ ਹੈ।ਪੰਥ ਲਈ ਵੋਟ ਰਾਜਨੀਤੀ ਜਲ ਵਿਚ ਕਮਲ ਅਲੇਪ ਵਾਲੀ ਹੀ ਕਾਮਯਾਬ ਹੋਵੇਗੀ।ਪੰਥ ਸਹਿਜ ਵਿਚ ਵਿਚਰਦਿਆਂ ਨਿਰੰਤਰ ਸੰਘਰਸ਼ ਦਾ ਨਾਮ ਹੈ ਜਿਸ ਵਿਚ ਦੁੱਖ-ਸੁੱਖ, ਖੁਸ਼ੀ-ਗਮੀ ਨੂੰ ਸਮ ਕਰ ਜਾਣਨ ਦਾ ਸਦ-ਗੁਣ ਹੈ ਜੋ ਖਾਲਸਾ ਨੂੰ ਪ੍ਰਾਪਤ ਹੈ ਅਤੇ ਖਾਲਸੇ ਦੀ ਸਦਾ ਫਤਿਹ ਹੀ ਹੈ ਪਰ ਉਹ ਫਤਿਹ ਹੈ ਅਸਲ ਵਿਚ ਵਾਹਿਗੁਰੂ ਜੀ ਦੀ ਅਤੇ ਨਾਲ ਪਹਿਲਾਂ ਸ਼ਰਤ ਹੈ ਕਿ ਫਤਿਹ ਖਾਲਸੇ ਦੀ ਤਾਂ ਹੈ ਜੇ ਪਹਿਲਾਂ ਖਾਲਸਾ ਵਾਹਿਗੁਰੂ ਜੀ ਦਾ ਹੋਵੇ।

ਹੁਣ ਜੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਇਕ ਗੱਲ ਸਾਫ ਹੈ ਕਿ ਪੰਜਾਬ ਦੇ ਲੋਕ ਅਤੇ ਖਾਸ ਕਰ ਸਿੱਖ ਬਾਦਲ-ਭਾਜਪਾ ਸਰਕਾਰ ਤੋਂ ਦੁਖੀ ਸਨ, ਦੂਜਾ ਉਹ ਕੋਈ ਠੋਸ ਬਦਲ ਚਾਹੁੰਦੇ ਸਨ ਜਿਸ ਲਈ ਪਹਿਲਾਂ ਉਹਨਾਂ ਆਪ ਵੱਲ ਝੁਕਾਅ ਕੀਤਾ ਪਰ ਉਹਨਾਂ ਦੀਆਂ ਪਹਿਲੀਆਂ ਪਾਰਟੀਆਂ ਵਾਂਗ ਹੀ ਕੀਤੀਆਂ ਜਾਂਦੀਆਂ ਊਣਤਾਈਆਂ ਤੋਂ ਲੋਕ ਅਵਾਜਾਰ ਹੋ ਗਏ ਅਤੇ ਲੋਕਾਂ ਨੇ ਅੰਤਲੇ ਸਮੇਂ ਤੱਕ ਆਪ ਵਿਚ ਦਿਨੋਂ-ਦਿਨ ਵੱਧਦੇ ਵਿਵਾਦਾਂ ਕਾਰਨ, ਬਰਾਂਡ ਬਣ ਚੁੱਕੇ ਤੇ ਪਹਿਲਾਂ ਪਰਖੇ ਕੈਪਟਨ ਅਮਰਿੰਦਰ ਸਿੰਘ ਵੱਲ ਮੂੰਹ ਕਰ ਲਿਆ ਪਰ ਇਸ ਸਮੇਂ ਦੌਰਾਨ ਆਪ ਦੀਆਂ ਕੁਝ ਹਲਕਿਆਂ ਵਿਚ ਪਹਿਲਾਂ ਤੋਂ ਵਿਚਰਦੀਆਂ ਚੰਗੀਆਂ ਸਖਸ਼ੀਅਤਾਂ ਦਾ ਆਧਾਰ ਬਣ ਚੁੱਕਾ ਸੀ ਉਹ ਹੀ ਬਾਅਦ ਵਿਚ ਸਫਲ ਹੋਏ।ਬਾਦਲ ਦਲ ਵਲੋਂ 1984 ਲਈ ਕਾਂਗਰਸ ਨੂੰ ਦੋਸ਼ੀ ਠਹਿਰਾਉਂਣ ਦਾ ਮੁੱਦਾ ਕੈਪਟਨ ਕਰਕੇ ਨਹੀਂ ਚੱਲਦਾ ਅਤੇ ਹੁਣ ਆਆਪਾ ਸਮਰਥਕਾਂ ਵਲੋਂ ਪੰਜਾਬੀਆਂ ਨੂੰ 1984 ਦੇ ਦੋਸ਼ੀਆਂ ਨੂੰ ਸੱਤਾ ਸੌਂਪਣ ਦੇ ਨਿਹੋਰਿਆਂ ਨੂੰ ਵੀ ਕਿਸੇ ਨੇ ਨਹੀਂ ਮੰਨਣਾ ਕਿਉਂਕਿ ਵੋਟਾਂ ਬਾਦਲ-ਭਾਜਪਾ ਸਰਕਾਰ ਤੋਂ ਦੁਖੀ ਹੋ ਕੇ ਪਈਆਂ ਹਨ ਤੇ ਬਾਦਲ-ਭਾਜਪਾ ਦੀ ਥਾਂ 1849 ਵਿਚ ਅੰਗਰੇਜ਼ਾਂ ਨਾਲ ਰਲ ਕੇ ਸਿੱਖ ਰਾਜ ਖੋਹਣ ਵਾਲੇ ਪੂਰਬੀਆਂ ਦੇ ਹੱਥ ਪੰਜਾਬ ਦੀ ਕਮਾਨ ਦੇਣ ਦੀ ਥਾਂ ਬਦਲੇ ਹਲਾਤਾਂ ਮੁਤਾਬਕ ਕਾਂਗਰਸ ਵਿਚ ਸ਼ਾਮਲ ਕੈਪਟਨ ਨੂੰ ਸੱਤਾ ਦੀ ਚਾਬੀ ਦੇਣਾ ਸੁਖਾਲਾ ਸੀ ਕਿਉਂਕਿ ਕੈਪਟਨ ਦਾ ਸੁਭਾਓ ਅੜ੍ਹਬ ਤੇ ਜਜਬਾਤੀ ਹੈ ਅਤੇ ਵਰਤਮਾਨ ਤੇ ਆਉਂਦੇ ਦਿਨਾਂ ਵਿਚ ਪੰਜਾਬ ਵਿਚ ਪੈਦਾ ਹੋਣ ਵਾਲੇ ਹਲਾਤਾਂ ਲਈ ਅਜਿਹਾ ਸੁਭਾਓ ਹੀ ਲੋਂੜੀਦਾ ਹੈ ਅਤੇ ਅਜਿਹਾ ਹੀ ਦਿੱਲੀ ਦੀ ਕੇਂਦਰੀ ਸਰਕਾਰ ਨੂੰ ਚਾਹੀਦਾ ਹੈ।

ਅੰਤ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਵੋਟ ਰਾਜਨੀਤੀ ਨੂੰ ਸਹੀ ਤਰ੍ਹਾਂ ਸਮਝਦਿਆਂ ਭੂਤ ਨੂੰ ਭੂਲਾ ਕੇ ਅਤੇ ਭਵਿੱਖ ਨੂੰ ਅਣਡਿੱਠ ਕਰਕੇ ਵਕਤੀ ਰੂਪ ਵਿਚ ਸਹੀ ਫੈਸਲਾ ਕੀਤਾ ਹੈ ਜਾਂ ਕਹਿ ਸਕਦੇ ਹਾਂ ਕਿ ਉਹਨਾਂ ਕੋਲ ਇਸ ਸਮੇਂ ਹੋਰ ਕੋਈ ਢੁਕਵਾਂ ਮਜਬੂਤ ਬਦਲ ਨਹੀਂ ਸੀ।ਪੰਜਾਬੀਆਂ ਨੇ ‘ਉਤਰ ਕਾਟੋ ਮੈਂ ਚੜ੍ਹਾਂ’ ਵਾਲਿਆਂ ਚੋਣ ਤਾਂ ਕਰ ਲਈ ਹੈ, ਹੁਣ ਇਹ ਤਾਂ ਆਉਂਣ ਵਾਲਾ ਸਮਾਂ ਹੀ ਦੱਸੇਗਾ ਕਿ ਉਹ ਪੰਜਾਬ ਦੀਆਂ ਮੁਸ਼ਕਲਾਂ ਦਾ ਕੀ ਹੱਲ ਕਰਦੇ ਹਨ। ਸੋ ਆਸ ਹੈ ਕਿ ਪੰਜਾਬ ਵਿਚ ਵਸਦਾ ਹਰ ਮਨੁੱਖ ਤੇ ਖਾਸ ਕਰਕੇ ਸਿੱਖ ਅਖਵਾਉਣ ਵਾਲਾ ਮਨੁੱਖ ਆਪਨੜੇ ਗਿਰੀਵਾਨ ਵਿਚ ਸਿਰ ਨੀਵਾਂ ਕਰਕੇ ਦੇਖਣ ਦੀ ਜਾਚ ਲੈ ਕੇ ਅਗਾਹਾਂ ਨੂੰ ਤ੍ਰਾਘੇ ਤਾਂ ਕਿ ਸਾਨੂੰ ਇਸ ਸਿਸਟਮ ਦੀ ਸਮਝ ਗੁਰੂ-ਲਿਵ ਵਿਚ ਜੁੜ ਕੇ ਆ ਜਾਵੇ ਤੇ ਅਸੀਂ ਸਰਬੱਤ ਦੇ ਭਲੇ ਅਤੇ ਰਾਜ ਕਰੇਗਾ ਖਾਲਸਾ ਦਾ ਆਵਾਜਾ ਰੋਜ ਬੁਲੰਦ ਕਰਨ ਦੇ ਨਾਲ-ਨਾਲ ਇਸਦੀ ਆਪਸੀ ਸਮਤੋਲਤਾ ਨੂੰ ਸਮਝ ਕੇ ਪੰਥਕ ਸਿਆਸਤ ਨੂੰ ਸਹੀ ਦਿਸ਼ਾ ਦੇ ਸਕੀਏ।

Share:

Facebook
Twitter
Pinterest
LinkedIn
matrimonail-ads
On Key

Related Posts

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.