ANI, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਮੈਂਬਰਾਂ ਵੱਲੋਂ ਉਪ ਪ੍ਰਧਾਨ ਜਗਦੀਪ ਧਨਖੜ ਦੀ ਨਕਲ ਕਰਨ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਪ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ‘ਐਕਸ’ ‘ਤੇ ਪੋਸਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟੈਲੀਫੋਨ ਆਇਆ ਸੀ। ਉਨ੍ਹਾਂ ਕੱਲ੍ਹ ਸੰਸਦ ਕੰਪਲੈਕਸ ‘ਚ ਕੁਝ ਸੰਸਦ ਮੈਂਬਰਾਂ ਦੀਆਂ ਘਿਨਾਉਣੀਆਂ ਹਰਕਤਾਂ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ।

ਉਪ ਰਾਸ਼ਟਰਪਤੀ ਨੇ ਕਿਹਾ, ‘ਪੀਐਮ ਮੋਦੀ ਨੇ ਮੈਨੂੰ ਦੱਸਿਆ ਕਿ ਉਹ ਪਿਛਲੇ ਵੀਹ ਸਾਲਾਂ ਤੋਂ ਇਸ ਤਰ੍ਹਾਂ ਦੇ ਅਪਮਾਨ ਸਹਿ ਰਹੇ ਹਨ, ਪਰ ਇਹ ਤੱਥ ਕਿ ਭਾਰਤ ਦੇ ਉਪ ਰਾਸ਼ਟਰਪਤੀ ਵਰਗੇ ਸੰਵਿਧਾਨਕ ਅਹੁਦੇ ਦੇ ਨਾਲ ਤੇ ਉਹ ਵੀ ਸੰਸਦ ਵਿੱਚ ਅਜਿਹਾ ਹੋ ਸਕਦਾ ਹੈ, ਮੰਦਭਾਗਾ ਹੈ। ਮੈਂ ਉਨ੍ਹਾਂ ਨੂੰ ਕਿਹਾ – ਪ੍ਰਧਾਨ ਮੰਤਰੀ, ਕੁਝ ਲੋਕਾਂ ਦੀਆਂ ਹਰਕਤਾਂ ਮੈਨੂੰ ਰੋਕ ਨਹੀਂ ਸਕਣਗੀਆਂ। ਮੈਂ ਆਪਣਾ ਫਰਜ਼ ਨਿਭਾ ਰਿਹਾ ਹਾਂ ਤੇ ਸਾਡੇ ਸੰਵਿਧਾਨ ‘ਚ ਦਰਜ ਸਿਧਾਂਤਾਂ ਨੂੰ ਬਰਕਰਾਰ ਰੱਖ ਰਿਹਾ ਹਾਂ। ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਉਨ੍ਹਾਂ ਕਦਰਾਂ-ਕੀਮਤਾਂ ਲਈ ਵਚਨਬੱਧ ਹਾਂ। ਕੋਈ ਵੀ ਅਪਮਾਨ ਮੇਰਾ ਰਸਤਾ ਨਹੀਂ ਬਦਲ ਸਕਦਾ।’