ਸੁਸ਼ੀਲ ਕੁਮਾਰ ਸ਼ਸ਼ੀ,ਲੁਧਿਆਣਾ: ਘਰ ਦੀ ਸਾਫ- ਸਫਾਈ ਲਈ ਰੱਖੀ ਨੌਕਰਾਣੀ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਸਾਫ਼ ਕਰਕੇ ਰਫੂ ਚੱਕਰ ਹੋ ਗਈ । ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ 32 ਸੈਕਟਰ ਚੰਡੀਗੜ੍ਹ ਰੋਡ ਦੀ ਰਹਿਣ ਵਾਲੀ ਦੀਪਿਕਾ ਗੁਲੇਰੀਆ ਦੀ ਸ਼ਿਕਾਇਤ ‘ਤੇ ਨਿਊ ਮੋਤੀ ਨਗਰ ਵਾਸੀ ਪੂਜਾ ਉਰਫ ਪ੍ਰੀਆ ਖਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਜਾਂਚ ਅਧਿਕਾਰੀ ਏਐਸਆਈ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਬੁੱਧਵਾਰ ਦੁਪਹਿਰ ਤੋਂ ਬਾਅਦ ਪੂਜਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਦੀਪਿਕਾ ਗੁਲੇਰੀਆ ਦੇ ਪਤੀ ਵਿਦੇਸ਼ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਇੱਕ ਬੇਟੀ ਦਿੱਲੀ ਵਿੱਚ ਪੜ੍ਹਾਈ ਕਰਦੀ ਹੈ ਜਦਕਿ ਦੂਸਰੀ ਵਿਦੇਸ਼ ਵਿੱਚ ਪੜ੍ਹ ਰਹੀ ਹੈ। ਦੀਪਿਕਾ ਨੇ ਆਪਣੇ ਘਰ ਦਾ ਹੇਠਲਾ ਪੋਰਸ਼ਨ ਸਾਧੂ ਸਿੰਘ ਨਾਮ ਦੇ ਵਿਅਕਤੀ ਨੂੰ ਕਿਰਾਏ ‘ਤੇ ਦਿੱਤਾ ਹੋਇਆ ਹੈ। ਤਕਰੀਬਨ 20 ਦਿਨ ਪਹਿਲੋਂ ਦੀਪਿਕਾ ਨੇ ਪੂਰੇ ਘਰ ਦੀ ਸਾਫ ਸਫਾਈ ਲਈ ਪੂਜਾ ਉਰਫ ਪ੍ਰੀਆ ਨਾਮ ਦੀ ਔਰਤ ਨੂੰ ਰੱਖਿਆ ਸੀ। ਸਵੇਰੇ 8 ਵਜੇ ਦੇ ਕਰੀਬ ਜਦ ਕਿਰਾਏਦਾਰ ਸਾਧੂ ਸਿੰਘ ਨੇ ਆਪਣੀ ਅਲਮਾਰੀ ਚੈੱਕ ਕੀਤੀ ਤਾਂ ਉਸਨੇ ਦੇਖਿਆ ਕਿ ਅਲਮਾਰੀ ‘ਚੋਂ 60 ਹਜਾਰ ਰੁਪਏ ਦੀ ਨਕਦੀ ਗਾਇਬ ਸੀ। ਨੌਕਰਾਣੀ ‘ਤੇ ਸ਼ੱਕ ਪੈਣ ਤੇ ਦੀਪਿਕਾ ਨੇ ਘਰ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਅਲਮਾਰੀਆਂ ‘ਚੋਂ ਸੋਨੇ ਦੇ ਗਹਿਣੇ ਜਿਨ੍ਹਾਂ ਵਿੱਚ ਦੋ ਚੂੜੀਆਂ, ਦੋ ਸੈਟ, ਦੋ ਟੋਪਸ ਦੇ ਜੋੜੇ, ਇੱਕ ਵਾਲੀਆਂ ਦਾ ਜੋੜਾ, ਇੱਕ ਡਾਇਮੰਡ ਨੋਜ ਪਿਨ, ਇੱਕ ਗੋਲਡ ਨੋਜ ਪਿਨ, ਦੋ ਮੁੰਦਰੀਆਂ ਅਤੇ ਵੱਡੇ ਟੋਪਸ ਚੋਰੀ ਹੋ ਚੁੱਕੇ ਸਨ। ਇਸ ਸਬੰਧੀ ਦੀਪਿਕਾ ਗੁਲੇਰੀਆ ਨੇ ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ । ਉਧਰੋਂ ਇਸ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਾਰਵਾਈ ਕਰਦਿਆਂ ਨਿਊ ਮੋਤੀ ਨਗਰ ਦੀ ਰਹਿਣ ਵਾਲੀ ਪੂਜਾ ਉਰਫ ਪ੍ਰੀਆ ਖਿਲਾਫ ਚੋਰੀ ਦਾ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਤਫਤੀਸ਼ ਦੇ ਦੌਰਾਨ ਔਰਤ ਕੋਲੋਂ ਕਈ ਖੁਲਾਸੇ ਹੋ ਸਕਦੇ ਹਨ ।

ਨਹੀਂ ਕਰਵਾਈ ਗਈ ਪੁਲਿਸ ਵੈਰੀਫਿਕੇਸ਼ਨ

ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਦੀਪਿਕਾ ਗੁਲੇਰੀਆ ਨੇ ਨੌਕਰਾਣੀ ਰੱਖਣ ਤੋਂ ਪਹਿਲੋਂ ਉਸਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਸੀ ਕਰਵਾਈ । ਤਫਤੀਸ਼ ਦੌਰਾਨ ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕੀਤਾ ਪਰ ਜੇਕਰ ਉਹ ਪੁਲਿਸ ਦੇ ਹੱਥ ਨਾ ਆਉਂਦੀ ਤਾਂ ਵੈਰੀਫਿਕੇਸ਼ਨ ਨਾ ਹੋਣ ਦੇ ਚਲਦੇ ਉਸ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਜਾਂਦਾ। ਕਾਬਲੇ ਗੌਰ ਹੈ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸਾਫ ਤੌਰ ਤੇ ਆਦੇਸ਼ ਦਿੱਤੇ ਹੋਏ ਹਨ ਕਿ ਕੋਈ ਵੀ ਨੌਕਰ ਰੱਖਣ ਤੋਂ ਪਹਿਲੋਂ ਉਸ ਦੀ ਪੁਲਿਸ ਵੈਰੀਫਿਕੇਸ਼ਨ ਜਰੂਰ ਕਰਵਾਈ ਜਾਵੇ, ਪਰ ਜ਼ਿਆਦਾਤਰ ਸ਼ਹਿਰਵਾਸੀ ਇਸ ਨੂੰ ਨਜ਼ਰ ਅੰਦਾਜ਼ ਕਰਦੇ ਹਨ। ਇਹੀ ਕਾਰਨ ਹੈ ਕਿ ਬਾਅਦ ਵਿੱਚ ਉਨ੍ਹਾਂ ਨੂੰ ਆਪਣੇ ਜਾਨ ਮਾਲ ਦਾ ਨੁਕਸਾਨ ਕਰਵਾ ਕੇ ਖਾਮਿਆਜਾ ਭੁਗਤਣਾ ਪੈਂਦਾ ਹੈ।