ਜਾ.ਸ, ਵਾਰਾਨਸੀ : ਇਸ ਸਾਲ ਮਕਰ ਸੰਕ੍ਰਾਂਤੀ 15 ਜਨਵਰੀ ਨੂੰ ਮਨਾਈ ਜਾਵੇਗੀ। ਧਨੂ ਤੋਂ ਮਕਰ ਰਾਸ਼ੀ ’ਚ ਦਾਖ਼ਲ ਹੁੰਦੇ ਹੀ ਸੂਰਜ ਉੱਤਰਾਇਣ ਹੋਣਗੇ ਤੇ ਇਸਦੇ ਨਾਲ ਹੀ ਖਰਮਾਸ ਖ਼ਤਮ ਹੋਵੇਗਾ। ਅਗਲੇ ਦਿਨ ਯਾਨੀ 16 ਜਨਵਰੀ ਤੋਂ ਵਿਆਹ ਆਦਿ ਸ਼ੁੱਭ ਕਰਮਾਂ ਦੇ ਲਗਨ ਮਹੂਰਤ ਸ਼ੁਰੂ ਹੋ ਜਾਣਗੇ। ਰੋਸ਼ਨੀ ਦੇ ਉਪਾਸਕ ਤੇ ਖੇਤੀ ਸਭਿਅਤਾ ’ਤੇ ਆਧਾਰਤ ਭਾਰਤੀ ਸੰਸਕ੍ਰਿਤੀ ਦੇ ਲੋਕ ਇਸਨੂੰ ਖੁਸ਼ੀ ਦੇ ਤਿਉਹਾਰ ਵਜੋਂ ਮਨਾਉਂਦੇ ਹਨ। ਇਹ ਤਿਉਹਾਰ ਉੱਤਰ ਪ੍ਰਦੇਸ਼, ਬਿਹਾਰ, ਆਦਿ ਸੂਬਿਆਂ ’ਚ ਖਿਚੜੀ, ਪੰਜਾਬ ’ਚ ਮਾਘੀ, ਰਾਜਸਥਾਨ ਤੇ ਗੁਜਰਾਤ ’ਚ ਉੱਤਰਾਇਣ, ਅਸਾਮ ’ਚ ਮਾਘ ਬਿਹੂ, ਉੱਤਰਾਖੰਡ ’ਚ ਘੁਘਲੀ ਜਾਂ ਖਿਚੜੀ ਸੰਕ੍ਰਾਂਤੀ ਤੇ ਦੱਖਣੀ ਭਾਰਤ ’ਚ ਪੋਂਗਲ ਨਾਂ ਨਾਲ ਮਨਾਇਆ ਜਾਂਦਾ ਹੈ।

ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਜੋਤਿਸ਼ ਵਿਭਾਗ ਦੇ ਸਾਬਕਾ ਚੇਅਰਮੈਨ ਪ੍ਰੋ. ਵਿਨੇ ਕੁਮਾਰ ਪਾਂਡੇ ਨੇ ਕਿਹਾ ਕਿ ਜੋਤਿਸ਼ ਸ਼ਾਸਤਰ ’ਚ ਸੰਕ੍ਰਾਂਤੀ ਦਾ ਅਰਥ ਸੂਰਜ ਜਾਂ ਕਿਸੇ ਵੀ ਗ੍ਰਹਿ ਦਾ ਇਕ ਰਾਸ਼ੀ ਤੋਂ ਦੂਜੀ ਰਾਸ਼ੀ ’ਚ ਪ੍ਰਵੇਸ਼ ਹੈ। ਸੂਰਜ ਜਦੋਂ ਮਕਰ ਰਾਸ਼ੀ ’ਚ ਦਾਖ਼ਲ ਹੁੰਦਾ ਹੈ ਤਾਂ ਮਕਰ ਸੰਕ੍ਰਾਂਤੀ ਕਹਾਉਂਦਾ ਹੈ। ਸੰਕ੍ਰਾਂਤੀ ਦੇ ਸਮੇਂ ਤੋਂ 20 ਘਟੀ (ਅੱਠ ਘੰਟੇ) ਪਹਿਲਾਂ ਤੇ 20 ਘਟੀ (ਅੱਠ ਘੰਟੇ) ਬਾਅਦ ਤੱਕ ਪੁੰਨ ਦਾ ਕਾਲ ਹੁੰਦਾ ਹੈ। ਇਸ ਸਮੇਂ ’ਚ ਤੀਰਥ ਆਦਿ ’ਚ ਇਸ਼ਨਾਨ-ਦਾਨ ਦਾ ਵਿਧਾਨ ਹੈ। ਇਸ ਸਾਲ ਸੂਰਜ 15 ਜਨਵਰੀ ਨੂੰ ਸਵੇਰੇ 9.13 ਵਜੇ ਮਕਰ ਰਾਸ਼ੀ ’ਚ ਦਾਖਲ ਹੋਵੇਗਾ।

———–

ਉੱਤਰਾਇਣ ਹੈ ਦੇਵਤਿਆਂ ਦਾ ਦਿਨ

ਜੋਤਿਸ਼ ਸ਼ਾਸਤਰ ’ਚ ਉੱਤਰਾਇਣ ਦੇ ਸਮੇਂ ਦੇਵਤਿਆਂ ਦਾ ਦਿਨ ਤੇ ਦੱਖਣਾਇਣ ਦੇਵਤਿਆਂ ਦੀ ਰਾਤ ਕਹਾਉਂਦੀ ਹੈ। ਇਸ ਤਰ੍ਹਾਂ ਮਕਰ ਸੰਕ੍ਰਾਂਤੀ ਦੇਵਤਿਆਂ ਦਾ ਸਵੇਰ ਕਾਲ ਹੈ। ਇਸ ਖਾਸ ਤਰੀਕ ’ਤੇ ਇਸ਼ਨਾਨ-ਦਾਨ, ਜੱਪ-ਤੱਪ, ਸ਼ਰਾਧ-ਅਨੁਸ਼ਠਾਨ ਆਦਿ ਦਾ ਜ਼ਿਆਦਾ ਮਹੱਤਵ ਹੈ। ਮਕਰ ਸੰਕ੍ਰਾਂਤੀ ’ਤੇ ਕੀਤਾ ਗਿਆ ਦਾਨ 100 ਗੁਣਾ ਹੋ ਕੇ ਪੁੰਨ ਆਦਿ ਹੁੰਦਾ ਹੈ। ਗੰਗਾ, ਪ੍ਰਯਾਗਰਾਜ ’ਚ ਸੰਗਮ ਸਮੇਤ ਨਜ਼ਦੀਕੀ ਪਵਿੱਤਰ ਨਦੀਆਂ-ਸਰੋਵਰਾਂ, ਕੁੰਡਾਂ ’ਚ ਇਸ਼ਨਾਨ ਕਰ ਕੇ ਅਰਕ ਤੇ ਦਾਨ ਦਾ ਵਿਸ਼ੇਸ਼ ਮਹੱਤਵ ਹੈ।

——–

ਸੂਰੀਆ ਸਹਿਸਰਨਾਮ, ਆਦਿੱਤਿਆ ਹਿਰਦੇਸਰੋਤ ਦਾ ਪਾਠ ਕਰੋ

ਸ਼ਾਸਤਰਾਂ ਮੁਤਾਬਕ, ਇਸ ਦਿਨ ਇਸ਼ਨਾਨ ਮਗਰੋਂ ਸੂਰੀਆ ਸਹਿਸਰਨਾਮ, ਆਦਿੱਤਿਆ ਹਿਰਦੇਸਰੋਤ, ਸੂਰੀਆ ਚਾਲੀਸਾ, ਸੂਰੀਆ ਮੰਤਰ ਆਦਿ ਦਾ ਪਾਠ ਕਰ ਕੇ ਸੂਰਜ ਦੀ ਪੂਜਾ ਕਰਨੀ ਚਾਹੀਦੀ ਹੈ। ਗੁੜ-ਤਿਲ, ਕੰਬਲ, ਖਿਚੜੀ, ਚੌਲ ਆਦਿ ਪੁਰੋਹਤਾਂ ਜਾਂ ਗ਼ਰੀਬਾਂ ਨੂੰ ਦਾਨ ਕਰਨਾ ਚਾਹੀਦਾ ਹੈ। ਵਾਯੂ ਪੁਰਾਣ ’ਚ ਮਕਰ ਸੰਕ੍ਰਾਂਤੀ ’ਤੇ ਤਾਂਬੂਲ ਦਾਨ ਦਾ ਖਾਸ ਮਹੱਤਵ ਦੱਸਿਆ ਗਿਆ ਹੈ।