ਹਰੇਕ ਮਹੀਨੇ ਦੀ ਇਕ ਤਰੀਕ ਤੋਂ ਵਿੱਤੀ ਸੇਵਾਵਾਂ ਸਮੇਤ ਵੱਖ-ਵੱਖ ਤਰ੍ਹਾਂ ਦੇ ਨਿਯਮਾਂ ਵਿਚ ਤਬਦੀਲੀ ਹੁੰਦੀ ਹੈ। ਇਕ ਜਨਵਰੀ 2024 ਤੋਂ ਵੀ ਕਈ ਨਿਯਮਾਂ ਵਿਚ ਤਬਦੀਲੀ ਹੋਣ ਜਾ ਰਹੀ ਹੈ। ਇਸ ’ਚ ਬੈਂਕ ਲਾਕਰ ਤੋਂ ਲੈ ਕੇ ਯੂਪੀਆਈ ਆਈਡੀ, ਨਵਾਂ ਸਿਮ ਕਾਰਡ ਲੈਣ ਤੇ ਆਧਾਰ ’ਚ ਤਬਦੀਲੀ ਵਰਗੇ ਕਈ ਨਿਯਮ ਸ਼ਾਮਲ ਹਨ। ਨਿਯਮਾਂ ’ਚ ਹੋਣ ਵਾਲੀਆਂ ਇਨ੍ਹਾਂ ਤਬਦੀਲੀਆਂ ’ਤੇ ਪੜ੍ਹੋ ਬਿਜ਼ਨੈੱਸ ਡੈਸਕ ਦੀ ਰਿਪੋਰਟ…

ਗ਼ੈਰ-ਸਰਗਰਮ ਯੂਪੀਆਈ ਆਈਡੀ ’ਤੇ ਨਹੀਂ ਲੈ ਸਕੋਗੇ ਭੁਗਤਾਨ

ਭਾਰਤੀ ਕੌਮੀ ਭੁਗਤਾਨ ਨਿਗਮ (ਐੱਨਪੀਸੀਆਈ) ਨੇ ਗ਼ੈਰ-ਸਰਗਰਮ ਪਈ ਯੂਪੀਆਈ ਆਈਡੀ ਨੂੰ ਲੈ ਕੇ ਸਖ਼ਤ ਰੁਖ਼ ਅਪਣਾਇਆ ਹੈ। ਐੱਨਪੀਸੀਆਈ ਨੇ ਨਵੰਬਰ ’ਚ ਬੈਂਕਾਂ ਤੇ ਪੇਟੀਐੱਮ, ਗੂਗਲ ਪੇ ਵਰਗੇ ਪੇਮੇਂਟਸ ਐਪਸ ਨੂੰ ਕਿਹਾ ਸੀ ਕਿ ਜਿਸ ਯੂਪੀਆਈ ਆਈਡੀ ’ਤੇ ਇਕ ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਕੋਈ ਲੈਣ-ਦੇਣ ਨਹੀਂ ਹੋਇਆ ਹੈ, ਉਸ ਨੂੰ 31 ਦਸੰਬਰ ਤੱਕ ਇਨਐਕਟਿਵ ਕਰ ਦਿੱਤਾ ਜਾਵੇਗਾ। ਇਸ ਦਾ ਮਤਲਬ ਇਹ ਹੈ ਕਿ ਇਕ ਜਨਵਰੀ ਤੋਂ ਅਜਿਹੀ ਯੂਪੀਆਈ ਆਈਡੀ ’ਤੇ ਤੁਸੀਂ ਕੋਈ ਭੁਗਤਾਨ ਹਾਸਲ ਨਹੀਂ ਕਰ ਸਕੋਗੇ।

ਜਮ੍ਹਾਂ ਕਰ ਸਕਦੇ ਹਾਂ ਆਈਟੀਆਰ

ਇਨਕਮ ਟੈਕਸ ਵਿਭਾਗ ਨੇ ਵਿੱਤੀ ਸਾਲ 2023-24 ’ਚ ਕੀਤੀ ਗਈ ਕਮਾਈ ਦਾ ਰਿਟਰਨ (ਆਈਟੀਆਰ) ਜਮ੍ਹਾਂ ਕਰਨ ਲਈ ਫਾਰਮ-1 ਤੇ 4 ਨੋਟੀਫਾਈ ਕਰ ਦਿੱਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਆਈਟੀਆਰ ਫਾਰਮ-1 ਤੇ 4 ਦੇ ਘੇਰੇ ’ਚ ਆਉਣ ਵਾਲੇ ਕਰਦਾਤਾ ਆਪਣਾ ਰਿਟਰਨ ਫਾਈਲ ਕਰ ਸਕਦੇ ਹਨ। ਉਥੇ, ਵਿੱਤੀ ਸਾਲ 2022-23 ’ਚ ਕੀਤੀ ਗਈ ਕਮਾਈ ਲਈ ਆਈਟੀਆਰ ਭਰਨ ਦੀ ਆਖ਼ਰੀ ਤਰੀਕ 31 ਦਸੰਬਰ ਹੈ। ਹਾਲਾਂਕਿ, ਇਸ ਲਈ ਕਰਦਾਤਾਵਾਂ ਨੂੰ ਪੰਜ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਵੀ ਦੇਣਾ ਪਵੇਗਾ। ਇਸ ਤੋਂ ਇਲਾਵਾ ਸੋਧੀ ਆਈਟੀਆਰ ਭਰਨ ਦੀ ਆਖ਼ਰੀ ਤਰੀਕ ਵੀ 31 ਦਸੰਬਰ ਹੀ ਹੈ।

ਸੋਧਿਆ ਸਮਝੌਤਾ ਨਾ ਕਰਨ ’ਤੇ ਫ੍ਰੀਜ਼ ਹੋ ਜਾਵੇਗਾ ਬੈਂਕ ਲਾਕਰ

ਆਰਬੀਆਈ ਨੇ ਸਾਰੇ ਗਾਹਕਾਂ ਨੂੰ ਆਪਣੇ ਬੈਂਕ ਲਾਕਰ ਲਈ ਬੈਕਾਂ ਨਾਲ ਸੋਧਿਆ ਸਮਝੌਤਾ ਕਰਨ ਦੀ ਤਰੀਕ 31 ਦਸੰਬਰ ਤੈਅ ਕੀਤੀ ਹੈ। ਜੋ ਗਾਹਕ ਆਪਣੇ ਬੈਕਾਂ ਨਾਲ ਸੋਧਿਆ ਸਮਝੌਤਾ ਨਹੀਂ ਕਰ ਸਕਣਗੇ, ਉਨ੍ਹਾਂ ਦੇ ਬੈਂਕ ਲਾਕਰ ਇਕ ਜਨਵਰੀ 2024 ਤੋਂ ਫ੍ਰੀਜ਼ ਕਰ ਦਿੱਤੇ ਜਾਣਗੇ।

ਆਧਾਰ ’ਚ ਅਪਡੇਟ ਲਈ ਦੇਣਾ ਪਵੇਗਾ ਪੈਸਾ

ਇਕ ਜਨਵਰੀ ਤੋਂ ਆਧਾਰ ਕਾਰਡ ’ਚ ਕਿਸੇ ਵੀ ਤਰ੍ਹਾਂ ਦੀ ਅਪਡੇਟ ਜਾਂ ਤਬਦੀਲੀ ਕਰਵਾਉਣ ਲਈ ਪੈਸਾ ਦੇਣਾ ਪਵੇਗਾ। ਇਕ ਜਨਵਰੀ 2024 ਤੋਂ ਤੁਹਾਨੂੰ ਹਰੇਕ ਤਰ੍ਹਾਂ ਦੀ ਤਬਦੀਲੀ ਲਈ 50 ਰੁਪਏ ਦੀ ਅਦਾਇਗੀ ਕਰਨੀ ਪਵੇਗੀ। 31 ਦਸੰਬਰ 2023 ਤੱਕ ਆਧਾਰ ’ਚ ਤਬਦੀਲੀ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ।

ਸਿਮ ਲੈਣ ਲਈ ਫਾਰਮ ਭਰਨ ਤੋਂ ਮੁਕਤੀ

ਇਕ ਜਨਵਰੀ 2024 ਤੋਂ ਖਪਤਕਾਰਾਂ ਨੂੰ ਸਿਮ ਕਾਰਡ ਲੈਣ ਲਈ ਫਾਰਮ ਭਰਨ ਤੋਂ ਮੁਕਤੀ ਮਿਲ ਜਾਵੇਗੀ। ਦੂਰਸੰਚਾਰ ਵਿਭਾਗ ਮੁਤਾਬਕ, ਇਕ ਜਨਵਰੀ ਤੋਂ ਖਪਤਕਾਰ ਆਧਾਰ ਰਾਹੀਂ ਡਿਜ਼ੀਟਲ ਕੇਵਾਈਸੀ ਕਰਵਾ ਕੇ ਨਵਾਂ ਸਿਮ ਲੈ ਸਕਣਗੇ।

ਬੀਮਾਂ ਕੰਪਨੀਆਂ ਵੱਖ ਤੋਂ ਦੇਣਗੀਆਂ ਪਾਲਿਸੀ ਦੀ ਮੁੱਖ ਜਾਣਕਾਰੀ

ਤਕਨੀਕੀ ਮੁਸ਼ਕਲਾਂ ਤੇ ਪਾਲਿਸੀ ਦੀਆਂ ਸ਼ਰਤਾਂ ਨੂੰ ਚੰਗੀ ਤਰ੍ਹਾਂ ਜਾਨਣ ਦੇ ਟੀਚੇ ਨਾਲ ਬੀਮਾ ਰੈਗੂਲੇਟਰੀ ਇਰਡਾ ਨੇ ਬੀਮਾ ਕੰਪਨੀਆਂ ਨੂੰ ਕਿਹਾ ਕਿ ਉਹ ਗਾਹਕਾਂ ਨੂੰ ਪਾਲਿਸੀ ਨਾਲ ਜੁੜੀ ਮੁੱਖ ਜਾਣਕਾਰੀ ਵੱਖਰੇ ਤੌਰ ’ਤੇ ਉਪਲੱਬਧ ਕਰਵਾਉਣ। ਇਸ ਲਈ ਇਰਡਾ ਨੇ ਕਿ ਫਾਰਮੈਟ ਵੀ ਤਿਆਰ ਕੀਤਾ ਹੈ। ਇਕ ਜਨਵਰੀ ਤੋਂ ਬੀਮਾ ਕੰਪਨੀਆਂ ਨੂੰ ਇਸੇ ਫਾਰਮੈਟ ’ਚ ਪਾਲਿਸੀ ਦੀ ਮੁੱਖ ਜਾਣਕਾਰੀ ਗਾਹਕਾਂ ਨੂੰ ਦੇਣੀ ਪਵੇਗੀ। ਮੌਜੂਦਾ ਗਾਹਕਾਂ ਨੂੰ ਦਿੱਤੀ ਜਾਣ ਵਾਲੀ ਜਾਣਕਾਰੀ ਦੇ ਫਾਰਮੈਟ ’ਚ ਵੀ ਤਬਦੀਲੀ ਕੀਤੀ ਗਈ ਹੈ।

ਮਹਿੰਗੇ ਹੋਣਗੇ ਵਾਹਨ

ਇਕ ਜਨਵਰੀ ਤੋਂ ਦੇਸ਼ ’ਚ ਵਾਹਨ ਮਹਿੰਗੇ ਹੋ ਜਾਣਗੇ। ਕਾਰ ਨਿਰਮਾਤਾ ਮਾਰੂਤੀ, ਮਹਿੰਦਰਾ, ਕਿਆ, ਹੁੰਡਈ, ਹੋਂਡਾ, ਟੋਯੋਟਾ, ਟਾਟਾ ਸਮੇਤ ਜ਼ਿਆਦਾਤਰ ਕੰਪਨੀਆਂ ਨੇ ਆਪਣੇ ਯਾਤਰੀ ਤੇ ਕਮਰਸ਼ੀਅਲ ਵਾਹਨਾਂ ਦੀਆਂ ਕੀਮਤਾਂ ’ਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਮੁੱਲ ਵਾਧਾ ਵਾਹਨ ਦੇ ਮਾਡਲ ਮੁਤਾਬਕ ਦੋ ਫ਼ੀਸਦੀ ਤੱਕ ਹੋਵੇਗਾ।

ਕੋਰੀਅਰ ਭੇਜਣ ’ਤੇ ਲੱਗੇਗਾ ਵੱਧ ਪੈਸਾ

ਅਗਲੇ ਮਹੀਨੇ ਤੋਂ ਕੋਰੀਅਰ ਭੇਜਣਾ ਵੀ ਮਹਿੰਗਾ ਹੋ ਜਾਵੇਗਾ। ਕੋਰੀਅਰ ਸੇਵਾ ਦੇਣ ਵਾਲੇ ਮੁੱਖ ਸਮੂਹ ਡੀਐੱਚਐੱਲ ਨੇ ਇਕ ਜਨਵਰੀ ਤੋਂ ਆਮ ਮੁੱਲ ’ਚ ਸੱਤ ਫ਼ੀਸਦੀ ਤੱਕ ਦੇ ਵਾਧੇ ਦਾ ਐਲਾਨ ਕੀਤਾ ਹੈ। ਡੀਐੱਚਐੱਲ ਸਮੂਹ ਬਲੂ ਡਾਰਟ ਬਰਾਂਡ ਦੇ ਨਾਂ ਨਾਲ ਲਾਜਿਸਟਿਕਸ ਸੇਵਾਵਾਂ ਦਿੰਦਾ ਹੈ।

ਡੀਮੈਟ, ਮਿਊਚੁਅਲ ਫੰਡ ’ਚ 30 ਜੂਨ ਤੱਕ ਨਾਮਜ਼ਦ ਕਰੋ ਨਾਮਿਨੀ

ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਨੇ ਡੀਮੈਟ ਖਾਤਾਧਾਰਕਾਂ ਤੇ ਮਿਊਚੁਅਲ ਫੰਡ ’ਚ ਨਿਵੇਸ਼ ਕਰਨ ਵਾਲਿਆਂ ਲਈ ਆਪਣਾ ਨਾਮਿਨੀ ਨਾਮਜ਼ਦ ਕਰਨਾ ਜ਼ਰੂਰੀ ਬਣਾਇਆ ਹੈ। ਡੀਮੈਟ ਖਾਤਾਧਾਰਕ ਜਾਂ ਮਿਊਚੁਅਲ ਫੰਡ ਨਿਵੇਸ਼ਕ 30 ਜੂਨ 2024 ਤੱਕ ਆਪਣਾ ਨਾਮਿਨੀ ਨਾਮਜ਼ਦ ਕਰ ਸਕਦੇ ਹਨ। ਨਿਵੇਸ਼ਕਾਂ ਨੂੰ ਨਾਮਿਨੀ ਨਾਮਜ਼ਦ ਨਾ ਕਰਨ ਦਾ ਬਦਲ ਚੁਨਣ ਦਾ ਵੀ ਮੌਕਾ ਮਿਲੇਗਾ।