ਨਵੀਂ ਦਿੱਲੀ, ਜੇਐੱਨਐੱਨ : ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਤੇ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਦਾ ਮੰਨਣਾ ਹੈ ਕਿ ਵਿਸ਼ਵ ਕੱਪ ਫਾਈਨਲ ਦੌਰਾਨ ਹੌਲੀ ਪਿੱਚ ਚੁਣਨ ਦੇ ਭਾਰਤ ਦੇ ਕਦਮ ਦਾ ਉਲਟਾ ਅਸਰ ਹੋਇਆ। ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ ਵੀ ਨਾਕਆਊਟ ਮੈਚਾਂ ਦੌਰਾਨ ਪਿੱਚ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਭਾਰਤ ਨੇ ਉਸੇ ਪਿੱਚ ’ਤੇ ਖੇਡਣ ਦਾ ਫੈਸਲਾ ਕੀਤਾ, ਜਿਸ ’ਤੇ ਪਾਕਿਸਤਾਨ ਖਿਲਾਫ ਮੈਚ ਖੇਡਿਆ ਗਿਆ ਸੀ। ਮੈਚ ਦੌਰਾਨ ਕੁਮੈਂਟਰੀ ਕਰਦੇ ਹੋਏ ਪੋਂਟਿੰਗ ਨੇ ਅਹਿਮਦਾਬਾਦ ਦੀ ਹੌਲੀ ਤੇ ਸੁਸਤ ਵਿਕਟ ਬਾਰੇ ਕਿਹਾ ਕਿ ਜਿੱਥੇ ਤਕ ਫਾਈਨਲ ਲਈ ਪਿੱਚ ਤਿਆਰ ਕਰਨ ਦਾ ਸਵਾਲ ਸੀ ਭਾਰਤ ਨੇ ਵੱਡੀ ਗਲਤੀ ਕੀਤੀ ਹੈ। ਅਜਿਹੀ ਪਿੱਚ ਬਣਾਉਣ ਦਾ ਫੈਸਲਾ ਆਪਣੇ ਆਪ ’ਤੇ ਉਲਟਾ ਪੈ ਗਿਆ।
ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਕਿਹਾ ਕਿ ਪਿੱਚ ਨੇ ਆਸਟ੍ਰੇਲੀਆ ਨੂੰ ਫਾਈਨਲ ’ਚ ਭਾਰਤ ਨੂੰ ਹਰਾਉਣ ਦਾ ਮੌਕਾ ਦਿੱਤਾ, ਜੋ ਹੁਣ ਤਕ ਟੂਰਨਾਮੈਂਟ ’ਚ ਅਜੇਤੂ ਸੀ। ਆਸਟ੍ਰੇਲੀਆ ਇਕ ਹੁਸ਼ਿਆਰ ਟੀਮ ਹੈ ਅਤੇ ਉਨ੍ਹਾਂ ਦਾ ਥਿੰਕ ਟੈਂਕ ਵੀ ਬਹੁਤ ਚਲਾਕ ਹੈ। ਮੈਨੂੰ ਲੱਗਦਾ ਹੈ ਕਿ ਇਸ ਪਿੱਚ ’ਤੇ ਆਸਟ੍ਰੇਲੀਆ ਦੀ ਪਹੁੰਚ ’ਚ 280 ਦੌੜਾਂ ਦਾ ਟੀਚਾ ਸੀ ਤੇ ਪਿੱਚ ਨੇ ਉਨ੍ਹਾਂ ਨੂੰ ਟਰਾਫੀ ਜਿੱਤਣ ਦਾ ਮੌਕਾ ਦਿੱਤਾ। ਪੈਟ ਕੋਲੰਬਸ ਨੇ ਜੋ ਕਿਹਾ, ਉਹ ਕਰ ਕੇ ਸਟੇਡੀਅਮ ’ਚ ਬੈਠੇ ਦਰਸ਼ਕਾਂ ਨੂੰ ਚੁੱਪ ਕਰਵਾ ਦਿੱਤਾ। ਉਸ ਨੇ ਮੈਚ ਨੂੰ ਸ਼ਾਨਦਾਰ ਢੰਗ ਨਾਲ ਸਮਾਪਤ ਕੀਤਾ। ਉਥੇ ਹੀ ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਦਾ ਮੰਨਣਾ ਹੈ ਕਿ ਕੇਐੱਲ ਰਾਹੁਲ ਤੇ ਵਿਰਾਟ ਕੋਹਲੀ ਨੇ ਵਿਚਲੇ ਓਵਰਾਂ ’ਚ ਤੇਜ਼ੀ ਨਾਲ ਦੌੜਾਂ ਨਹੀਂ ਬਣਾਈਆਂ। ਇਸ ਤੋਂ ਇਲਾਵਾ ਆਲਰਾਊਂਡਰਾਂ ਦੀ ਕਮੀ ਨੇ ਵੀ ਭਾਰਤੀ ਟੀਮ ਨੂੰ ਨੁਕਸਾਨ ਪਹੁੰਚਾਇਆ। ਹੁਸੈਨ ਨੇ ਕਿਹਾ ਕਿ ਭਾਰਤ ਇਕ ਸ਼ਾਨਦਾਰ ਟੀਮ ਸੀ ਪਰ ਪਿੱਚ ਆਸਟ੍ਰੇਲੀਆ ਨੂੰ ਮੈਚ ਵਿਚ ਵਾਪਸ ਲੈ ਆਈ।


