ਬੀਤੇ ਹਫ਼ਤੇ ਹਾਂਗਕਾਂਗ ਵਿਚ ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੁਆ ਦੇ ਦਫ਼ਤਰ ਵਿਚ ਪ੍ਰਦਰਸ਼ਨਕਾਰੀਆਂ ਨੇ ਭਾਰੀ ਭੰਨਤੋੜ ਕੀਤੀ ਸੀ। ਪ੍ਰਦਰਸ਼ਨਕਾਰੀਆਂ ਮੁਤਾਬਕ, ਅੰਦੋਲਨ ਦੀ ਸਹੀ ਰਿਪੋਰਟਿੰਗ ਨਾ ਕਰਨ ਕਾਰਨ ਸ਼ਿਨਹੁਆ ਦੇ ਦਫ਼ਤਰ ‘ਤੇ ਗੁੱਸਾ ਨਿਕਲਿਆ। ਸ਼ਿਨਹੁਆ ਸਮੇਤ ਕਈ ਮੀਡੀਆ ਸੰਸਥਾਨਾਂ ਨੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਸਰਕਾਰ ਤੋਂ ਮੰਗ ਕੀਤੀ ਹੈ। ਪੁਲਿਸ ਮੁਤਾਬਕ ਐਤਵਾਰ ਰਾਤ ਜਦੋਂ ਲੋਕ ਮਾਲ ਅਤੇ ਰੈਸਟੋਰੈਂਟ ‘ਚ ਪਰਿਵਾਰ ਨਾਲ ਮੌਜੂਦ ਸਨ, ਉਦੋਂ ਪ੍ਰਦਰਸ਼ਨਕਾਰੀਆਂ ਨੇ ਉਥੇ ਭੰਨਤੋੜ ਕੀਤੀ। ਅਜਿਹੇ ‘ਚ ਉਥੇ ਭਾਜੜ ਮਚ ਗਈ। ਦਰਜਨਾਂ ਲੋਕ ਜ਼ਖ਼ਮੀ ਹੋਏ। ਪੁਲਿਸ ਨੇ ਜਦੋਂ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਤਾਂ ਸਥਿਤੀ ਹੋਰ ਵਿਗੜ ਗਈ। ਪੁਲਿਸ ਆਮ ਨਾਗਰਿਕਾਂ ਅਤੇ ਜਾਇਦਾਦ ਨੂੰ ਬਚਾ ਕੇ ਕਾਰਵਾਈ ਕਰ ਰਹੀ ਸੀ ਤਾਂ ਅਰਾਜਕ ਪ੍ਰਦਰਸ਼ਨਕਾਰੀ ਸਿਰਫ਼ ਬਰਬਾਦੀ ਫੈਲਾਅ ਰਹੇ ਸਨ। ਪੁਲਿਸ ਨੇ ਇਸ ਦੌਰਾਨ ਅੱਥਰੂ ਗੈਸ, ਰਬੜ ਦੀਆਂ ਗੋਲ਼ੀਆਂ ਅਤੇ ਪਾਣੀ ਦੀਆਂ ਵਾਛੜਾਂ ਵੀ ਛੱਡੀਆਂ ਪਰ ਇਸ ਸਭ ਦਾ ਸੀਮਤ ਹੀ ਅਸਰ ਹੋਇਆ। ਕਾਲੇ ਕੱਪੜੇ ਪਹਿਨੇ ਅੰਦੋਲਨਕਾਰੀ ਹਨੇਰੇ ਵਿਚ ਇਧਰ-ਉਧਰ ਭੰਨਤੋੜ ਕਰਦੇ ਰਹੇ।

ਰੈਸਟੋਰੈਂਟ ਵਿਚ ਹੋਈ ਛੁਰੇਬਾਜ਼ੀ ਦੀ ਘਟਨਾ ਦੇ ਸਿਲਸਿਲੇ ਵਿਚ ਤਿੰਨ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ ਉਹ ਵਿਅਕਤੀ ਵੀ ਸ਼ਾਮਲ ਹੈ ਜਿਸ ਨੇ ਛੁਰੇਬਾਜ਼ੀ ਕੀਤੀ ਸੀ। ਸਿਟੀ ਹਸਪਤਾਲ ਮੁਤਾਬਕ, ਐਤਵਾਰ ਦੀਆਂ ਘਟਨਾਵਾਂ ਵਿਚ ਜ਼ਖ਼ਮੀ ਹੋਏ 30 ਲੋਕਾਂ ਵਿਚੋਂ ਇਕ ਦੀ ਹਾਲਤ ਚਿੰਤਾਜਨਕ ਹੈ ਜਦਕਿ ਦੋ ਗੰਭੀਰ ਹਨ। ਘਟਨਾ ਵਿਚ 12 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਪੁਲਿਸ ਨੇ ਹਿੰਸਾ ਵਿਚ ਸ਼ਾਮਲ ਤਿੰਨ ਸੌ ਤੋਂ ਜ਼ਿਆਦਾ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ।