Ad-Time-For-Vacation.png

ਹਮੇਸ਼ਾ ਦੀ ਤਰ੍ਹਾਂ ਕੌਮ ‘ਤੇ ਭੀੜ ਪੈਣ ‘ਤੇ ਆਮ ਸਿੰਘ ਜੂਝੇ ਜਦਕਿ ਲੀਡਰ ਪਿੱਠ ਵਿਖਾ ਗਏ ਸਨ

8 ਜੂਨ 1984 ਨੂੰ ਪਰਕਾਸ਼ ਸਿੰਘ ਬਾਦਲ ਨੇ ਇਕ ਬਿਆਨ ਜਾਰੀ ਕਰ ਕੇ ਸਿੱਖਾਂ ਨੂੰ ਫ਼ੌਜ ਅਤੇ ਪੁਲਿਸ ਵਿਰੁਧ ਬਗਾਵਤ ਕਰਨ ਦਾ ਸੱਦਾ ਦਿਤਾ ਸੀ ਪਰ ਅਫ਼ਸੋਸ ਉਸ ਵੇਲੇ ਦੇ ਧਰਮੀ ਫ਼ੌਜੀ ਅੱਜ ਵੀ ਰੁੱਲ ਰਹੇ ਹਨ!

ਰੂਪਨਗਰ, (ਕੁਲਵਿੰਦਰ ਭਾਟੀਆ ਸਪੋਕਸਮੈਨ): ਦਰਬਾਰ ਸਾਹਿਬ ‘ਤੇ ਹੋਏ ਫ਼ੌਜੀ ਹਮਲੇ ਦੇ 33 ਵਰ੍ਹੇ ਬਾਅਦ ਵੀ ਸਿੱਖਾਂ ਦੇ ਦਿਲਾਂ ਵਿਚ ਉਸ ਦਰਦ ਦੀ ਚੀਸ ਅੱਜ ਵੀ ਮੌਜੂਦ ਹੈ ਅਤੇ ਇਸ ਨੂੰ ਕੋੜਾ ਸੱਚ ਹੀ ਕਿਹਾ ਜਾ ਸਕਦਾ ਹੈ ਕਿ ਜਦ-ਜਦ ਵੀ ਸਿੱਖਾਂ ‘ਤੇ ਭੀੜ ਪਈ ਹੈ ਤਾਂ ਸਿੱਖਾਂ ਦੇ ਆਗੂ ਕਹਾਉਣ ਵਾਲੇ ਹਮੇਸ਼ਾ ਹੀ ਮੈਦਾਨ ‘ਚੋਂ ਭੱਜੇ ਹਨ ਪਰ ਗੁਰੂ ਦੇ ਆਮ ਸਿੱਖ ਜਿਨ੍ਹਾਂ ਨੂੰ ਕੋਈ ਜਾਣਦਾ ਵੀ ਨਹੀਂ ਹੁੰਦਾ, ਅਜਿਹੀਆਂ ਕੁਰਬਾਨੀਆਂ ਕਰ ਜਾਂਦੇ ਹਨ ਕਿ ਪਲਾਂ ਵਿਚ ਹੀ ਆਮ ਤੋਂ ਖਾਸ ਸਿੱਖ ਹੋ ਜਾਂਦੇ ਹਨ।

ਜੇ ਦਰਬਾਰ ਸਾਹਿਬ ‘ਤੇ ਹੋਏ ਫ਼ੌਜੀ ਹਮਲੇ ਦੇ ਸਾਰੇ ਘਟਨਾਕ੍ਰਮ ‘ਤੇ ਨਜ਼ਰ ਮਾਰੀਏ ਤਾਂ ਇਸ ਵਿਚ ਵੀ ਕੁੱਝ ਅਜਿਹਾ ਹੀ ਵਾਪਰਿਆ। ਸ਼ੁਰੂਆਤੀ ਗੱਲ ਕਰੀਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਤਾਂ ਉਹ ਇਕ ਆਮ ਪਰਵਾਰ ਵਿਚੋਂ ਜਨਮੇ ਸਨ, ਉਹ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਨਹੀਂ ਸੀ ਰਖਦੇ, ਇਹੋ ਕਾਰਨ ਸੀ ਕਿ ਜਦ ਅਪਣੇ ਹੀ ਐਲਾਨੇ ਅਨੰਦਪੁਰ ਸਾਹਿਬ ਦੇ ਮਤੇ ਤੋਂ ਅਕਾਲੀ ਆਗੂ ਭੱਜ ਗਏ ਸਨ ਤਾਂ ਸੰਤ ਦ੍ਰਿੜਤਾ ਨਾਲ ਅਨੰਦਪੁਰ ਮਤੇ ਦੀ ਪੂਰਤੀ ਲਈ ਖੜੇ ਸਨ। ਇਸ ਤੋਂ ਇਲਾਵਾ ਜਦ ਨਕਲੀ ਨਿਰੰਕਾਰੀਆਂ ਨੇ ਪੰਜਾਬ ਵਿਚ ਅਪਣਾ ਕੂੜ ਪ੍ਰਚਾਰ ਸ਼ੁਰੂ ਕੀਤਾ ਤਾਂ ਸੰਤਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਗੱਲਬਾਤ ਕਰਨ ਗਏ ਸਿੰਘਾਂ ਵਿਚ 13 ਸਿੰਘਾਂ ਨੂੰ ਸ਼ਹੀਦ ਕਰ ਦਿਤਾ ਗਿਆ ਤਾਂ ਕੋਈ ਹੋਰ ਨਹੀਂ ਬੋਲਿਆ, ਸਗੋਂ ਸੰਤਾਂ ਨੇ ਨਾ ਸਿਰਫ਼ ਰੋਸ ਹੀ ਪ੍ਰਗਟ ਕੀਤਾ ਬਲਕਿ ਉਨ੍ਹਾਂ ਸ਼ਹੀਦ ਸਿੰਘਾਂ ਦੀ ਸ਼ਹੀਦੀ ਦਾ ਬਦਲਾ ਵੀ ਲਿਆ। ਸਾਲ 1984 ਤਕ ਇਹ ਗੱਲ ਬਿਲਕੁਲ ਸਾਫ਼ ਹੋ ਗਈ ਸੀ ਕਿ ਜੇ ਸਿੱਖਾਂ ਦੀ ਕੋਈ ਅਗਵਾਈ ਕਰ ਸਕਦਾ ਹੈ ਤਾ ਉਹ ਸਿਰਫ਼ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੀ ਹਨ ਅਤੇ ਉਨ੍ਹਾਂ ਦੇ ਪ੍ਰਭਾਵ ਨੂੰ ਵੇਖਦਿਆਂ ਕਈ ਆਮ ਸਿੱਖ ਜੋ ਕੁੱਝ ਖਾਸ ਪ੍ਰਤਿਭਾ ਰਖਦੇ ਸਨ, ਸੰਤਾਂ ਨਾਲ ਆ ਕੇ ਮਿਲ ਗਏ।

ਇਸ ਵਿਚ ਜੇ ਗੱਲ ਕਰੀਏ ਤਾਂ ਮੁੱਖ ਤੌਰ ‘ਤੇ ਜਰਨਲ ਸੁਬੇਗ ਸਿੰਘ ਦਾ ਵੱਡਾ ਰੋਲ ਹੈ ਜੋ 1971 ਦੀ ਭਾਰਤ-ਪਾਕਿ ਜੰਗ ਦੇ ਹੀਰੋ ਸਨ। ਕੇਂਦਰ ਸਰਕਾਰ ਵਲੋਂ ਉਨ੍ਹਾਂ ਨਾਲ ਸਿੱਖ ਹੋਣ ਕਾਰਨ ਹੋਏ ਪੱਖਪਾਤੀ ਰਵਈਏ ਤੋਂ ਤੰਗ ਆ ਕੇ ਸੰਤ ਭਿੰਡਰਾਂਵਾਲਿਆਂ ਦਾ ਪ੍ਰਭਾਵ ਕਬੂਲ ਗਏ ਸਨ ਅਤੇ ਬਾਅਦ ਵਿਚ ਦਰਬਾਰ ਸਾਹਿਬ ‘ਤੇ ਹਮਲਾ ਕਰਨ ਆਈ ਫ਼ੌਜ ਨੂੰ ਉਨ੍ਹਾਂ ਵਲੋਂ ਵਿਖਾਈ ਗਈ ਵਿਉਂਤਬੰਦੀ ਨੇ ਭਾਰਤੀ ਹਕੂਮਤ ਨੂੰ ਵਖ਼ਤ ਪਾ ਦਿਤਾ ਸੀ। ਇਸੇ ਤਰ੍ਹਾਂ ਹੀ ਸਾਬਕਾ ਫ਼ੌਜੀ ਜਰਨਲ ਨਰਿੰਦਰ ਸਿੰਘ ਵੀ ਸੰਤਾਂ ਨਾਲ ਹੀ ਰਹੇ ਅਤੇ ਜਰਨਲ ਸੁਬੇਗ ਸਿੰਘ ਦੇ ਸਲਾਹਕਾਰ ਬਣ ਗਏ ਸਨ। ਭਾਈ ਰਛਪਾਲ ਸਿੰਘ ਜਿਸ ਨੂੰ ਕਿ ਸੰਤਾਂ ਦਾ ਪੀ.ਏ. ਕਿਹਾ ਜਾਂਦਾ ਸੀ, ਉਹ ਕਿੱਤੇ ਤੋਂ ਸਾਇੰਸ ਮਾਸਟਰ ਸੀ ਅਤੇ ਉਸ ਦੀ ਸੰਤਾਂ ਨਾਲ ਅਜਿਹੀ ਨੇੜਤਾ ਬਣੀ ਕਿ ਫਿਰ ਉਹ ਵਾਪਸ ਹੀ ਨਹੀਂ ਗਿਆ। ਹਰਮਿੰਦਰ ਸਿੰਘ ਸੰਧੂ ਜੋ ਸਿੱਖ ਸਟੂਡੈਂਟ ਫ਼ੈਡਰੇਸ਼ਨ ਦਾ ਜਰਨਲ ਸਕੱਤਰ ਸੀ, ਸੰਤਾਂ ਦਾ ਦੁਭਾਸ਼ੀਆ ਸੀ ਅਤੇ ਰਾਜਸੀ ਸਲਾਹਕਾਰ ਵਜੋਂ ਵੀ ਕੰਮ ਕਰਦਾ ਸੀ। ਇਸ ਤੋਂ ਇਲਾਵਾ ਬਾਬਾ ਠ੍ਹਾਰਾ ਸਿੰਘ, ਬਲਬੀਰ ਸਿੰਘ ਸੰਧੂ, ਭਾਈ ਸੁਜਾਨ ਸਿੰਘ ਮਨਾਵਾਂ, ਭਾਈ ਦਲਬੀਰ ਸਿੰਘ ਅਭਿਆਸੀ, ਜਥੇਦਾਰ ਰਾਮ ਸਿੰੰਘ ਆਦਿ ਅਜਿਹੇ ਕਈ ਨਾਮ ਹਨ ਜਿਨ੍ਹਾਂ ਨੂੰ ਅਥਾਹ ਦਲੇਰੀ ਵਿਖਾਉਣ ਬਦਲੇ ਭੁਲਾਇਆ ਨਹੀਂ ਜਾ ਸਕਦਾ।

ਅਜਿਹਾ ਨਹੀਂ ਕਿ ਸਿਰਫ਼ ਉਹੀ ਦਲੇਰ ਸਨ ਜੋ ਹਮਲੇ ਦੌਰਾਨ ਦਰਬਾਰ ਸਾਹਿਬ ਅੰਦਰ ਲੜੇ। ਇਸ ਦੇ ਵਿਰੋਧ ਵਿਚ ਜਿਥੇ 2334 ਫ਼ੌਜੀਆਂ ਨੇ ਬਗ਼ਾਵਤ ਕੀਤੀ, ਉਥੇ ਹੀ ਸੱਭ ਤੋਂ ਪਹਿਲਾਂ ਲੇਖਕ ਖ਼ੁਸ਼ਵੰਤ ਸਿੰਘ, ਭਗਤ ਪੂਰਨ ਸਿੰਘ, ਡਾ. ਖ਼ੁਸ਼ਦੇਵਾ ਸਿੰਘ ਅਤੇ ਡਾ. ਗੰਡਾ ਸਿੰਘ ਨੇ ਅਪਣਾ ਪਦਮਸ੍ਰੀ ਐਵਾਰਡ ਵਾਪਸ ਕੀਤਾ। ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦਵਿੰਦਰ ਸਿੰਘ ਗਰਚਾ ਨੇ ਪਾਰਲੀਮੈਂਟ ਦੀ ਮੈਂਬਰੀ ਤੋਂ ਅਸਤੀਫ਼ਾ ਦਿਤਾ ਅਤੇ ਕਾਂਗਰਸ ਛੱਡਣ ਦਾ ਐਲਾਨ ਕੀਤਾ ਸੀ। ਨਾਰਵੇ ਵਿਚ ਭਾਰਤ ਦੇ ਅੰਬੈਸਡਰ ਸ. ਹਰਿੰਦਰ ਸਿੰਘ ਨਾਰਵੇ ਨੇ ਵੀ ਨੇ ਰੋਸ ਵਜੋਂ ਅਸਤੀਫ਼ਾ ਦੇ ਦਿਤਾ, ਸਿਮਰਨਜੀਤ ਸਿੰਘ ਮਾਨ ਆਈ.ਪੀ.ਐਸ. ਨੇ ਅਸਤੀਫ਼ਾ ਦਿਤਾ ਅਤੇ ਅੱਜ ਤਕ ਸਿੱਖ ਹੋਮਲੈਂਡ ਦੀ ਲੜਾਈ ਲੜ ਰਿਹਾ ਹੈ। ਇਹ ਸੱਭ ਉਹ ਸਨ ਜਿਨ੍ਹਾਂ ਇਸ ਫ਼ੌਜੀ ਹਮਲੇ ਦੌਰਾਨ ਦਲੇਰੀ ਵਿਖਾਈ ਅਤੇ ਅਪਣੇ ਸਨਮਾਨ ਵਾਪਸ ਕਰ ਕੇ ਆਪਣਾ ਰੋਸ ਜ਼ਾਹਰ ਕੀਤਾ।

ਪਰ ਕੁੱਝ ਅਜਿਹੇ ਸਿੱਖ ਵੀ ਸਨ ਜਿਨ੍ਹਾਂ ਦਾ ਨਾਮ ਸਦਾ ਲਈ ਇਤਿਹਾਸ ਵਿਚ ਕਾਲੇ ਅੱਖਰਾਂ ਵਿਚ ਲਿਖਿਆ ਗਿਆ ਜਿਸ ਵਿਚ ਸੱਭ ਤੋਂ ਮੁੱਖ ਨਾਮ ਤਤਕਾਲੀ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦਾ ਆਉਂਦਾ ਹੈ। ਇਤਿਹਾਸ ਵਿਚ ਆਉਂਦਾ ਹੈ ਕਿ ਇਹ ਜਦ ਹਮਲੇ ਤੋਂ ਬਾਅਦ ਦਰਬਾਰ ਸਾਹਿਬ ਆਇਆ ਸੀ ਤਾਂ ਨਾ ਸਿਰਫ਼ ਇਸ ‘ਤੇ ਗੋਲੀ ਹੀ ਚੱਲੀ ਸੀ ਜਿਸ ਵਿਚ ਇਹ ਵਾਲ ਵਾਲ ਬੱਚ ਗਿਆ ਸੀ, ਸਗੋਂ ਦਰਬਾਰ ਸਾਹਿਬ ਵਿਚ ਕੀਰਤਨ ਕਰ ਰਹੇ ਭਾਈ ਸੁਰਿੰਦਰ ਸਿੰਘ ਪਟਨਾ ਸਾਹਿਬ ਵਾਲਿਆਂ ਨੇ ਸ਼ਬਦ ਵੀ ਗਾਇਆ ਸੀ ਕਿ ‘ਕੁਤਾ ਰਾਜ ਬਹਾਲੀਆਂ ਫਿਰ ਚੱਕੀ ਚੱਟੇ’। ਇਸ ਤੋਂ ਬਾਅਦ ਬੂਟਾ ਸਿੰਘ ਦਾ ਨਾਮ ਵੀ ਆਉਂਦਾ ਹੈ। ਇਸ ਨੇ ਭਾਵੇਂ ਕਿ ਕਾਂਗਰਸ ਤੋਂ ਅਸਤੀਫ਼ਾ ਦੇਣ ਦਾ ਮਨ ਬਣਾ ਲਿਆ ਸੀ ਪਰ ਬਾਅਦ ਵਿਚ ਮੁਕਰ ਗਿਆ ਸੀ ਅਤੇ ਇਸ ਕਾਰੇ ਵਿਚ ਜ਼ੈਲ ਸਿੰਘ ਦਾ ਭਾਈਵਾਲ ਬਣਿਆ। ਇਸ ਤੋਂ ਅਗਲਾ ਨਾਲ ਨਾਮ ਕਿਰਪਾਲ ਸਿੰਘ ਜਥੇਦਾਰ ਦਾ ਆਉਂਦਾ ਹੈ ਜਿਸ ਨੇ ਨਾ ਸਿਰਫ਼ ਇਹ ਕਹਿ ਕੇ ਸਿੱਖਾਂ ਨੂੰ ਗੁਮਰਾਹ ਕੀਤਾ ਸੀ ਕਿ ਕੋਠਾ ਸਾਹਿਬ ਠੀਕ ਹੈ, ਸਗੋਂ ਸਰਕਾਰ ਦੇ ਪਾਪ ਦਾ ਬਰਾਬਰ ਦਾ ਭਾਗੀਦਾਰ ਬਣਿਆ ਸੀ ਜਿਸ ਕਾਰਨ ਇਕ ਅਕਤੂਬਰ ਨੂੰ ਸਿੱਖਾਂ ਦੇ ਇਕ ਜਥੇ ਵਲੋਂ ਕਿਰਪਾਲ ਸਿੰਘ ਦਾ ਦਰਬਾਰ ਸਾਹਿਬ ਕੰਪਲੈਕਸ ਵਿਚ ਕੁਟਾਪਾ ਵੀ ਲਾਹਿਆ ਗਿਆ ਸੀ।

ਜੇ ਗੱਲ ਕਰੀਏ ਉਸ ਵੇਲੇ ਦੀ ਅਕਾਲੀ ਸਿਆਸਤ ਦੀ ਤਾਂ ਜਨਵਰੀ 1977 ਵਿਚ ਐਮਰਜੈਂਸੀ ਹਟਾਏ ਜਾਣ ਤੋਂ ਬਾਅਦ ਪਰਕਾਸ਼ ਸਿੰਘ ਬਾਦਲ, ਗੁਰਚਤਰਨ ਸਿੰਘ ਟੋਹੜਾ ਅਤੇ ਜਗਦੇਵ ਸਿੰਘ ਤਲਵੰਡੀ ਮੁੱਖ ਅਕਾਲੀ ਲੀਡਰਾਂ ਵਜੋ ਉਭਰ ਕੇ ਸਾਹਮਣੇ ਆਏ ਸਨ ਪਰ ਸਾਲ 1983 ਤਕ ਆਉਂਦਿਆ ਇਨ੍ਹਾਂ ਦਾ ਅੰਦਰੂਨੀ ਟਕਰਾਅ ਵੱਧ ਗਿਆ ਸੀ ਜਦਕਿ ਦੂਸਰੇ ਪਾਸੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀਆਂ ਦੂਰੀਆਂ ਵੀ ਸੰਤਾਂ ਨਾਲ ਵਧਦੀਆਂ ਜਾ ਰਹੀਆਂ ਸਨ ਅਤੇ ਜਦ 1984 ਵਿਚ ਦਰਬਾਰ ਸਾਹਿਬ ‘ਤੇ ਹਮਲਾ ਹੋਇਆ ਤਾਂ ਸੁਰਜੀਤ ਸਿੰਘ ਬਰਨਾਲਾ, ਰਵੀਇੰਦਰ ਸਿੰਘ, ਬਲਵੰਤ ਸਿੰਘ, ਪਰਕਾਸ਼ ਸਿੰਘ ਬਾਦਲ ਏਅਰਕੰਡੀਸ਼ਨਰਾਂ ਹੇਠ ਜਾ ਲੁਕੇ ਸਨ ਜਦਕਿ ਗੁਰਚਰਨ ਸਿੰਘ ਟੋਹੜਾ, ਬਲਵੰਤ ਸਿੰਘ ਰਾਮੂਵਾਲੀਆ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਅਪਣੀਆਂ ਜਾਨਾਂ ਬਚਾਉਣ ਲਈ ਸ਼੍ਰੋਮਣੀ ਕਮੇਟੀ ਦੇ ਦਫ਼ਤਰਾਂ ਵਿਚ ਲੁਕ ਗਏ ਸਨ। ਇਥੇ ਇਹ ਵੀ ਦਸਣਾ ਬਣਦਾ ਹੈ ਕਿ 8 ਜੂਨ 1984 ਨੂੰ ਪਰਕਾਸ਼ ਸਿੰਘ ਬਾਦਲ ਨੇ ਇਕ ਬਿਆਨ ਜਾਰੀ ਕਰ ਕੇ ਸਿੱਖਾਂ ਨੂੰ ਫ਼ੌਜ ਅਤੇ ਪੁਲਿਸ ਵਿਰੁਧ ਬਗਾਵਤ ਕਰਨ ਦਾ ਸੱਦਾ ਦਿਤਾ ਸੀ ਪਰ ਅਫ਼ਸੋਸ ਉਸ ਵੇਲੇ ਦੇ ਧਰਮੀ ਫ਼ੌਜੀ ਅੱਜ ਵੀ ਰੁੱਲ ਰਹੇ ਹਨ। ਸਿਰਫ਼ ਤੇ ਸਿਰਫ਼ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੀ ਸਨ ਜੋ ਅਪਣੇ ਮੁੱਠੀ ਭਰ ਸਾਥੀਆਂ ਨਾਲ ਕੌਮ ਦੀ ਚੜ੍ਹਦੀ ਕਲ੍ਹਾਂ ਲਈ ਭਾਰਤੀ ਹਕੂਮਤ ਨਾਲ ਜੂਝੇ ।

ਇੰਝ ਹੋਈ ਸੰਤ ਭਿੰਡਰਾਂਵਾਲਿਆਂ ਦੀ ਸ਼ਹੀਦੀ !

ਜਦ 6 ਜੂਨ 1984 ਦੇ 9:30 ਵੱਜੇ, ਤਾਂ ਸੰਤਾ ਨੇ ਇੱਕਦਮ ਕਿਹਾ ਆਓ ਸਿੰਘੋ ਚਲੀਏ ਅਤੇ ਅੱਗੇ ਲੱਗ ਕੇ ਤਹਿਖਾਨੇ ਦੀਆਂ ਪੌੜੀਆਂ ਚੜ੍ਹਨ ਲੱਗ ਪਏ ਉਥੇ ਮੌਜੂਦ 30 – 32 ਸਿੰਘ ਉਹਨਾਂ ਦੇ ਮਗਰ ਹੋ ਤੁਰੇ ਇਹ ਪੌੜੀਆਂ ਬਹੁਤ ਛੋਟੀਆਂ ਹੋਣ ਕਰਕੇ ਇੱਕ ਬੰਦਾ ਹੀ ਇਕ ਵਾਰ ਚੜ੍ਹ ਸਕਦਾ ਸੀ । ਇਸ ਲਈ ਸੰਤਾਂ ਦੇ ਪਿਛੇ ਸਿੰਘਾ ਦੀ ਇੱਕ ਕਤਾਰ ਜਿਹੀ ਬਣ ਗਈ । ਸੰਤ ਜੀ ਇਹਨਾਂ ਪੌੜੀਆਂ ਦੀ ਸਿਖਰਲੀ ਪੌੜੀ ਤੇ ਖੜੇ ਹੋ ਕੇ ਅਰਦਾਸ ਕਰਨ ਲੱਗ ਪਏ ਅਤੇ ਸਿੰਘਾ ਦੀ ਸਾਰੀ ਕਤਾਰ ਵੀ ਪਿਛੇ ਖੜੀ ਹੋ ਗਈ । ਜਦ ਇੱਕ ਸਿੰਘ ਨੇ ਪੁਛਿਆ ਕੇ ਖੜ ਕਿਉਂ ਗਏ ਹੋ ? ਤਾਂ ਸੰਤਾ ਦੇ ਪਿਛਲੇ ਤੀਜੇ ਸਿੰਘ ਨੇ ਕਿਹਾ ਸੰਤ ਜੀ ਅਰਦਾਸ ਕਰ ਰਹੇ ਹਨ । ਇਸ ਸਮੇਂ ਸੰਤਾ ਦੇ ਗਲ ਵਿਚ ਉਹਨਾਂ ਦਾ ਪਿਸਤੋਲ ਸੀ ਤੇ ਹੱਥ ਵਿਚ ਸੈਮੀ ਮਸ਼ੀਨਗਣ ਏ.ਕੇ 47 ਸੀḩ ਸੰਤ ਜੀ ਅਰਦਾਸ ਕਰਨ ਉਪਰੰਤ ਤੇਜੀ ਨਾਲ ਅਕਾਲ ਤਖਤ ਸਾਹਿਬ ਤੋਂ ਹੇਠਾਂ ਉਤਰੇ ਅਤੇ ਫੇਰ ਤੇਜੀ ਨਾਲ ਦਰਸ਼ਨੀ ਡਿਓਢੀ ਵੱਲ ਕੁਝ ਕਦਮ ਵਧੇ । ਦਰਬਾਰ ਸਾਹਿਬ ਵੱਲ ਸਿਰ ਨਿਵਾ ਕੇ ਮੱਥਾ ਟੇਕਿਆ ਅਤੇ ਇੱਕਦਮ ਨਿਸਾਨ ਸਾਹਿਬ ਵੱਲ ਮੁੜ ਪਏ । ਭਾਈ ਅਮਰੀਕ ਸਿੰਘ ਨੂੰ ਪੌੜੀਆਂ ਤੋਂ ਉਤਰਦਿਆਂ ਹੀ ਗੋਲੀ ਲੱਗ ਗਈ ਸੀ ਤੇ ਉਹ ਜਖਮੀ ਹੋ ਕੇ ਨਿਸ਼ਾਨ ਸਾਹਿਬ ਤੋਂ ਅੱਗੇ ਬਰਾਂਡੇ ਵਿਚ ਇਕ ਕੌਲੇ ਦੀ ਆੜ ਹੇਠ

ਕੰਧ ਨੂੰ ਢੋਅ ਲਗਾ ਕੇ ਬੈਠ ਗਿਆ ਸੀ । ਸੰਤਾਂ ਦੇ ਮਗਰ ਆ ਰਹੇ ਸਿੰਘਾ ਵਿਚੋ ਕਈ ਤਾਂ ਪੌੜੀਆਂ ਵਿਚ ਹੀ ਗੋਲੀਆਂ ਲੱਗਣ ਨਾਲ ਸ਼ਹੀਦ ਹੋ ਗਏ । ਇਥੇ ਘਮਸਾਨ ਦਾ ਜੰਗ ਹੋ ਰਿਹਾ ਸੀ ਤੇ ਗੋਲੀਆਂ ਮੀਂਹ ਵਾਂਗ ਵਰ ਰਹੀਆਂ ਸਨ । ਸ਼੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਨਿਸ਼ਾਨ ਸਾਹਿਬ ਦੇ ਦਰਮਿਆਨ ਵਾਲੀ ਖੁੱਲੀ ਜਗਹ ਵਿਚ ਗੋਲੀਆਂ ਲੱਗਣ ਨਾਲ ਸੰਗਮਰਮਰ ਦੀਆਂ ਇੱਟਾਂ ਟੁੱਟ ਕੇ ਤੂਫਾਨ ਵਾਂਗ ਉੱਡ ਰਹੀਆਂ ਸਨ । ਇਸ ਸਥਾਨ ਤੇ ਗੋਲੀਆਂ ਤੇ ਬੰਬਾ ਦਾ ਧੁਆਂ ਹੀ ਧੂਆਂ ਫੈਲਿਆ ਹੋਇਆ ਸੀ । ਭਾਈ ਮੁਖਤਿਆਰ ਸਿੰਘ ਮੁਖੀ , ਭਾਈ ਠਾਕੁਰ ਸਿੰਘ ਕਥਾਕਾਰ ਅਤੇ ਭਾਈ ਗੁਰਸ਼ਰਨ ਸਿੰਘ ਰਾਗੀ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸਿਓ ਦੀ ਹੋ ਕੇ ਕੁਆਟਰਾਂ ਵਿਚ ਚਲੇ ਗਏ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਹੱਥ ਵਿਚ ਫੜੀ ਏ.ਕੇ 47 ਨਾਲ ਦੁਸ਼ਮਣ ਤੇ ਗੋਲੀ ਵਰਾਉਣ ਲੱਗ ਪਏ । ਭਾਈ ਗੁਰਜੀਤ ਸਿੰਘ (ਪ੍ਰਧਾਨ ਸਿਖ ਸਟੂਡੇੰਟ ਫ਼ੇਡਰੇਸ਼ਨ ) ਅਨੁਸਾਰ ਉਹ ਖੁਦ ਵੀ ਉਸ ਬਰਾਂਡੇ ਵਿਚ ਚਲਾ ਗਿਆ ਜਿਥੇ ਭਾਈ ਅਮਰੀਕ ਸਿੰਘ ਅਤੇ ਸੰਤਾਂ ਦੇ ਭਰਾ ਜਗੀਰ ਸਿੰਘ ਜਖਮੀ ਹੋ ਕੇ ਬੈਠੇ ਹੋਏ ਸਨ । ਭਾਈ ਗੁਰਜੀਤ ਸਿੰਘ ਅਨੁਸਾਰ ਜਦੋਂ ਸੰਤਾਂ ਨੂੰ ਫੌਜ ਦੀ ਗੋਲੀਆਂ ਦਾ ਬਰਸਟ ਵੱਜਾ ਤਾਂ ਭਾਈ ਅਮਰੀਕ ਸਿੰਘ ਨੇ ਕਿਹਾ, ਲਉ ਭਾਈ ਭਾਣਾ ਵਰਤ ਗਿਆ ਜੇ, ਸੰਤ ਸ਼ਹੀਦ ਹੋ ਗਏ । ਭਾਈ ਗੁਰਜੀਤ ਸਿੰਘ ਅਨੁਸਾਰ ਭਾਈ ਅਮਰੀਕ ਸਿੰਘ ਦੇ ਮੂੰਹੋ ਇਹ ਸ਼ਬਦ ਸੁਣਦਿਆ ਇੱਕਦਮ ਉਸਨੇ ਉਸ ਪਾਸੇ ਵੇਖਿਆ ਪਰ ਉਸ ਸਮੇ ਨਿਸ਼ਾਨ ਸਾਹਿਬ ਹੇਠਾਂ ਧੁਆਂ ਤੇ ਘੱਟਾ ਛਾਇਆ ਹੋਇਆ ਸੀ ਅਤੇ ਬਹੁਤ ਸਾਰੇ ਸਿੰਘਾ ਦੀਆਂ ਲਾਸ਼ਾਂ ਪਈਆਂ ਸਨ । ਸੰਤਾਂ ਨੂੰ ਇਹ ਬਰਸਟ ਕੜਾਹ ਪ੍ਰਸ਼ਾਦ ਵਾਲੇ ਪਾਸੇ ਪਹੁੰਚ ਚੁੱਕੀ ਫੌਜ ਦੇ ਜੁਆਨਾਂ ਨੇ ਮਾਰਿਆ ਸੀ ਸੰਤ ਜੀ ਉਸ ਸਮੇ ਆਪਣੀ ਰਾਈਫਲ ਨਾਲ ਪ੍ਰਕਰਮਾ ਵਿਚ ਪਹੁੰਚ ਚੁੱਕੀ ਫੌਜ ਵੱਲ ਆਹਮੋ ਸਾਹਮਣੀ ਗੋਲੀ ਚਲਾ ਰਹੇ ਸਨ । ਸੰਤਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੂਝ ਮਰਨ ਦੇ ਚਾਉ ਨਾਲ ਉਤਰੇ ਸਿੰਘਾ ਵਿਚੋ ਬਹੁਤੇ ਸ਼ਹੀਦ ਹੋ ਗਏ ਸਨ । ਆਪਣੀ ਸ਼ਹਾਦਤ ਦੀ ਆਖਰੀ ਘੜੀ ਵਿਚ ਸੰਤ ਜਰਨੈਲ ਸਿੰਘ ਬਿਲਕੁਲ ਉਸੇ ਸ਼ਾਨ ਵਿਚ ਰੱਤ ਸੀ ਜਿਹੜੀ ਸ਼ਾਨੋ ਸ਼ੌਕਤ ਕਿਸੇ ਅਸਲ ਸ਼ਹੀਦ ਲਈ ਸੰਸਾਰ ਤੋਂ ਆਖਰੀ ਵਿਦਾ ਲੈਣ ਸਮੇ ਲਾਜਮੀ ਹੁੰਦੀ ਹੈ ।-ਸਪੋਕਸਮੈਨ

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.