ਸਟਾਫ ਰਿਪੋਰਟਰ, ਖੰਨਾ : ਖੰਨਾ ‘ਚ ਲਲਹੇੜੀ ਤੋਂ ਰਹੌਣ ਰੋਡ ‘ਤੇ ਸੰਘਣੀ ਧੁੰਦ ਕਾਰਨ ਸੜਕ ਹਾਦਸਾ ਵਾਪਰ ਗਿਆ, ਜਿਸ ‘ਚ ਇਕ ਕਾਰ ਦੀ ਸਕੂਲ ਬੱਸ ਨਾਲ ਟੱਕਰ ਹੋ ਗਈ ਤੇ ਬੱਸ ‘ਚ ਸਵਾਰ ਬੱਚੇ ਵਾਲ-ਵਾਲ ਬਚ ਗਏ। ਧੁੰਦ ਕਾਰਨ ਕਾਰ ਚਾਲਕ ਅੱਗੇ ਨਹੀਂ ਦੇਖ ਸਕਿਆ ਤੇ ਓਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਆ ਰਹੀ ਸਕੂਲ ਵੈਨ ਨਾਲ ਟਕਰਾ ਗਿਆ। ਹਾਦਸੇ ‘ਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਜਦਕਿ ਬੱਸ ਵੀ ਨੁਕਸਾਨੀ ਗਈ। ਮੌਕੇ ‘ਤੇ ਮੌਜੂਦ ਗੁਰਜੀਤ ਸਿੰਘ ਨੇ ਦੱਸਿਆ ਧੁੰਦ ਕਾਰਨ ਕਾਰ ਚਾਲਕ ਨੇ ਸਾਹਮਣੇ ਤੋਂ ਆ ਰਹੀ ਸਕੂਲ ਵੈਨ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਵੱਡਾ ਹਾਦਸਾ ਟਲ ਗਿਆ।
ਸਕੂਲ ਬੱਸ ‘ਚ ਸਫ਼ਰ ਕਰ ਰਹੇ ਵਿਦਿਆਰਥੀ ਰਿਤਿਕ ਤੇ ਰੋਬਿਨ ਨੇ ਦੱਸਿਆ ਉਹ ਸਕੂਲ ਬੱਸ ‘ਚ ਬਹੁਤ ਘੱਟ ਰਫ਼ਤਾਰ ਨਾਲ ਘਰ ਤੋਂ ਸਕੂਲ ਆ ਰਹੇ ਸਨ। ਰਸਤੇ ‘ਚ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਇਕ ਹੋਰ ਬੱਸ ਨੂੰ ਓਵਰਟੇਕ ਕਰਕੇ ਉਨ੍ਹਾਂ ਦੀ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਈ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਬੱਚਿਆਂ ਨੇ ਦੱਸਿਆ ਉਨ੍ਹਾਂ ਦੀ ਬੱਸ ਦੀ ਰਫ਼ਤਾਰ ਬਹੁਤ ਘੱਟ ਸੀ, ਜਿਸ ਕਾਰਨ ਬਚਾਅ ਹੋ ਗਿਆ। ਸਕੂਲ ਮੁਖੀ ਰਜਿੰਦਰਪਾਲ ਨੇ ਦੱਸਿਆ ਧੁੰਦ ਕਾਰਨ ਉਨ੍ਹਾਂ ਦੀ ਸਕੂਲ ਵੈਨ ਨੂੰ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ ਪਰ ਖੁਸ਼ਕਿਸਮਤੀ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ।


