ਕੁਲਵਿੰਦਰ ਸਿੰਘ ਰਾਏ, ਖੰਨਾ : ਖੰਨਾ ਦੇ ਪਿੰਡ ਕੌੜੀ ਦੇ ਰਹਿਣ ਵਾਲੇ ਸੂਬੇਦਾਰ ਹਰਮਿੰਦਰ ਸਿੰਘ ਦੀ ਡਿਊਟੀ ਦੌਰਾਨ ਮੌਤ ਹੋ ਗਈ। ਯੂਪੀ ਦੇ ਫ਼ਤਹਿਗੜ੍ਹ ’ਚ ਤਾਇਨਾਤ ਫੌਜੀ ਸੂਬੇਦਾਰ ਹਰਮਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸੋਮਵਾਰ ਦੇਹ ਨੂੰ ਪਿੰਡ ਲਿਆਂਦਾ ਗਿਆ ਜਿੱਥੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਫੌਜ ਦੇ ਅਧਿਕਾਰੀਆਂ, ਖੰਨਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਪਿੰਡ ਵਾਸੀਆਂ ਨੇ ਸ਼ਰਧਾਂਜਲੀ ਦਿੱਤੀ। ਮ੍ਰਿਤਕ ਹਰਮਿੰਦਰ ਸਿੰਘ ਦੇ ਪਰਿਵਾਰ ’ਚ ਬਜ਼ੁਰਗ ਮਾਪੇ, ਪਤਨੀ, ਇਕ ਪੁੱਤਰ ਤੇ ਧੀ ਹੈ। ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਰਮਿੰਦਰ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਪਿਤਾ ਚਰਨ ਸਿੰਘ ਨੇ ਦੱਸਿਆ ਉਨ੍ਹਾਂ ਦਾ ਪੁੱਤ ਹਰਮਿੰਦਰ ਸਿੰਘ ਇਕ ਮਹੀਨੇ ਦੀ ਛੁੱਟੀ ਤੋਂ ਬਾਅਦ ਚਲਾ ਗਿਆ ਸੀ। 30 ਨਵੰਬਰ ਨੂੰ ਯੂਨਿਟ ’ਚ ਵਾਪਸ ਆਏ। ਪਹਿਲੀ ਦਸੰਬਰ ਨੂੰ ਫੋਨ ’ਤੇ ਗੱਲਬਾਤ ਹੋਈ, ਸਭ ਕੁਝ ਠੀਕ ਸੀ।

3 ਦਸੰਬਰ ਨੂੰ ਫੌਜ ਦੇ ਅਧਿਕਾਰੀਆਂ ਨੇ ਫੋਨ ’ਤੇ ਦੱਸਿਆ ਕਿ ਹਰਮਿੰਦਰ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਪਿਤਾ ਨੇ ਜਿੱਥੇ ਇਕ ਪਾਸੇ ਦੇਸ਼ ਦੀ ਸੇਵਾ ਕਰਦੇ ਹੋਏ ਡਿਊਟੀ ਦੌਰਾਨ ਆਪਣੇ ਪੁੱਤਰ ਦੀ ਮੌਤ ’ਤੇ ਮਾਣ ਮਹਿਸੂਸ ਕੀਤਾ, ਉੱਥੇ ਦੂਜੇ ਪਾਸੇ ਇਸ ਨੂੰ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।

19 ਸਾਲਾ ਪੁੱਤਰ ਭਵਨਦੀਪ ਨੇ ਦੱਸਿਆ ਉਸ ਦਾ ਪਿਤਾ ਇਕ ਮਹੀਨਾ ਪਰਿਵਾਰ ਨਾਲ ਬੜੀ ਖੁਸ਼ੀ ਨਾਲ ਗੁਜ਼ਾਰ ਕੇ ਚਲਾ ਗਿਆ ਸੀ। ਵਾਪਸ ਆਉਂਦੇ ਹੀ ਦੋ ਦਿਨ ਬਾਅਦ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਸਸਕਾਰ ਮੌਕੇ ਸਰਕਾਰੀ ਤੌਰ ’ਤੇ ਸਨਮਾਨ ਕਰਨ ਆਏ ਸੂਬੇਦਾਰ ਹਰਦੇਵ ਸਿੰਘ ਨੇ ਦੱਸਿਆ ਹਰਮਿੰਦਰ ਸਿੰਘ 1 ਸਿਖਲਾਈ ਰੈਜੀਮੈਂਟ ’ਚ ਬਤੌਰ ਕੰਟੀਨ ਜੇਸੀਓ ਤਾਇਨਾਤ ਸੀ। ਕੁਝ ਸਮੇਂ ਤਕ ਉਸ ਨੂੰ ਸੂਬੇਦਾਰ ਮੇਜਰ ਵਜੋਂ ਤਰੱਕੀ ਦਿੱਤੀ ਜਾਣੀ ਸੀ। ਕਰੀਬ 3 ਸਾਲ ਬਾਅਦ ਰਿਟਾਇਰਮੈਂਟ ਹੋਣੀ ਸੀ। ਹਰਮਿੰਦਰ ਦੀ 3 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬਟਾਲੀਅਨ ਵੱਲੋਂ ਪਰਿਵਾਰ ਦੀ ਪੂਰੀ ਮਦਦ ਕੀਤੀ ਜਾਵੇਗੀ।