Ad-Time-For-Vacation.png

ਸੁੱਖਾ-ਜਿੰਦਾ ਦੀ ਅਦੁੱਤੀ ਸ਼ਹਾਦਤ ਦਿਲਾਂ ਦਾ ਸਾਂਝਾ ਇਕਰਾਰਨਾਮਾ

ਕਰਮਜੀਤ ਸਿੰਘ ਚੰਡੀਗੜ੍ਹ

ਖ਼ਾਲਸਾ ਪੰਥ ਦੇ ਲੋਕਯਾਨ (ਫੋਕ ਲੋਰ) ਜਾਂ ਲੋਕ-ਪ੍ਰੰਪਰਾ ਵਿਚ ਸ਼ਹੀਦਾਂ ਦੀ ਇਹ ਜੋੜੀ ਸੁੱਖਾ-ਜਿੰਦਾ ਦੇ ਨਾਂਅ ਨਾਲ ਦਿਲਾਂ ਵਿਚ ਵਸ ਗਈ ਹੈ ਜਦਕਿ ਖ਼ਾਲਸਾ ਪੰਥ ਦੇ ਅੰਮ੍ਰਿਤ ਸਰੋਵਰ ਦੇ ਇਤਿਹਾਸ ਵਿਚ ਉਹ ਭਾਈ ਹਰਜਿੰਦਰ ਸਿੰਘ ਤੇ ਭਾਈ ਸੁਖਦੇਵ ਸਿੰਘ ਦੇ ਨਾਵਾਂ ਨਾਲ ਯਾਦ ਕੀਤੇ ਜਾਣਗੇ। ਪਹਿਲੀ ਕਿਸਮ ਦੇ ਨਾਵਾਂ ਵਿਚ ਦੁਨਿਆਵੀ ਮੁਹੱਬਤਾਂ ਦੀ ਸਿਖਰ ਹੈ ਜਦਕਿ ਦੂਜੀ ਵੰਨਗੀ ਦੇ ਨਾਵਾਂ ਵਿਚ ਦੁਨਿਆਵੀ ਤੇ ਰੂਹਾਨੀ ਇਸ਼ਕ ਦਾ ਕੋਈ ਉੱਚਾ ਸੁੱਚਾ ਸੁਮੇਲ ਹੈ। ਉਂਝ ਇਥੇ ਇਹ ਦੱਸਣਾ ਗ਼ੈਰਵਾਜਬ ਨਹੀਂ ਹੋਵੇਗਾ ਕਿ ਲੋਕਯਾਨ ਵਾਲਿਆਂ ਦੀ ਦੁਨੀਆਂ ਜਿਹੜੇ ਨਾਂਅ ਸਿਰਜ ਲੈਂਦੀ ਹੈ ਉਹ ਬਹੁਤੀ ਵਾਰ ਇਤਿਹਾਸ ਵਿਚ ਪੱਕੀ ਤਰ੍ਹਾਂ ਸਥਾਪਤ ਹੋ ਜਾਂਦੇ ਹਨ। ਜੈਜ਼ ਸੰਗੀਤ ਦੇ ਬਾਦਸ਼ਾਹ ਆਰਮਸਟਰਾਂਗ ਨੇ ਇਕ ਵਾਰ ਆਪਣੇ ਪਿਓ ਨੂੰ ਜਦੋਂ ਗੁੱਸੇ ਵਿਚ ਆਖਿਆ ਕਿ, ‘ਡੈਡੀ, ਮੈਂ ਲੋਕ-ਸੰਗੀਤ ਤੋਂ ਬਿਨਾ ਹੋਰ ਕਿਸੇ ਸੰਗੀਤ ਨੂੰ ਨਹੀਂ ਜਾਣਦਾ,’ ਤਾਂ ਉਸ ਸਮੇਂ ਉਹ ਲੋਕਯਾਨ ਦੀ ਮਹਿਮਾ ਦਾ ਪ੍ਰਚਮ ਹੀ ਬੁਲੰਦਦ ਕਰ ਰਿਹਾ ਸੀ। ਲੋਕਯਾਨ ਨੇ ਸ਼ਹੀਦਾਂ ਦੀ ਇਸ ਜੋੜੀ ਦੇ ਬਚਪਨ ਦੇ ਨਾਵਾਂ (ਸੁੱਖਾ-ਜਿੰਦਾ) ਨੂੰ ਹੀ ਆਪਣੇ ਚੇਤਿਆਂ ਵਿਚ ਵਸਾ ਲਿਆ ਹੈ।
ਸੁੱਖਾ-ਜਿੰਦਾ ਦੀ ਸ਼ਹਾਦਤ ਸੱਚ ਮੁੱਚ ਹੀ ਅਦੁੱਤੀ ਹੈ, ਬਿਨਾ ਕਿਸੇ ਸ਼ੱਕ ਤੋਂ ਲਾਜਵਾਬ ਤੇ ਲਾਮਿਸਾਲ ਹੈ। ਇਹੋ ਜਿਹੇ ਬੰਦੇ ਸਧਾਰਨ ਨਹੀਂ ਹੁੰਦੇ, ਆਸਧਾਰਨ ਹੋਇਆ ਕਰਦੇ ਹਨ। ਉਦਾਹਰਣਾਂ, ਮਿਸਾਲਾਂ, ਪਰਮਾਣਾਂ ਤੇ ਕਸੌਟੀਆਂ ਲਈ ਰਾਖਵੇਂ ਕੀਤੇ ਜਾਂਦੇ ਹਨ। ਗੁਰਬਾਣੀ ਇਹੋ ਜਿਹੇ ਇਨਸਾਨ ਨੂੰ ‘ਵਿਰਲੇ ਕੇਈ ਕੇਇ’ ਦਾ ਰੁਤਬਾ ਬਖ਼ਸ਼ਦੀ ਹੈ।
ਮੈਂ ਇਨ੍ਹਾਂ ਵੀਰਾਂ ਦੀ ਸ਼ਹਾਦਤ ਨੂੰ ਇਸ ਲਈ ਅਦੁੱਤੀ ਆਖਦਾ ਹਾਂ ਕਿਉਂਕਿ ਇਸ ਸ਼ਹਾਦਤ ਦੇ ਸੰਕਲਪ ਪਿਛੇ ਠੋਸ ਕਾਰਨ ਤੇ ਠੋਸ ਗਵਾਹੀਆਂ ਮੌਜੂਦ ਹਨ ਨਾ ਕਿ ਮਨ ਦੀਆਂ ਤਰੰਗਾਂ ਜਾਂ ਕਲਪਨਾਵਾਂ ਨੂੰ ਸ਼ਹਾਦਤ ਦੀ ਵਿਆਖਿਆ ਵਿੱਚ ਅਸੀਂ ਆਪਣਾ ਸਹਾਰਾ ਬਣਾਇਆ ਹੈ। ਇਕ ਠੋਸ ਕਾਰਨ ਤਾਂ ਇਹ ਹੈ ਕਿ ਇਸ ਜੋੜੀ ਵਲੋਂ ਆਪਣੇ ਹੱਥਾਂ ਨਾਲ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਲਿਖੀਆਂ ਚਿੱਠੀਆਂ ਤੇ ਸੁਨੇਹੇ ਮੌਜੂਦ ਹਨ। ਇਨ੍ਹਾਂ ਚਿੱਠੀਆਂ ਵਿਚ ਜਿੱਥੇ ਸਰਬੱਤ ਖ਼ਾਲਸਾ ਦੇ ਸੰਕਲਪ ਦਾ ਦਿਲ ਧੜਕਦਾ ਹੈ ਉਥੇ ਨਾਲ ਹੀ ਇਹ ਚਿੱਠੀਆਂ ਸਰਬੱਤ ਦਾ ਭਲਾ ਵੀ ਮੰਗਦੀਆਂ ਹਨ। ਇਨ੍ਹਾਂ ਚਿੱਠੀਆਂ ਵਿਚ ਘਰਾਂ ਦੇ ਨਿੱਕੇ ਨਿੱਕੇ ਮਸਲੇ ਵੀ ਹਨ ਪਰ ਨਾਲ ਹੀ ਘਰ ਵਾਲਿਆਂ ਨੂੰ ਚੇਤਾਵਨੀਆਂ ਵੀ ਹਨ ਕਿ ਫਾਂਸੀ ਲੱਗਣ ਤੋਂ ਪਿਛੋਂ ਉਨ੍ਹਾਂ ਦਾ ਰਵੱਈਆ ਅਤੇ ਪਹੁੰਚ ਕਿਹੋ ਜਿਹੀ ਹੋਣੀ ਚਾਹੀਦੀ ਹੈ। ਜਿਥੋਂ ਤੱਕ ਮੇਰੀ ਜਾਣਕਾਰੀ ਹੈ, ਫਾਂਸੀ ਦਾ ਰੱਸਾ ਚੁੰਮਣ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਸ਼ਹੀਦ ਨੇ ਇੰਨੇ ਵਿਸਥਾਰ ਤੇ ਸਪੱਸ਼ਟਤਾ ਵਿਚ ਆਪਣੀ ਕੌਮ ਦੇ ਦਰਦ ਦਾ ਇਜ਼ਹਾਰ ਨਹੀਂ ਕੀਤਾ ਜਿੰਨਾ ਇਸ ਜੋੜੀ ਨੇ ਕਰ ਵਿਖਾਇਆ ਹੈ। ਇਹ ਸੱਚ ਮੁੱਚ ਹੀ ਇਕ ਇਤਿਹਾਸਕ ਚਮਤਕਾਰ ਹੈ।

ਸਾਡੇ ਕੋਲ ਮਨਸੂਰ ਤੇ ਸਰਮੱਦ ਵਰਗੇ ਸ਼ਹੀਦਾਂ ਸਮੇਤ ਪ੍ਰਾਚੀਨ ਸਿੱਖ ਸ਼ਹੀਦਾਂ ਤੋਂ ਇਲਾਵਾ ਮਨਸੂਰ ਤੇ ਆਧੁਨਿਕ ਸ਼ਹੀਦਾਂ-ਜੂਲੀਅਸ ਫੂਚਕ, ਸ਼ਹੀਦ ਭਗਤ ਸਿੰਘ-ਰਾਜ ਗੁਰੂ-ਸੁਖਦੇਵ, ਬਿਸਮਲ, ਸਰਾਭਾ, ਊਧਮ ਸਿੰਘ ਵੀ ਆਪਣੀ ਰੂਹ ਦੇ ਦਰਦ ਦੀਆਂ ਯਾਦਾਂ ਵਿਸਥਾਰ ਵਿਚ ਨਹੀਂ ਪੇਸ਼ ਕਰ ਸਕੇ ਜਿਨ੍ਹਾਂ ਨੂੰ ਅਸੀਂ ਪਹਿਲੇ ਦਰਜੇ ਦੀਆਂ ਦਸਤਾਵੇਜ਼ਾਂ ਦਾ ਨਾਂ ਦੇ ਸਕੀਏ। ਇਥੋਂ ਤੱਕ ਕਿ ਸ਼ਹੀਦ ਭਗਤ ਸਿੰਘ ਦੀਆਂ ਬਹੁਤ ਸਾਰੀਆਂ ਕਥਿਤ ਲਿਖਤਾਂ ਦੀ ਪਰਮਾਣਿਕਤਾ ਅੱਗੇ ਵੀ ਗੰਭੀਰ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ। ਅਸੀਂ ਇਨ੍ਹਾਂ ਸ਼ਹੀਦਾਂ ਦੇ ਰੋਲ, ਕੁਰਬਾਨੀ ਤੇ ਪ੍ਰਭਾਵ ਨੂੰ ਘਟਾ ਕੇ ਨਹੀਂ ਦੇਖ ਰਹੇ, ਅਸੀਂ ਤਾਂ ਸਿਰਫ਼ ਇਹ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਫਾਂਸੀ ਚੜ੍ਹਨ ਤੋਂ ਪਹਿਲਾਂ ਜਿਸ ਤਰ੍ਹਾਂ ਸੁੱਖਾ ਤੇ ਜਿੰਦਾ ਆਪਣੀਆਂ ਹੱਥ ਲਿਖਤਾਂ ਰਾਹੀਂ ਜੋ ਕੁਝ ਕਹਿ ਗਏ ਹਨ ਅਤੇ ਜਿੰਨਾ ਵਿਸਥਾਰ ਨਾਲ ਕਹਿ ਗਏ ਹਨ, ਉਹ ਅੱਜ ਤੱਕ ਕਿਸੇ ਵੀ ਸ਼ਹੀਦ ਦੇ ਹਿੱਸੇ ਨਹੀਂ ਆਇਆ। ਸੁੱਖਾ-ਜਿੰਦਾ ਦੀਆਂ ਚਿੱਠੀਆਂ ਉਨ੍ਹਾਂ ਦੀ ਆਪਣੀ ਹੱਥ ਲਿਖਤ ਵਿਚ ਬਕਾਇਦਾ ਸਾਡੇ ਕੋਲ ਮੌਜੂਦ ਹਨ ਅਤੇ ਇਹ ਚਿੱਠੀਆਂ ਸਾਰੀ ਦੁਨੀਆਂ ਦੇ ਸ਼ਹੀਦਾਂ ਦਾ ਅਨਮੋਲ ਵਿਰਸਾ ਹੈ ਕਿਉਂਕਿ ਦੋਵਾਂ ਨੌਜਵਾਨਾਂ ਨੇ ਖ਼ਾਲਸਾ ਪੰਥ ਦੇ ਦਰਦ ਰਾਹੀਂ ਸਾਰੀ ਦੁਨੀਆਂ ਦੇ ਨਿਆਸਰਿਆਂ ਅਤੇ ਨਿਓਟਿਆਂ ਨਾਲ ਆਪਣੀਆਂ ਪਿਆਰ ਭਰੀਆਂ ਤੇ ਗੂੜ੍ਹੀਆਂ ਸਾਂਝਾਂ ਦਾ ਹੈਰਾਨਜਨਕ ਪ੍ਰਗਟਾਵਾ ਕੀਤਾ ਹੈ।

ਕੀ ਤੁਸੀਂ ਕਦੇ ਇਹ ਸੋਚ ਵੀ ਸਕਦੇ ਹੋ ਕਿ ਇਨ੍ਹਾਂ ਸ਼ਹੀਦਾਂ ਦੇ ਸਸਕਾਰ ਵਿਚ ਸ਼ਾਮਲ ਰਿਸ਼ਤੇਦਾਰਾਂ ਦੀ ਇਕ ਛੋਟੀ ਜਿਹੀ ਟੋਲੀ ਨੇ ਜਿਸ ਨੂੰ ਪੁਨੇ ਵਿਚ ਸਸਕਾਰ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਮਿਲ ਗਈ ਸੀ, ਉਸ ਟੋਲੀ ਨੇ ਸ਼ਹਾਦਤ ਦੀ ਖੁਸ਼ੀ ਵਿਚ ਸਸਕਾਰ ਦੇ ਮੌਕੇ ਭੰਗੜਾ ਤੇ ਗਿੱਧਾ ਪਾਇਆ? ਹਾਂ, ਇਹ ਮਹਾਨ ਕ੍ਰਿਸ਼ਮਾ ਇਸੇ ਤਰ੍ਹਾਂ ਹੀ ਹੋਇਆ ਸੀ। ਕੀ ਤੁਹਾਨੂੰ ਪਤਾ ਹੈ ਕਿ ਫਾਂਸੀ ਦਾ ਹੁਕਮ ਸੁਨਾਉਣ ਵਾਲੇ ਜੱਜ ਨੇ ਇਨ੍ਹਾਂ ਸ਼ਹੀਦਾਂ ਦੀਆਂ ਤਸਵੀਰਾਂ ਨੂੰ ਆਪਣੇ ਕਮਰੇ ਵਿਚ ਸਜਾਇਆ ਹੋਇਆ ਹੈ? ਜੇ ਨਹੀਂ ਯਕੀਨ ਤਾਂ ਮਨੁੱਖੀ ਅਧਿਕਾਰਾਂ ਦੇ ਰਾਖੇ ਜਸਟਿਸ ਅਜੀਤ ਸਿੰਘ ਬੈਂਸ ਨੂੰ ਪੁੱਛ ਵੇਖਣਾ ਜਿਸ ਦੀ ਜਾਣਕਾਰੀ ਇਸੇ ਜੱਜ ਨੇ ਜਸਟਿਸ ਬੈਂਸ ਨੂੰ ਦਿੱਤੀ। ਕੀ ਤੁਸੀਂ ਜਾਣਦੇ ਹੋ ਕਿ ਉਸ ਦਿਨ ਇਨ੍ਹਾਂ ਸ਼ਹੀਦਾਂ ਦੀ ਖੁਸ਼ੀ ਵਿਚ ਸ਼ਹੀਦਾਂ ਦੀ ਇੱਛਾ ਮੁਤਾਬਕ ਟੋਕਰਿਆਂ ਦੇ ਟੋਕਰੇ ਲੱਡੂ ਵੰਡੇ ਗਏ। ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਉਸ ਦਿਨ ਜੇਲ੍ਹ ਦੇ ਕਈ ਕਰਮਚਾਰੀਆਂ ਨੇ ਹੰਝੂਆਂ ਭਰੀਆਂ ਅੱਖੀਆਂ ਨਾਲ ਇਨ੍ਹਾਂ ਸ਼ਹੀਦਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਇਤਿਹਾਸਕਾਰਾਂ ਤੇ ਬੁੱਧੀਜੀਵੀਆਂ ਦੀਆਂ ਸੁੱਤੀਆਂ ਜ਼ਮੀਰਾਂ, ਵਿੱਕੀਆਂ ਜ਼ਮੀਰਾਂ, ਮੁਜਰਮਾਨਾ ਖਾਮੋਸ਼ੀ ਨਾਲ ਰੱਤੀਆਂ ਜ਼ਮੀਰਾਂ ਤੇ ਦੁਨਿਆਵੀ ਧੰਦਿਆਂ ਵਿਚ ਗਲ ਗਲ ਡੁੱਬੀਆਂ ਜ਼ਮੀਰਾਂ ਕੋਲ ਥੋੜੀ ਜਿਹੀ ਜੇ ਵਿਹਲ ਹੈ, ਤਾਂ ਉਹ ਸ਼ਹੀਦ ਹਰਜਿੰਦਰ ਸਿੰਘ ਜਿੰਦੇ ਦੀ ਭੈਣ ਤੇ ਸੁਖਦੇਵ ਸਿੰਘ ਸੁੱਖੇ ਦੀ ਮਾਂ ਨਾਲ ਕੁਝ ਪਲ ਗੁਜ਼ਾਰਨ ਦਾ ਸੁਨਹਿਰੀ ਮੌਕਾ ਜੇ ਹਾਸਲ ਕਰਨ ਤਾਂ ਸਾਨੂੰ ਪੱਕਾ ਯਕੀਨ ਹੈ ਕਿ ਮਾਨਮੱਤੇ ਹੰਝੂ ਬਗਾਵਤ ਬਣ ਕੇ ਉਨ੍ਹਾਂ ਦੀਆਂ ਅੱਖਾਂ ਵਿਚ ਉਤਰ ਆਉਣਗੇ ਅਤੇ ਨਾਲ ਹੀ ਇਨ੍ਹਾਂ ਸ਼ਹੀਦਾਂ ਬਾਰੇ ਉਨ੍ਹਾਂ ਦੇ ਅਣਕਹੇ ਤੇ ਕਹੇ ਗੁਨਾਹ ਵੀ ਧੋਤੇ ਜਾਣਗੇ।

ਕਲਪਨਾ ਤੇ ਆਪ ਹੰਢਾਏ ਤਜਰਬੇ ਵਿਚ ਬਹੁਤ ਫਰਕ ਹੁੰਦਾ ਹੈ। ਅਮਰੀਕਾ ਦੇ ਇਕ ਸ਼ਹਿਰ ਸ਼ਿਕਾਗੋ ਵਿਚ ਸਾਲਾਂ ਬੱਧੀ ਰਹਿੰਦਾ ਜਜ਼ਬਿਆਂ ਦਾ ਇਕ ਕਵੀ ਕਾਰਲ ਸੈਂਡ ਬਰਗ (1878-1957) ਆਪਣੀ ਇਕ ਦਿਲਚਸਪ ਕਵਿਤਾ ਰਾਹੀਂ ਮਿਲਟਨ, ਦਾਂਤੇ ਅਤੇ ਆਪਣੇ ਵਿਚਕਾਰ ਫਰਕ ਕਰਦਾ ਹੋਇਆ ਆਖਦਾ ਹੈ ਕਿ ਮਿਲਟਨ ਤੇ ਦਾਂਤੇ ਨੇ ਨਰਕ ਦਾ ਜ਼ਿਕਰ ਕੀਤਾ ਹੈ ਪਰ ਦੋਵਾਂ ਵਿਚੋਂ ਕਿਸੇ ਨੇ ਵੀ ਨਰਕ ਵੇਖਿਆ ਨਹੀਂ। ਮੈਂ ਸ਼ਿਕਾਗੋ ਸ਼ਹਿਰ ਨੂੰ ਵਰ੍ਹਿਆਂ ਬੱਧੀ ਵੇਖਿਆ, ਕਈ ਵਾਰ ਵੇਖਿਆ ਤੇ ਫਿਰ ਹੀ ਇਸ ਸ਼ਹਿਰ ਬਾਰੇ ਲਿਖਿਆ। ਸੁੱਖਾ-ਜਿੰਦਾ ਨੂੰ ਇਕ ਪਾਸੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦੇਖਿਆ ਤੇ ਦੂਜੇ ਪਾਸੇ ਉਨ੍ਹਾਂ ਦੀ ਰੂਹ ਦੇ ਕਰੀਬ ਹਾਣੀਆਂ ਨੇ ਦੇਖਿਆ। ਰੂਪੋਸ਼ ਜ਼ਿੰਦਗੀ ਦੌਰਾਨ ਪਟਿਆਲਾ ਦੇ ਦੁੱਖ ਨਿਵਾਰਨ ਸਾਹਿਬ ਗੁਰਦੁਆਰੇ ਦੇ ਪਵਿੱਤਰ ਸਰੋਵਰ ਦੇ ਕਿਨਾਰੇ ‘ਤੇ ਬੈਠਿਆ ਜਦੋਂ ਮੈਂ ਉਨ੍ਹਾਂ ਦੇ ਇਕ ਹਮਸਫਰ ਭਾਈ ਦਲਜੀਤ ਸਿੰਘ ਬਿੱਟੂ ਕੋਲੋਂ ਇਨ੍ਹਾਂ ਸ਼ਹੀਦਾਂ ਨੂੰ ਫਾਂਸੀ ਦਾ ਹੁਕਮ ਸੁਣਾਏ ਜਾਣ ਤੋਂ ਕੁਝ ਦਿਨ ਪਿਛੋਂ ਉਨ੍ਹਾਂ ਦੀ ਦ੍ਰਿੜ ਮਾਨਸਿਕਤਾ ਬਾਰੇ ਕੋਈ ਟਿੱਪਣੀ ਮੰਗੀ ਤਾਂ ਉਹ ਟਿੱਪਣੀ ਮੈਨੂੰ ਅਜੇ ਵੀ ਯਾਦ ਹੈ ਜੋ ਇਸ ਤਰ੍ਹਾਂ ਹੈ: ‘ਉਨ੍ਹਾਂ ਦੀ ਉਡਾਣ ਅਸਮਾਨ ਦੀਆਂ ਬੁ¦ਦੀਆਂ ਨੂੰ ਛੂਹਣ ਦੀ ਤਾਕਤ ਰੱਖਦੀ ਹੈ। ਉਹ ਹਸਦੇ ਹੋਏ ਫਾਂਸੀ ਦਾ ਰੱਸਾ ਚੁੰਮਣਗੇ।’ ਮਗਰੋਂ ਇਹ ਟਿੱਪਣੀ ਇਤਿਹਾਸਕ ਤੌਰ ‘ਤੇ ਸਹੀ ਸਾਬਤ ਹੋਈ।
ਵਕਤ ਦੀ ਸਰਕਾਰ ਦੇ ਦਿੱਲੀ ਦੇ ਇਕ ਪੁਲਿਸ ਕਮਿਸ਼ਨਰ ਵੇਦ ਮਰਵਾਹਾ ਦੀਆਂ ਜਿੰਦੇ ਬਾਰੇ ਕੀਤੀਆਂ ਇਹ ਟਿੱਪਣੀਆਂ ਸਿੱਲੀਆਂ ਅੱਖਾਂ ਨਾਲ ਹੀ ਪੜ੍ਹੀਆਂ ਜਾ ਸਕਦੀਆਂ ਹਨ: ‘ਉਹ ਕੋਈ ਬੇਕਿਰਕ ਕਾਤਲ ਨਹੀਂ ਸੀ……. ਉਸ ਦੀ ਸਖ਼ਸ਼ੀਅਤ ਖਿੱਚ ਪਾਉਂਦੀ ਸੀ….. ਉਹ ਜਦ ਦੂਜੀ ਵਾਰ ਫੜਿਆ ਗਿਆ ਤਾਂ ਉਸ ਦੀ ਹਾਲਤ ਬਹੁਤ ਗੰਭੀਰ ਸੀ। ਉਹ ਜ਼ਿੰਦਗੀ ਤੇ ਮੌਤ ਨਾਲ ਜੂਝ ਰਿਹਾ ਸੀ ਪਰ ਉਸ ਦੇ ਚਿਹਰੇ ‘ਤੇ ਕੋਈ ਵੀ ਦਰਦ ਜਾਂ ਪੀੜ ਦਾ ਨਿਸ਼ਾਨ ਨਹੀਂ ਸੀ। ਉਹ ਇਸ ਤਰ੍ਹਾਂ ਹਾਸਾ-ਮਜ਼ਾਕ ਕਰ ਰਿਹਾ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ….. ਉਸ ਨੂੰ ਮੌਤ ਦਾ ਕੋਈ ਫਿਕਰ ਨਹੀਂ ਸੀ। ਉਹ ਆਪਣੇ ਕਾਜ਼ ਲਈ ਵੱਡੀ ਕੁਰਬਾਨੀ ਕਰਨ ਦੇ ਪਲਾਂ ਨੂੰ ਬਹੁਤ ਖੁਸ਼ੀ ਨਾਲ ਮਾਣ ਰਿਹਾ ਸੀ। ਉਹ ਕੋਈ ਸਧਾਰਨ ਸਖ਼ਸ਼ੀਅਤ ਦਾ ਮਾਲਕ ਨਹੀਂ ਸੀ।’

ਹੁਣ ਵਕਤ ਦੇ ਰਾਸ਼ਟਰਪਤੀ ਨੂੰ ਫਾਂਸੀ ਦੀ ਕਾਲ-ਕੋਠੜੀ ਤੋਂ ਆਪਣੇ ਦਸਤਖ਼ਤਾਂ ਹੇਠ ਭੇਜੀ ਉਸ ਇਤਿਹਾਸਕ ਚਿੱਠੀ ਦੀਆਂ ਕੁਝ ਸਤਰਾਂ ਨੂੰ ਸਾਹ ਰੋਕ ਕੇ ਪੜ੍ਹੋ ਜਿਸ ਵਿਚ ਵਿਚਾਰਧਾਰਕ ਜਜ਼ਬਿਆਂ ਦਾ ਸਹਿਜੇ ਸਹਿਜੇ ਵੱਗਦਾ ਇਕ ਦਰਿਆ ਵੇਖਿਆ ਜਾ ਸਕਦਾ ਹੈ ਅਤੇ ਜਿਸ ਵਿਚ ਸਾਰੀ ਦੁਨੀਆਂ ਦੇ ਸ਼ਹੀਦਾਂ ਅਤੇ ਦੁਨੀਆਂ ਨੂੰ ਬਦਲਣ ਵਾਲੇ ਇਨਕਲਾਬੀਆਂ ਤੇ ਇਨਕਲਾਬਾਂ ਨਾਲ ਰੂਹਾਨੀ ਸਾਂਝਾ ਦੀ ਇਕ ਖੁਸ਼ਬੋ ਹੈ ਜੋ ਕਿਸੇ ਵੀ ਦਸਤਾਵੇਜ਼ ਦੇ ਰੂਪ ਵਿਚ ਅਸਾਂ ਨਾ ਕਦੇ ਵੇਖੀ ਹੈ ਤੇ ਨਾ ਸਾਨੂੰ ਕਿਤੋਂ ਲੱਭੀ ਹੈ। ਇਹ ਸਤਰਾਂ ਇਸ ਤਰ੍ਹਾਂ ਹਨ, ‘ਅਸੀਂ (ਰਾਸ਼ਟਰਪਤੀ ਜੀ) ਤੁਹਾਡੇ ਰਾਹੀਂ ਇਹ ਪੈਗ਼ਾਮ ਦੇਣਾ ਚਾਹੁੰਦੇ ਹਾਂ ਕਿ ਸਾਡੇ ਹਿੰਦੁਸਤਾਨ ਦੇ ਮਹਾਨ ਲੋਕਾਂ, ਇਸ ਦੀ ਧਰਤੀ ਨਾਲ ਕੋਈ ਵੈਰ ਵਿਰੋਧ ਜਾਂ ਦੁਸ਼ਮਣੀ ਨਹੀਂ। ਉਨ੍ਹਾਂ ਪ੍ਰਤੀ ਨਫ਼ਰਤ ਦੀ ਭਾਵਨਾ ਦੇ ਅਸੀਂ ਨੇੜੇ ਤੇੜੇ ਵੀ ਨਹੀਂ ਹਾਂ। ਅਸੀਂ ਤਾਂ ਧਰਤ ਅਸਮਾਨ ਨੂੰ ਆਪਣੀ ਗਲਵੱਕੜੀ ਵਿਚ ਲੈਣ ਲਈ ਬੇਹਬਲ ਹਾਂ ਅਤੇ ਸਮੁੱਚੇ ਬ੍ਰਹਿਮੰਡ ਵਿਚ ਵਸਦੀ ਰਸਦੀ ਜ਼ਿੰਦਗੀ ਦੀ ਆਰਤੀ ਉਤਾਰਦੇ ਹਾਂ।’

ਕੀ ਉਪਰੋਕਤ ਸਤਰਾਂ ਵਿਚ ਗੁਰੂ ਨਾਨਕ ਸਾਹਿਬ ਵਲੋਂ ਬ੍ਰਹਿਮੰਡ ਵਿਚ ਚੱਲ ਰਹੀ ਆਰਤੀ ਬਾਰੇ ਸਿਰਜੇ ਇਕ ਮਹਾਨ ਸ਼ਬਦ ਦੇ ਉਪਦੇਸ਼ ਦੀ ਵਿਆਖਿਆ ਇਕ ਨਿਰਾਲੇ ਅੰਦਾਜ਼ ਵਿਚ ਇਹ ਸ਼ਹੀਦ ਪੇਸ਼ ਨਹੀਂ ਕਰ ਰਹੇ ਜਾਪਦੇ? ਇਸੇ ਚਿੱਠੀ ਵਿਚ ਸੰਸਾਰ ਭਰ ਦੇ ਸ਼ਹੀਦਾਂ ਨੂੰ ਕੁਝ ਇਸ ਤਰ੍ਹਾਂ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ, ‘ਖਾਲਸੇ ਦਾ ਨਾਅਰਾ ਹੈ ਕਿ ਮੌਤ ਕਿਤੇ ਵੀ ਆਵੇ, ਖਿੜੇ ਮੱਥੇ ਕਬੂਲ ਕਰੋ। ਇਸ ਲਈ ਸੰਸਾਰ ਭਰ ਵਿਚ ਆਜ਼ਾਦੀ ਦੇ ਜਜ਼ਬੇ ਨਾਲ ਬਲ ਰਹੇ ਯੋਧਿਆਂ ਨੂੰ ਆਖਣਾ ਕਿ ਸਾਡੀ ਲਲਕਾਰ ਮੱਠੀ ਨਾ ਪਵੇ ਅਤੇ ਮੈਦਾਨੇ ਜੰਗ ਵਿਚ ਉਨ੍ਹਾਂ ਦੀਆਂ ਗੋਲੀਆਂ ਦੀ ਤੜ-ਤੜ ਸਾਡੀ ਮੌਤ ਦੇ ਵੈਣ ਹੋਣ। ਫਾਂਸੀ ਦਾ ਰੱਸਾ ਸਾਨੂੰ ਯਾਰੜੇ ਦੀ ਗਲਵੱਕੜੀ ਵਾਂਗ ਹੀ ਪਿਆਰਾ ਹੈ, ਪਰ ਜੇ ਸਾਡੇ ਉਤੇ ਜੰਗੀ ਕੈਦੀ ਹੋਣ ਦਾ ਇਲਜ਼ਾਮ ਹੈ ਤਾਂ ਅਸੀਂ ਚਾਹਾਂਗੇ ਕਿ ਸਾਡੀਆਂ ਹਿੱਕਾਂ ਵਿਚਲੇ ਸੱਚ ਨੂੰ ਗੋਲੀਆਂ ਦੇ ਚੁੰਮਣ ਮਿਲਣ ਤਾਂ ਜੋ ਸਾਡੇ ਗਰਮ ਲਹੂ ਨਾਲ ਖਾਲਿਸਤਾਨ ਦੀ ਪਵਿੱਤਰ ਜ਼ਮੀਨ ਹੋਰ ਵੀ ਜਰਖੇਜ਼ ਹੋ ਜਾਏ।’

ਕੀ ਉਪਰੋਕਤ ਗਵਾਹੀਆਂ ਇਸ ਸਪੱਸ਼ਟ ਨਹੀਂ ਕਰਦੀਆਂ ਕਿ ਇਹ ਸ਼ਹਾਦਤ ਸੱਚ ਮੁੱਚ ਹੀ ਇਕ ਅਦੁੱਤੀ ਕਿਸਮ ਦੀ ਕੁਰਬਾਨੀ ਹੈ। ਬਰਤਾਨੀਆ ਦੇ ਇਕ ਜਰਨੈਲ ਡਿਊਕ ਆਫ਼ ਵਾ¦ਿਗਟਨ ਨੇ ਨੈਪੋਲੀਅਨ ਦੀ ਮਹਾਨਤਾ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਜਦੋਂ ਉਹ ਮੈਦਾਨੇ ਜੰਗ ਵਿਚ ਉਤਰਦਾ ਹੈ ਤਾਂ ਉਸ ਦੀ ਮੌਜੂਦੀ ਦਾ ਕੱਦ 40 ਹਜ਼ਾਰ ਬੰਦਿਆਂ ਦੇ ਬਰਾਬਰ ਹੋ ਜਾਂਦਾ ਹੈ। ਕੀ ਇਸ ਤਰ੍ਹਾਂ ਮਹਿਸੂਸ ਨਹੀਂ ਹੁੰਦਾ ਕਿ ਸੁੱਖਾ-ਜਿੰਦਾ ਦੀ ਸ਼ਹਾਦਤ ਵਿਚ ਵੀ ਵਰਤਮਾਨ ਸਮਿਆਂ ਦੇ ਸਾਰੇ ਸ਼ਹੀਦ ਪੂਰੀ ਤਰ੍ਹਾਂ ਸਮਾ ਜਾਂਦੇ ਹਨ।
ਔਰੰਗਜ਼ੇਬ ਦੇ ਸਮੇਂ ਦਾ ਇਕ ਕਾਮਲ ਸੂਫ਼ੀ ਦਰਵੇਸ਼ ਸਰਮਦ ਅੱਜ ਯਾਦ ਆ ਗਿਆ ਹੈ। ਨਗ਼ਮਾ-ਏ-ਸਰਮਦ ਦੇ ਲੇਖਕ ਅਰਸ਼ ਮਲਸਿਆਨੀ ਮੁਤਾਬਕ ਸਰਮਦ ਨੇ ਸੂਲੀ ਚੜ੍ਹਨ ਤੋਂ ਪਹਿਲਾਂ ਸ਼ਹਾਦਤ ਦੇ ਚਾਅ ਵਿਚ ਇਹ ਸ਼ੇਅਰ ਪੜ੍ਹਿਆ:

ਉਮਰੀਸਤ ਕਿਹ ਆਵਾਜ਼ਾ-ਏ-ਮਨਸੂਰ ਕੁਹਨ ਸ਼ੁਦ
ਮਨ ਅਜ਼ ਸਰੇ-ਨੌ ਜਲਵਾ ਦਿਹਮ ਦਾਰੋ-ਰਸਨ ਰਾ।

ਭਾਵ ਚਿਰ ਹੋਇਆ ਕਿ ਮਨਸੂਰ ਦਾ ਨਾਅਰਾ-ਏ-ਹੱਕ ਦਾ ਕਿੱਸਾ ਪੁਰਾਣਾ ਹੋ ਗਿਆ ਸੀ, ਮੈਂ ਨਵੇਂ ਸਿਰਿਉਂ ਫਾਂਸੀ ਤੇ ਉਸ ਦੇ ਰੱਸੇ ਦਾ ਜਲਵਾ ਦਿਖਾਉਣ ਲੱਗਾ ਹਾਂ।
ਕੀ ਅੱਜ ਸਾਨੂੰ ਵੀ ਇਹ ਮਹਿਸੂਸ ਨਹੀਂ ਹੋ ਰਿਹਾ ਕਿ ਸੁੱਖਾ-ਜਿੱਦਾ ਦੀ ਸ਼ਹਾਦਤ ਨੇ ਵੀ ਫਾਂਸੀ ਤੇ ਉਸ ਦੇ ਰੱਸੇ ਦੇ ਜਲਵੇ ਨੂੰ ਆਪਣੇ ਨਿਰਾਲੇ ਤੇ ਅਨੂਠੇ ਅੰਦਾਜ਼ ਵਿਚ ਨਵੇਂ ਸਿਰਿਉਂ ਪੇਸ਼ ਕੀਤਾ ਹੈ? ਅੱਜ ਦੋਵਾਂ ਸ਼ਹੀਦਾਂ ਦੀ ਇਸ ਬਰਸੀ ਦੇ ਮੌਕੇ ‘ਤੇ ਇਸ ਅਦੁੱਤੀ ਸ਼ਹਾਦਤ ਵਿਚ ਲੁਕੇ ਇਤਿਹਾਸਕ, ਮਨੋਵਿਗਿਆਨਕ ਅਤੇ ਰਹੱਸਵਾਦੀ ਅਰਥਾਂ ਦੀਆਂ ਗਹਿਰਾਈਆਂ ਅਤੇ ਬੁ¦ਦੀਆਂ ਨੂੰ ਸ਼ਬਦਾਂ ਵਿਚ ਉਤਾਰਨ ਲਈ ਵਿਦਵਾਨਾਂ ਦੀ ਇੰਤਜ਼ਾਰ ਵਿਚ ਸਾਡੀਆਂ ਉਡੀਕਾਂ ਨੇ ਅਜੇ ਦਮ ਨਹੀਂ ਤੋੜਿਆ।

Share:

Facebook
Twitter
Pinterest
LinkedIn
matrimonail-ads
On Key

Related Posts

Elevate-Visual-Studios
Ektuhi Gurbani App
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.