ਨਵੀਂ ਦਿੱਲੀ (ਜੇਐੱਨਐੱਨ) : ਅਫ਼ਗਾਨਿਸਤਾਨ ਖ਼ਿਲਾਫ਼ ਬੈਂਗਲੁਰੂ ਵਿਚ ਦੋ ਸੁਪਰ ਓਵਰ ਤੱਕ ਚੱਲੇ ਤੀਜੇ ਟੀ-20 ਮੁਕਾਬਲੇ ਵਿਚ ਰੋਹਿਤ ਸ਼ਰਮਾ ਦੀ ਬੱਲੇਬਾਜ਼ੀ ਦੇ ਨਾਲ-ਨਾਲ ਕਪਤਾਨੀ ਵੀ ਸ਼ਾਨਦਾਰ ਸੀ। ਪਹਿਲੇ ਸੁਪਰ ਓਵਰ ਦੀ ਆਖ਼ਰੀ ਗੇਂਦ ‘ਤੇ ਰੋਹਿਤ ਮੈਦਾਨ ਤੋਂ ਬਾਹਰ ਚਲੇ ਗਏ ਤੇ ਉਨ੍ਹਾਂ ਦੀ ਥਾਂ ਰਿੰਕੂ ਸਿੰਘ ਮੈਦਾਨ ‘ਤੇ ਉਤਰੇ ਸਨ। ਜੇ ਰੋਹਿਤ ਦੇ ਇਸ ਫ਼ੈਸਲੇ ਨੂੰ ਦੇਖੀਏ ਤਾਂ ਇਸ ਪਿੱਛੇ ਉਨ੍ਹਾਂ ਦੀ ਸੋਚੀ ਸਮਝੀ ਰਣਨੀਤੀ ਸੀ। ਦਰਅਸਲ ਭਾਰਤ ਨੂੰ ਪਹਿਲੇ ਸੁਪਰ ਓਵਰ ਦੀ ਆਖ਼ਰੀ ਗੇਂਦ ‘ਤੇ ਦੋ ਦੌੜਾਂ ਚਾਹੀਦੀਆਂ ਸਨ। ਕ੍ਰੀਜ਼ ‘ਤੇ ਯਸ਼ਸਵੀ ਸਨ ਤੇ ਰੋਹਿਤ ਨਾਨ ਸਟ੍ਰਾਈਕਰ ਵਾਲੇ ਪਾਸੇ ਖੜ੍ਹੇ ਸਨ। ਇਸ ਲਈ ਰੋਹਿਤ ਕਿਸੇ ਤੇਜ਼ ਦੌੜਨ ਵਾਲੇ ਖਿਡਾਰੀ ਦੀ ਸਮਰੱਥਾ ਦਾ ਇਸਤੇਮਾਲ ਕਰਨਾ ਚਾਹੁੰਦੇ ਸਨ ਤੇ ਇਸ ਲਈ ਉਨ੍ਹਾਂ ਨੇ ਰਿੰਕੂ ਸਿੰਘ ਨੂੰ ਭੇਜਿਆ ਤਾਂਕਿ ਜੇ ਗੇਂਦ ਬਾਊਂਡਰੀ ਲਾਈਨ ਕੋਲ ਨਹੀਂ ਜਾਂਦੀ ਹੈ ਤਾਂ ਤੇਜ਼ੀ ਨਾਲ ਦੋ ਦੌੜਾਂ ਲਈਆਂ ਜਾ ਸਕਣ। ਹਾਲਾਂਕਿ ਪਹਿਲੇ ਸੁਪਰ ਓਵਰ ਵਿਚ ਵੀ ਮੈਚ ਟਾਈ ਰਹਿਣ ‘ਤੇ ਦੂਜੇ ਸੁਪਰ ਓਵਰ ਵਿਚ ਰੋਹਿਤ ਇਕ ਵਾਰ ਮੁੜ ਰਿੰਕੂ ਸਿੰਘ ਨਾਲ ਬੱਲੇਬਾਜ਼ੀ ਕਰਨ ਉਤਰੇ ਤੇ ਭਾਰਤ ਲਈ ਇਕੱਲੇ 11 ਦੌੜਾਂ ਬਣਾਈਆਂ। ਦੂਜੇ ਸੁਪਰ ਓਵਰ ਵਿਚ ਜਦ ਗੇਂਦ ਸੌਂਪਣ ਦੀ ਗੱਲ ਆਈ ਤਾਂ ਇਸ ਵਾਰ ਉਨ੍ਹਾਂ ਨੇ ਕਿਸੇ ਤੇਜ਼ ਗੇਂਦਬਾਜ਼ ਨੂੰ ਗੇਂਦ ਸੌਂਪਣ ਦੀ ਥਾਂ ਸਪਿੰਨਰ ਰਵੀ ਬਿਸ਼ਨੋਈ ‘ਤੇ ਯਕੀਨ ਜ਼ਾਹਰ ਕੀਤਾ ਤੇ ਇਸ ਲੈੱਗ ਸਪਿੰਨਰ ਨੇ ਤਿੰਨ ਗੇਂਦਾਂ ਵਿਚ ਦੋ ਵਿਕਟਾਂ ਹਾਸਲ ਕਰ ਕੇ ਭਾਰਤ ਨੂੰ ਜਿੱਤ ਦਿਵਾ ਦਿੱਤੀ। ਸਪਿੰਨਰ ਤੋਂ ਗੇਂਦ ਕਰਵਾਉਣ ‘ਤੇ ਕੋਚ ਦ੍ਰਾਵਿੜ ਨੇ ਕਿਹਾ ਕਿ ਇਹ ਰੋਹਿਤ ਦਾ ਹੀ ਹੌਸਲਾ ਸੀ। 11 ਦਾ ਸਕੋਰ ਜ਼ਿਆਦਾ ਨਹੀਂ ਸੀ। ਰੋਹਿਤ ਨੂੰ ਲੱਗਾ ਕਿ ਇੱਥੇ ਸਪਿੰਨਰ ਕੋਲ ਵਿਕਟਾਂ ਲੈਣ ਦਾ ਬਿਹਤਰ ਮੌਕਾ ਹੋਵੇਗਾ। ਹਾਲਾਂਕਿ ਜਿਸ ਤਰ੍ਹਾਂ ਅਫ਼ਗਾਨੀ ਬੱਲੇਬਾਜ਼ ਖੇਡ ਰਹੇ ਸਨ, ਉਹ ਦੋ ਛੱਕੇ ਲਾ ਕੇ ਮੈਚ ਜਿੱਤ ਸਕਦੇ ਸਨ, ਪਰ ਬਿਸ਼ਨੋਈ ਨੇ ਲੈਂਥ ਨੂੰ ਪਿੱਛੇ ਖਿੱਚਿਆ। ਜੇ ਲੈਂਥ ਫੁਲਰ ਹੁੰਦੀ ਤਾਂ ਛੱਕੇ ਲਗਦੇ। ਮੈਨੂੰ ਲਗਦਾ ਹੈ ਕਿ ਰੋਹਿਤ ਨੇ ਦੌੜਾਂ ਨਾ ਬਚਾ ਕੇ ਵਿਕਟਾਂ ਲੈਣ ਬਾਰੇ ਸੋਚਿਆ, ਜੋ ਸਭ ਤੋਂ ਸਹੀ ਫ਼ੈਸਲਾ ਸੀ।

ਰੋਹਿਤ ਜਦ ਦੂਜੇ ਸੁਪਰ ਓਵਰ ਵਿਚ ਮੁੜ ਬੱਲੇਬਾਜ਼ੀ ਕਰਨ ਆਏ ਤਾਂ ਸਾਰਿਆਂ ਦੇ ਮਨ ਵਿਚ ਸਵਾਲ ਇਹੀ ਸੀ ਕਿ ਕੀ ਰਿਟਾਇਰਡ ਹਰਟ ਸਨ ਜਾਂ ਰਿਟਾਇਰਡ ਆਊਟ। ਨਿਯਮਾਂ ਮੁਤਾਬਕ, ਜੇ ਕੋਈ ਬੱਲੇਬਾਜ਼ ਰਿਟਾਇਰਡ ਆਊਟ ਹੁੰਦਾ ਹੈ ਤਾਂ ਉਹ ਦੁਬਾਰਾ ਸੁਪਰ ਓਵਰ ਕਰਵਾਉਣ ਦੀ ਸਥਿਤੀ ਵਿਚ ਮੁੜ ਬੱਲੇਬਾਜ਼ੀ ਨਹੀਂ ਕਰ ਸਕਦਾ ਹੈ। ਤਾਂ ਫਿਰ ਰੋਹਿਤ ਦੁਬਾਰਾ ਬੱਲੇਬਾਜ਼ੀ ਕਰਨ ਕਿਵੇਂ ਉਤਰੇ? ਇਸ ‘ਤੇ ਬਹਿਸ ਿਛੜ ਗਈ ਹੈ। ਆਈਸੀਸੀ ਦੇ ਖੇਡ ਨਿਯਮ 25.4.2 ਮੁਤਾਬਕ, ਜੇ ਕੋਈ ਖਿਡਾਰੀ ਬਿਮਾਰੀ, ਸੱਟ ਜਾਂ ਕਿਸੇ ਹੋਰ ਜ਼ਰੂਰੀ ਕੰਮ ਕਾਰਨ ਰਿਟਾਇਰ ਹੁੰਦਾ ਹੈ ਤਾਂ ਉਹ ਆਪਣੀ ਪਾਰੀ ਦੀ ਮੁੜ ਤੋਂ ਸ਼ੁਰੂਆਤ ਕਰਨ ਦਾ ਹੱਕਦਾਰ ਹੁੰਦਾ ਹੈ। ਜੇ ਕੋਈ ਬੱਲੇਬਾਜ਼ 25.4.2 ਨਿਯਮ ਤੋਂ ਇਲਾਵਾ ਕਿਸੇ ਹੋਰ ਕਾਰਨ ਰਿਟਾਇਰ ਹੁੰਦਾ ਹੈ ਤਾਂ ਉਹ ਸਿਰਫ਼ ਵਿਰੋਧੀ ਕਪਤਾਨ ਦੀ ਸਹਿਮਤੀ ਨਾਲ ਹੀ ਪਾਰੀ ਸ਼ੁਰੂ ਕਰ ਸਕਦਾ ਹੈ। ਇਕ ਮੈਚ ਅਧਿਕਾਰੀ ਨੇ ਦੱਸਿਆ ਕਿ ਦੂਜੇ ਸੁਪਰ ਓਵਰ ਵਿਚ ਰੋਹਿਤ ਦੇ ਬੱਲੇਬਾਜ਼ੀ ਕਰਨ ਨੂੰ ਲੈ ਕੇ ਵਿਰੋਧੀ ਕਪਤਾਨ ਜਾਂ ਕੋਈ ਕੋਚ ਨੇ ਕੋਈ ਇਤਰਾਜ਼ ਨਹੀਂ ਉਠਾਇਆ ਸੀ, ਇਸ ਲਈ ਉਨ੍ਹਾਂ ਨੇ ਦੂਜੀ ਵਾਰ ਵੀ ਬੱਲੇਬਾਜ਼ ਕੀਤੀ। ਹਾਲਾਂਕਿ ਇਸ ਮਾਮਲੇ ਵਿਚ ਅਫ਼ਗਾਨਿਸਤਾਨ ਦੇ ਕੋਚ ਜੋਨਾਥਨ ਟ੍ਰਾਟ ਨੇ ਮੈਚ ਅਧਿਕਾਰੀਆਂ ਨਾਲ ਗੱਲ ਕੀਤੀ। ਟ੍ਰਾਟ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਰੋਹਿਤ ਰਿਟਾਇਰਡ ਹਰਟ ਸੀ ਜਾਂ ਰਿਟਾਇਰਡ ਆਊਟ। ਕੀ ਕਦੀ ਦੋ ਸੁਪਰ ਓਵਰ ਹੋਏ ਹਨ? ਅਸੀਂ ਨਵੇਂ ਨਿਯਮ ਤੈਅ ਕਰਦੇ ਰਹਿੰਦੇ ਹਾਂ। ਟ੍ਰਾਟ ਨੇ ਕਿਹਾ ਕਿ ਅਸੀਂ ਦੂਜਾ ਓਵਰ ਵੀ ਅਜਮਤੁੱਲ੍ਹਾ ਓਮਾਰਜਈ ਤੋਂ ਕਰਵਾਉਣਾ ਚਾਹੁੰਦੇ ਸੀ ਪਰ ਕਿਉਂਕਿ ਉਹ ਪਹਿਲਾ ਸੁਪਰ ਓਵਰ ਕਰ ਚੁੱਕੇ ਸਨ, ਇਸ ਲਈ ਨਵੇਂ ਨਿਯਮਾਂ ਨੇ ਸਾਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ। ਇਸ ਨਿਯਮ ਬਾਰੇ ਸਾਨੂੰ ਨਹੀਂ ਦੱਸਿਆ ਗਿਆ ਸੀ।

ਇਸ ‘ਤੇ ਜਦ ਭਾਰਤੀ ਕੋਚ ਰਾਹੁਲ ਦ੍ਰਾਵਿੜ ਤੋਂ ਪੁੱਿਛਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਰਵੀਚੰਦਰਨ ਅਸ਼ਵਿਨ ਦੀ ਸੋਚ ਸੀ। ਅਸ਼ਵਿਨ ਨੇ ਆਈਪੀਐੱਲ 2022 ਵਿਚ ਰਾਜਸਥਾਨ ਰਾਇਲਜ਼ ਤੇ ਲਖਨਊ ਸੁਪਰ ਜਾਇੰਟਜ਼ ਦੇ ਮੈਚ ਦੌਰਾਨ ਇਹੀ ਕੀਤਾ ਸੀ। ਅਸ਼ਵਿਨ ਨੇ ਖ਼ੁਦ ਨੂੰ ਰਿਟਾਇਰਡ ਕਰ ਕੇ ਦੂਜੇ ਬੱਲੇਬਾਜ਼ ਨੂੰ ਮੈਦਾਨ ‘ਤੇ ਉਤਾਰਿਆ ਸੀ। ਦ੍ਰਾਵਿੜ ਨੇ ਕਿਹਾ ਕਿ ਇਹ ਅਸ਼ਵਿਨ ਦੀ ਸੋਚ ਸੀ ਤੇ ਅਸੀਂ ਉਸੇ ਨੂੰ ਇੱਥੇ ਲਾਗੂ ਕੀਤਾ।