ਦੱਸ ਦੇਈਏ ਕਿ ਮਾਮਲੇ ‘ਚ ਜਦੋਂ ਗੁਰਮੀਤ ਰਾਮ ਰਹੀਮ ਸਿੰਘ ਨੂੰ 25 ਅਗਸਤ 2017 ਨੂੰ ਸਜ਼ਾ ਸੁਣਾਈ ਗਈ ਸੀ, ਉਦੋਂ ਦੋਵਾਂ ਦਰਮਿਆਨ ਆਖ਼ਰੀ ਮੁਲਾਕਾਤ ਹੋਈ ਸੀ। ਅਦਾਲਤ ਵੱਲੋਂ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਜਦੋਂ ਡੇਰਾ ਮੁਖੀ ਨੂੰ ਹੈਲੀਕਾਪਟਰ ‘ਚ ਲਿਜਾਇਆ ਗਿਆ ਸੀ, ਉਸ ਸਮੇਂ ਹਨੀਪ੍ਰੀਤ ਵੀ ਮੌਜੂਦ ਸੀ। ਇਸ ਤੋਂ ਬਾਅਦ ਹੁਣ ਦੋਵਾਂ ਦੀ ਮੁਲਾਕਾਤ ਹੋਈ ਹੈ। ਹਨੀਪ੍ਰੀਤ ਨੂੰ ਰਾਮ ਰਹੀਮ ਦਾ ਰਾਜ਼ਦਾਰ ਮੰਨਿਆ ਜਾਂਦਾ ਹੈ।
ਵਰਣਨਯੋਗ ਹੈ ਕਿ ਹਨੀਪ੍ਰੀਤ ਨੇ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ ਡੇਰਾ ਮੁਖੀ ਨਾਲ ਮੁਲਾਕਾਤ ਦੀ ਇੱਛਾ ਪ੍ਰਗਟਾਈ ਸੀ, ਪਰ ਕਾਨੂੰਨੀ ਰੁਕਾਵਟਾਂ ਕਾਰਨ ਇਹ ਮੁਲਾਕਾਤ ਨਹੀਂ ਹੋ ਸਕੀ। ਗ੍ਰਹਿ ਮੰਤਰੀ ਅਨਿਲ ਵਿਜ ਨੇ ਹਨੀਪ੍ਰੀਤ ਦੀ ਮੁਲਾਕਾਤ ਨੂੰ ਲੈ ਕੇ ਸਿਰਸਾ ਪੁਲਿਸ ਵੱਲੋਂ ਸੁਰੱਖਿਆ ਦੇ ਲਿਹਾਜ਼ ਨਾਲ ਜੋ ਰਿਪੋਰਟ ਦਿੱਤੀ ਗਈ ਸੀ, ਉਸ ਨੂੰ ਦੁਬਾਰਾ ਜਾਂਚ ਲਈ ਕਿਹਾ ਗਿਆ ਸੀ। ਵਿਜ ਦਾ ਕਹਿਣਾ ਸੀ ਕਿ ਜੇਕਰ ਉਸ ‘ਚ ਕੋਈ ਕਾਨੂੰਨੀ ਰੁਕਾਵਟ ਨਹੀਂ ਹੈ ਤਾਂ ਉਸ ਨੂੰ ਰੋਕਿਆ ਨਹੀਂ ਜਾਵੇਗਾ। ਸੁਨਾਰੀਆ ਜੇਲ੍ਹ ਪ੍ਰਸ਼ਾਸਨ ਵੱਲੋਂ ਡੇਰਾ ਮੁਖੀ ਅਤੇ ਹਨੀਪ੍ਰੀਤ ਦੀ ਮੁਲਾਕਾਤ ਨੂੰ ਲੈ ਕੇ ਸਿਰਸਾ ਪੁਲਿਸ ਤੋਂ ਰਿਪੋਰਟ ਮੰਗੀ ਗਈ ਸੀ। ਰਿਪੋਰਟ ‘ਚ ਸਿਰਸਾ ਪੁਲਿਸ ਨੇ ਕਾਨੂੰਨ ਪ੍ਰਬੰਧ ਵਿਗੜਨ ਦੀ ਸੰਭਾਵਨਾ ਪ੍ਰਗਟਾਈ ਸੀ।
ਜ਼ਿਕਰਯੋਗ ਹੈ ਕਿ ਡੇਰਾ ਮੁਖੀ ਨੂੰ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ‘ਚ ਦੋਸ਼ੀ ਠਹਿਰਾਉਣ ਤੋਂ ਬਾਅਦ ਪੰਚਕੂਲਾ ‘ਚ ਹੋਈ ਹਿੰਸਾ ਮਾਮਲੇ ‘ਚ ਹਨੀਪ੍ਰੀਤ ਵੀ ਜੇਲ੍ਹ ‘ਚ ਬੰਦ ਸੀ। ਕੁਝ ਦਿਨ ਪਹਿਲਾਂ ਹੀ ਹਨੀਪ੍ਰੀਤ ‘ਤੇ ਚੱਲ ਰਹੇ ਕੇਸ ‘ਚ ਦੇਸ਼ਧ੍ਰੋਹ ਦੀ ਧਾਰਾ ਹਟਾ ਦਿੱਤੀ ਗਈ ਹੈ। ਇਸ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ ਸੀ। ਇਸ ਤੋਂ ਬਾਅਦ ਉਸ ਨੇ ਡੇਰਾ ਮੁਖੀ ਨੂੰ ਮਿਲਣ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਸੀ।