ਰਜਨੀਸ਼, ਧਾਰਕਲਾਂ
ਅੱਜ ਸੀਪੀਐੱਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਮੰਗ ਕਰਦੇ ਹੋਏ ਪੂਰੇ ਪੰਜਾਬ ਭਰ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵਿਰੁੱਧ ਰੋਸ ਮੁਜ਼ਾਹਰਾ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਸਾੜਿਆ। ਸੀਪੀਐਫ ਕਰਮਚਾਰੀ ਯੂਨੀਅਨ ਜ਼ਿਲ੍ਹਾ ਪਠਾਨਕੋਟ ਵੱਲੋਂ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਰਣਜੀਤ ਸਾਗਰ ਡੈਮ ਮੁੱਖ ਇੰਜੀਨੀਅਰ ਦਫ਼ਤਰ ਸ਼ਾਹਪੁਰਕੰਡੀ ਮੂਹਰੇ ਵਿਸ਼ਾਲ ਇਕੱਠ ਕਰਦੇ ਹੋਏ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ‘ਚ ਸੀਪੀਐਫ ਕਰਮਚਾਰੀ ਯੂਨੀਅਨ ਦੇ ਪੰਜਾਬ ਪ੍ਰਧਾਨ ਸੁਖਜੀਤ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਰੋਸ ਮੁਜ਼ਾਹਰੇ ਨੂੰ ਸੰਬੋਧਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਪੁਰਾਣੀ ਪੈਨਸ਼ਨ ਬਹਾਲੀ ਲਈ ਤਿੰਨ ਵਾਰ ਕੈਬਿਨੇਟ ਵਿੱਚ ਮਤਾ ਪਾਸ ਕੀਤਾ ਗਿਆ ਪਰ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਗਈ। ਉਹਨਾਂ ਦੱਸਿਆ ਕਿ ਸਰਕਾਰ ਮੁਲਾਜ਼ਮਾਂ ਨੂੰ ਲਾਰੇ ਤੇ ਲਾਰਾ ਲਾ ਰਹੀ ਹੈ ਪਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕਰ ਰਹੀ। ਉਹਨਾਂ ਦੱਸਿਆ ਕਿ ਅੱਜ ਉਨਾਂ੍ਹ ਵੱਲੋਂ ਸੂਬੇ ਭਰ ਵਿੱਚ ਸਰਕਾਰ ਵਿਰੁੱਧ ਧਰਨੇ ਰੋਸ ਮੁਜ਼ਾਹਰੇ ਅਤੇ ਅਰਥੀ ਫੂਕ ਦੇ ਪੋ੍ਗਰਾਮ ਉਲੀਕੇ ਗਏ ਸੀ। ਜਿਸ ਨੂੰ ਰੋਕਣ ਲਈ ਸਰਕਾਰ ਇੰਨੀ ਬੌਖਲਾਹਟ ਵਿੱਚ ਸੀ ਕਿ ਸਰਕਾਰ ਨੇ ਪਹਿਲਾਂ ਤਾਂ ਸਵੇਰੇ 4 ਵਜੇ ਉਸਨੂੰ ਘਰ ਵਿੱਚ ਨਜ਼ਰ ਬੰਦ ਕੀਤਾ ਅਤੇ ਹੋਰਨਾਂ ਆਗੂਆਂ ਦੇ ਘਰਾਂ ਵਿੱਚ ਪੁਲਿਸ ਭੇਜੀ ਗਈ ਪਰ ਮੁਲਾਜ਼ਮਾਂ ਦੇ ਜ਼ੋਰ ਦੇ ਅੱਗੇ ਝੁਕਦੇ ਹੋਏ ਸਰਕਾਰ ਨੂੰ ਨਜ਼ਰਬੰਦ ਕੀਤੇ ਮੁਲਾਜ਼ਮਾਂ ਨੂੰ ਛੱਡਣਾ ਪਿਆ ਤੇ ਅੱਜ ਅਸੀਂ ਪੂਰੇ ਪੰਜਾਬ ਭਰ ਵਿੱਚ ਅਰਥੀ ਫੂਕ ਮੁਜ਼ਾਹਰੇ ਕਰ ਰਹੇ ਹਾਂ। ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ 1 ਅਕਤੂਬਰ ਨੂੰ ਅਸੀਂ ਦਿੱਲੀ ਵਿੱਚ ਵਿਸ਼ਾਲ ਰੈਲੀ ਕਰਨ ਜਾ ਰਹੇ ਹਾਂ । ਇਸ ਮੌਕੇ ਨਿਰਵੇਸ ਡੋਗਰਾ ਸੀ.ਪੀ.ਐਫ ਜ਼ਿਲ੍ਹਾ ਪਠਾਨਕੋਟ ਆਈਟੀ ਸੈਲ ਇੰਚਾਰਜ ,ਗੁਰਨਾਮ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਪੀਐੱਸਐੱਨਯੂ, ਅਵਿਸ਼ੇਕ, ਰਾਮ ਸਿੰਘ, ਦੀਪਤੀ, ਪੂਜਾ ਸ਼ਰਮਾ, ਸੋਨੀਆ, ਪਿ੍ਰਯੰਕਾ, ਰਜਨੀ, ਪੂਨਮ, ਅੰਜਲੀ, ਮਧੂ ਬਾਲਾ, ਸ਼ੀਤਲ ਆਦਿ ਮੌਜੂਦ ਸਨ।



