ਸਰਵਣ ਸਿੰਘ ਭੰਗਲਾਂ, ਸਮਰਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਦੀ ਅਗਵਾਈ ‘ਚ ਜਥੇਬੰਦੀ ਦੇ ਅਹੁਦੇਦਾਰਾਂ ਮਲਕੀਤ ਸਿੰਘ ਘੁਲਾਲ, ਹਰਦੀਪ ਸਿੰਘ ਰਾਣਵਾ, ਰਜਿੰਦਰ ਸਿੰਘ ਲੱਲ ਕਲਾਂ, ਬਲਿਹਾਰ ਸਿੰਘ ਲੱਲ ਕਲਾਂ ਵੱਲੋ ਜਥੇਬੰਦੀ ਦੀ ਮਜ਼ਬੂਤੀ ਲਈ ਪਿੰਡ ਘਰਖਣਾਂ ਦੀ ਪਿੰਡ ਪੱਧਰੀ ਇਕਾਈ ਦਾ ਪੁਨਰ ਗਠਨ ਕੀਤਾ ਗਿਆ।

ਇਸ ਮੌਕੇ ਸੁਪਿੰਦਰ ਸਿੰਘ ਬੱਗਾ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਆਏ ਦਿਨ ਨਿੱਤ ਨਵੇਂ ਹਮਲੇ ਪੰਜਾਬ ਉੱਪਰ ਸਾਜ਼ਿਸ਼ਾਂ ਤਹਿਤ ਕੀਤੇ ਜਾ ਰਹੇ ਹਨ, ਜਿਸ ਦੀ ਤਾਜ਼ਾ ਉਦਾਹਰਨ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ ਨੂੰ ਪੰਜਾਬ ਸਰਕਾਰ ਰਾਹੀਂ ਚਿੱਪ ਵਾਲੇ ਮੀਟਰ ਲਗਵਾ ਕੇ ਪੰਜਾਬ ‘ਚ ਬਿਜਲੀ ਸੋਧ ਬਿੱਲ ਨੂੰ ਪਿਛਲੇ ਦਰਵਾਜ਼ੇ ਰਾਹੀਂ ਲਾਗੂ ਕਰਨ ਦੀਆਂ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਤੋਂ ਮਿਲਦੀ ਹੈ। ਸਰਕਾਰ ਦੀ ਇਸ ਸਾਜ਼ਿਸ਼ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸਖਤ ਵਿਰੋਧ ਕਰਦੀ ਹੈ ਤੇ ਇਹ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ। ਗੁਰਦੀਪ ਸਿੰਘ ਬਰਮਾਂ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜਨਮ ਭੂਮੀ ਪਿੰਡ ਸਰਾਭਾ ਵਿਖੇ 14 ਦਸੰਬਰ ਨੂੰ ਕਿਸਾਨੀ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਤੇ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਗਈਆਂ ਮੰਗਾਂ ਸਬੰਧੀ ਕਿਸਾਨ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ।

ਇਸ ਸਬੰਧੀ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਮੁਤਾਬਿਕ ਸਾਰੇ ਬਲਾਕਾਂ ਤੇ ਪਿੰਡ ਇਕਾਈਆਂ ਦੀ ਮੀਟਿੰਗਾਂ ਕਰ ਕੇ ਡਿਊਟੀ ਲਾ ਦਿੱਤੀ ਗਈ ਹੈ। ਸਰਬਸੰਮਤੀ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪਿੰਡ ਘਰਖਣਾਂ ਦੀ ਪਿੰਡ ਪੱਧਰੀ ਇਕਾਈ ਦਾ ਪੁਨਰਗਠਨ ਕੀਤਾ ਗਿਆ, ਜਿਸ ‘ਚ ਪ੍ਰਧਾਨ ਪਰਉਪਕਾਰ ਸਿੰਘ ਨੂੰ ਤੇ ਜਨਰਲ ਸਕੱਤਰ ਨਿਰਭੈ ਸਿੰਘ, ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ, ਮੀਤ ਪ੍ਰਧਾਨ ਗਗਨਦੀਪ ਸਿੰਘ, ਖਜਾਨਚੀ ਖੁਸਵਿੰਦਰ ਸਿੰਘ ਤੇ ਅਪਰਅਪਾਰ ਸਿੰਘ ਨੂੰ ਤੇ ਮੀਡੀਆ ਸਕੱਤਰ ਪੇ੍ਮ ਸਿੰਘ, ਸਲਾਹਕਾਰ ਰਣਧੀਰ ਸਿੰਘ, ਬੁਲਾਰਾ ਸੰਦੀਪ ਸਿੰਘ, ਸਲਾਹਕਾਰ ਗੁਰਦੀਪ ਸਿੰਘ ਤੇ ਰਸਪਾਲ ਸਿੰਘ ਨੂੰ ਚੁਣਿਆ ਗਿਆ।