ਅਵਿਨਾਸ਼ ਸ਼ਰਮਾ, ਸਿੱਧਵਾਂ ਦੋਨਾ : ਪਿਛਲੇ ਕਰੀਬ ਇੱਕ ਮਹੀਨੇ ਤੋਂ ਸਿੱਧਵਾਂ ਦੋਨਾ ਤੇ ਨਾਲ ਲਗਦੇ ਪਿੰਡਾਂ ‘ਚ ਡੇਂਗੂ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਤੇ ਸੈਂਕੜਿਆਂ ਦੀ ਗਿਣਤੀ ‘ਚ ਘਰ ਘਰ ਬੁਖਾਰ ਨਾਲ ਜੂਝ ਰਹੇ ਮਰੀਜ਼ਾਂ ਨੂੰ ਦੇਖਦਿਆਂ ਸਾਰੇ ਪਿੰਡ ਵਾਸੀ ਪੂਰੇ ਦਹਿਸ਼ਤ ਭਰੇ ਮਾਹੌਲ ‘ਚ ਜੀਅ ਰਹੇ ਹਨ। ਪਿੰਡ ਵਾਸੀਆਂ ਵੱਲੋਂ ਉਕਤ ਬਿਮਾਰੀ ਸਬੰਧੀ ਸਿਵਲ ਸਰਜਨ ਕਪੂਰਥਲਾ ਡਾ. ਰਾਜਵਿੰਦਰ ਕੌਰ ਦੇ ਧਿਆਨ ‘ਚ ਲਿਆਂਦਾ ਗਿਆ। ਉਨ੍ਹਾਂ ਅੱਜ ਕਾਲਾ ਸੰਿਘਆਂ ਹਸਪਤਾਲ ‘ਚ ਤਾਇਨਾਤ ਐੱਸਐੱਮਓ ਡਾ. ਭੁਪਿੰਦਰਜੀਤ ਕੌਰ ਨੂੰ ਪਿੰਡ ਸਿੱਧਵਾਂ ਦੋਨਾ ਪਹੁੰਚਣ ਲਈ ਕਿਹਾ ਤੇ ਸਿੱਧਵਾਂ ਦੋਨਾ ਵਿਖੇ ਪਹੁੰਚ ਕੇ ਐੱਸਐੱਮਓ ਨੇ ਪਿੰਡ ਦੇ ਪਤਵੰਤਿਆਂ ਤੇ ਪੰਚਾਇਤ ਮੈਂਬਰਾਂ ਕੋਲੋਂ ਪਿੰਡ ‘ਚ ਬਿਮਾਰੀ ਨਾਲ ਜੂਝ ਰਹੇ ਮਰੀਜ਼ਾਂ ਬਾਰੇ ਜਾਣਕਾਰੀ ਹਾਸਲ ਕੀਤੀ।

ਇਸ ਮੌਕੇ ਸਰਪੰਚ ਜਸਵਿੰਦਰ ਸਿੰਘ, ਮਾਸਟਰ ਸਰਬਣ ਸਿੰਘ ਪੰਚ, ਸੁਖਪਾਲ ਸਿੰਘ ਪੰਚ, ਮਾਸਟਰ ਵਿਜੇ ਕੁਮਾਰ ਸ਼ਰਮਾ ਨੇ ਐੱਸਐੱਮਓ ਨੂੰ ਦੱਸਿਆ ਕਿ ਪਿਛਲੇ ਕਰੀਬ ਇਕ ਮਹੀਨੇ ਤੋਂ ਸਾਡੇ ਪਿੰਡ ‘ਚ ਵੱਡੀ ਗਿਣਤੀ ‘ਚ ਲੋਕਾਂ ਨੂੰ ਤੇਜ਼ ਬੁਖਾਰ ਹੋਣ ਕਾਰਨ ਸੈੱਲ ਘੱਟ ਰਹੇ ਹਨ। ਕੁਝ ਬਿਮਾਰ ਵਿਅਕਤੀਆਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿਨ੍ਹਾਂ ਨੂੰ ਡੇਂਗੂ ਨਮੂਨੀਆ ਤੇ ਸੈੱਲ ਦੀ ਘਾਟ ਪੂਰੀ ਨਾ ਹੋਣ ਕਰ ਕੇ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪਏ। ਇਸ ਕਰਕੇ ਪੂਰੇ ਪਿੰਡ ਦੇ ਲੋਕ ਬਿਮਾਰੀ ਤੋਂ ਘਬਰਾਏ ਹੋਏ ਹਨ। ਪੰਚਾਇਤ ਵੱਲੋਂ ਡਾ. ਸਾਹਿਬਾ ਨੂੰ ਪਿੰਡ ‘ਚ ਫੋਗਿੰਗ ਕਰਵਾਉਣ ਤੇ ਪਿੰਡ ‘ਚੋਂ ਡੇਂਗੂ ਲਾਰਵੇ ਨੂੰ ਨਸ਼ਟ ਕਰਨ ਲਈ ਕਿਹਾ ਗਿਆ। ਐੱਸਐੱਮਓ ਵੱਲੋਂ ਮੌਕੇ ‘ਤੇ ਫੋਗਿੰਗ ਕਰਨ ਦੀ ਦਿਵਾਈ ਦਿੱਤੀ ਗਈ ਤੇ ਆਪਣੀ ਟੀਮ ਨੂੰ ਪਿੰਡ ਦੇ ਛੱਪੜਾਂ ‘ਚ ਕਾਲਾ ਤੇਲ ਪਾਉਣ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਵੀ ਘਰਾਂ ‘ਚ ਪਾਣੀ ਦੀਆਂ ਟੈਂਕੀਆਂ, ਕੂਲਰਾਂ, ਫਰਿੱਜਾਂ, ਗਮਲਿਆਂ ‘ਚ ਪਾਣੀ ਇਕੱਠਾ ਨਾ ਕਰਨ ਲਈ ਕਿਹਾ ਗਿਆ।

ਇਸ ਮੌਕੇ ਐੱਸਐੱਮਓ ਡਾ. ਭੁਪਿੰਦਰਜੀਤ ਕੌਰ ਦੇ ਨਾਲ ਐੱਮਓ ਡਾ. ਗੁਰਨਾਮ ਵੀ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਸੀਐੱਚਓ ਡਾ. ਕਾਮਨੀ, ਏਐੱਨਐੱਮ ਸ਼ਿੰਦਰਪਾਲ ਕੌਰ, ਐੱਮਪੀਐੱਚਡਬਲਯੂ ਸੁਖਵਿੰਦਰ ਸਿੰਘ, ਡਾਕਟਰ ਬਲਰਾਮ ਏਐੱਮਓ ਸਿੱਧਵਾਂ ਦੋਨਾ, ਡਾਕਟਰ ਕਾਮਨੀ ਸੀਐੱਚਓ ਸਿੱਧਵਾਂ ਦੋਨਾ, ਰੰਜਨਾ ਕੁਮਾਰੀ ਫਾਰਮਾਸਿਸਟ, ਸੁਖਵਿੰਦਰ ਸਿੰਘ ਐੱਮਪੀਐੱਚਡਬਲਯੂ, ਸਰਬਜੀਤ ਸਿੰਘ ਐੱਮਪੀਐੱਚਡਬਲਯੂ, ਜਪਨਾਮ ਸਿੰਘ ਐੱਮਪੀਐੱਚਡਬਲਯੂ ਆਦਿ ਹਾਜ਼ਰ ਸਨ।