ਸਟਾਫ ਰਿਪੋਰਟਰ, ਰੂਪਨਗਰ : 17 ਸਤੰਬਰ ਤੋਂ 2 ਅਕਤੂਬਰ ਤਕ ਜ਼ਿਲ੍ਹੇ ਵਿੱਚ ਚਲਾਈ ਜਾਣ ਵਾਲੀ ਆਯੂਸ਼ਮਾਨ ਭਵ ਮੁਹਿੰਮ ਤਹਿਤ ਲੋਕਾਂ ਨੂੰ ਅੰਗਦਾਨ ਕਰਨ ਲਈ ਪੇ੍ਰਿਤ ਕਰਨ ਹਿੱਤ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ, ਸਹਾਇਕ ਸਿਵਲ ਸਰਜਨ ਡਾ. ਅੰਜੂ, ਪਿੰ੍ਸੀਪਲ ਸਰਕਾਰੀ ਨਰਸਿੰਗ ਸਕੂਲ ਦਿਲਦੀਪ ਕੌਰ ਅਤੇ ਬਲੱਡ ਬੈਂਕ ਰੂਪਨਗਰ ਦੇ ਲੈਬ ਟੈਕਨੀਸ਼ਅਨ ਅਮਨਦੀਪ ਵੱਲੋਂ ਮਰਨ ਉਪਰੰਤ ਸਰੀਰ ਦੇ ਸਾਰੇ ਅੰਗ ਦਾਨ ਕਰਨ ਹਿੱਤ ਫਾਰਮ ਭਰੇ ਗਏ।
ਇਸ ਮੌਕੇ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਕਿਹਾ ਕਿ ਜਿਵੇਂ ਅਸੀਂ ਸਾਰੇ ਖ਼ੂਨਦਾਨ ਅਤੇ ਅੱਖਾਂ ਦਾਨ ਨੂੰ ਮਹਾਦਾਨ ਮੰਨਦੇ ਹਾਂ। ਉਸੇ ਤਰ੍ਹਾਂ ਅੰਗਦਾਨ ਵੀ ਸਭ ਤੋਂ ਉੱਤਮ ਦਾਨ ਹੈ, ਜਿਵੇਂ ਕਿ ਅੰਗਦਾਨ ਰਾਹੀਂ ਅਸੀਂ ਇਕ ਨਹੀਂ, ਬਲਕਿ ਕਈ ਲੋਕਾਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕਰ ਸਕਦੇ ਹਾਂ। ਅੰਗਦਾਨ ਕਰਨ ਵਾਲਾ ਵਿਅਕਤੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਲਾਹ ਕਰਨ ਉਪਰੰਤ ਸਹਿਮਤੀ ਨਾਲ ਸਾਦਾ ਫਾਰਮ ਭਰ ਕੇ ਅੰਗਦਾਨ ਕਰ ਸਕਦੇ ਹਾਂ। ਅੰਗਦਾਨ ਕਰਨ ਵਾਲਾ ਵਿਅਕਤੀ ਆਪਣੇ ਸਰੀਰ ਵਿੱਚੋਂ ਦਿਲ, ਕਿਡਨੀਆਂ, ਲੀਵਰ, ਪੈਨਕਿਰਿਆ ਆਦਿ ਤੋਂ ਇਲਾਵਾ ਸਰੀਰ ਦੇ ਕਈ ਤਰ੍ਹਾਂ ਦੇ ਟਿਸ਼ੂ ਆਦਿ ਵੀ ਦਾਨ ਕਰ ਸਕਦਾ ਹੈ। ਮੌਤ ਉਪਰੰਤ ਪਰਿਵਾਰਕ ਮੈਂਬਰਾਂ ਵੱਲੋਂ ਸੂਚਿਤ ਕਰਨ ਉਪਰੰਤ ਅੰਗਦਾਨ ਦੀ ਕਾਰਵਾਈ ਨੇੜੇ ਦੇ ਮੈਡੀਕਲ ਕਾਲਜ ਵੱਲੋਂ ਜਾਂ ਉਚੇਰੀ ਸਿਹਤ ਸੰਸਥਾ ਵੱਲੋਂ ਕੀਤੀ ਜਾਂਦੀ ਹੈ, ਸਿਰਫ ਅੰਗ ਕੱਢਣ ਉਪਰੰਤ ਮਿ੍ਤਕ ਸਰੀਰ ਅੰਤਿਮ ਰਸਮਾਂ ਲਈ ਪਰਿਵਾਰਕ ਵਾਰਸਾਂ ਨੂੰ ਵਾਪਸ ਦੇ ਦਿੱਤਾ ਜਾਂਦਾ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅੰਜੂ ਨੇ ਕਿਹਾ ਕਿ ਜੇਕਰ ਅਸੀਂ ਇਸ ਮੁਹਿੰਮ ਦੌਰਾਨ ਲੋਕਾਂ ਨੂੰ ਅੰਗਦਾਨ ਕਰਨ ਲਈ ਪੇ੍ਰਿਤ ਕਰਨਾ ਹੈ ਤਾਂ ਸਾਨੂੰ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ ਅਤੇ ਇਸ ਸਬੰਧੀ ਸਭ ਤਰ੍ਹਾਂ ਦੇ ਵਹਿਮਾਂ-ਭਰਮਾਂ ਨੂੰ ਦਰਕਿਨਾਰ ਕਰਦਿਆਂ ਇਸ ਸ਼ਲਾਘਾਯੋਗ ਕਾਰਜ ਵਿੱਚ ਹਿੱਸੇਦਾਰ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 15 ਸਤੰਬਰ ਤੋਂ ਚੱਲਣ ਵਾਲੀ ਆਯੂਸ਼ਮਾਨ ਭਵ ਮੁਹਿੰਮ ਅਧੀਨ ਸਿਹਤ ਵਿਭਾਗ ਦੇ ਸਟਾਫ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਇਸ ਕੰਮ ਲਈ ਪੇ੍ਰਿਤ ਕੀਤਾ ਜਾਵੇਗਾ। ਖ਼ੂਨਦਾਨ ਕੈਂਪਾਂ ਵਿੱਚ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਖ਼ੂਨਦਾਨ, ਅੱਖਾਂਦਾਨ ਦੇ ਨਾਲ-ਨਾਲ ਅੰਗਦਾਨ ਦੇ ਵੀ ਫਾਰਮ ਭਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸਾਨੂੰ ਅਹਿਦ ਕਰਨਾ ਚਾਹੀਦਾ ਹੈ ਕਿ ਕੋਈ ਵੀ ਜ਼ਰੂਰਤਮੰਦ ਮਰੀਜ਼ ਅੰਗਦਾਨ ਦੀ ਕਮੀ ਨਾਲ ਨਾ ਮਰੇ।



