ਬਲਵਾਨ ਕਰੀਵਾਲ, ਚੰਡੀਗੜ੍ਹ : Kangana Ranaut will Contest Lok Sabha elections 2024: ਇਸ ਵਾਰ ਵੀ ਸਥਾਨਕ ਭਾਜਪਾ ਆਗੂਆਂ ਦੀ ਧੜੇਬੰਦੀ ਦਾ ਫਾਇਦਾ ਕਿਸੇ ਨਵੇਂ ਚਿਹਰੇ ਨੂੰ ਮਿਲ ਸਕਦਾ ਹੈ। ਚੰਡੀਗੜ੍ਹ ਸੀਟ ਲਈ ਕਈ ਵੱਡੇ ਚਿਹਰਿਆਂ ਦੀ ਚਰਚਾ ਹੋ ਰਹੀ ਹੈ। ਅਭਿਨੇਤਰੀ ਕੰਗਨਾ ਰਣੌਤ ਵੀ ਇਨ੍ਹਾਂ ‘ਚੋਂ ਇਕ ਹੈ। ਤਿੰਨ ਦਿਨ ਪਹਿਲਾਂ ਅਦਾਕਾਰਾ ਕੰਗਨਾ ਰਣੌਤ ਨੇ ਹਿਮਾਚਲ ਪ੍ਰਦੇਸ਼ ਦੇ ਦੌਰੇ ਦੌਰਾਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨਾਲ ਮੁਲਾਕਾਤ ਕੀਤੀ ਸੀ।

ਭਾਜਪਾ ਦੀ ਟਿਕਟ ‘ਤੇ ਚੋਣ ਲੜੇਗੀ ਕੰਗਨਾ ਰਣੌਤ

ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੇ ਪਿਤਾ ਅਮਰਦੀਪ ਰਣੌਤ ਨੇ ਖੁਦ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੰਗਨਾ 2024 ਦੀਆਂ ਲੋਕ ਸਭਾ ਚੋਣਾਂ ਭਾਜਪਾ ਦੀ ਟਿਕਟ ‘ਤੇ ਲੜੇਗੀ।

ਹਾਲਾਂਕਿ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਉਹ ਕਿਸ ਸੀਟ ਤੋਂ ਚੋਣ ਲੜੇਗੀ। ਕੰਗਨਾ ਦੇ ਪਿਤਾ ਦੇ ਇਸ ਬਿਆਨ ਨਾਲ ਸਿਆਸੀ ਹਲਕਿਆਂ ‘ਚ ਮਾਹੌਲ ਫਿਰ ਗਰਮ ਹੋ ਗਿਆ ਹੈ। ਇਸ ਦੀ ਚਰਚਾ ਚੰਡੀਗੜ੍ਹ ਵਿੱਚ ਵੀ ਸ਼ੁਰੂ ਹੋ ਗਈ ਹੈ।

ਚੰਡੀਗੜ੍ਹ ਤੋਂ ਟਿਕਟ ਮਿਲਣ ਦੀ ਇਹ ਹੋਵੇਗੀ ਵਜ੍ਹਾ

ਕੰਗਨਾ ਰਣੌਤ ਦੇ ਤਿੰਨ ਲੋਕ ਸਭਾ ਹਲਕਿਆਂ ਤੋਂ ਚੋਣ ਲੜਨ ਦੀ ਚਰਚਾ ਹੈ। ਇਨ੍ਹਾਂ ਵਿੱਚੋਂ ਪਹਿਲੀ ਸੀਟ ਚੰਡੀਗੜ੍ਹ ਹੈ। ਇਸ ਦਾ ਕਾਰਨ ਇਹ ਹੈ ਕਿ ਕੰਗਨਾ ਨੇ ਚੰਡੀਗੜ੍ਹ ‘ਚ ਰਹਿ ਕੇ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਹੈ।

ਉਸ ਨੇ ਸੈਕਟਰ-15 ਸਥਿਤ ਡੀਏਵੀ ਸਕੂਲ ਤੋਂ ਪੜ੍ਹਾਈ ਕੀਤੀ ਹੈ। ਇੱਥੋਂ ਹੀ ਮਾਡਲਿੰਗ ਦੀ ਦੁਨੀਆ ‘ਚ ਆਉਣ ਦਾ ਸੁਪਨਾ ਵੀ ਬੁਣਿਆ। ਇਸ ਕਾਰਨ ਉਸ ਦਾ ਸ਼ਹਿਰ ਨਾਲ ਸਬੰਧ ਹੈ। ਉਸ ਦਾ ਪਰਿਵਾਰ ਵੀ ਚੰਡੀਗੜ੍ਹ ਰਹਿੰਦਾ ਹੈ।

ਮੂਲ ਰੂਪ ‘ਚ ਮੰਡੀ ਦੀ ਰਹਿਣ ਵਾਲੀ ਹੈ ਕੰਗਨਾ ਰਣੌਤ

ਹਾਲਾਂਕਿ, ਕੰਗਨਾ ਰਣੌਤ ਮੂਲ ਰੂਪ ‘ਚ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਇਸ ਤੋਂ ਇਲਾਵਾ ਰਾਸ਼ਟਰਵਾਦੀ ਵਿਚਾਰਧਾਰਾ ਅਤੇ ਭਾਜਪਾ ਵੱਲ ਝੁਕਾਅ ਵੀ ਉਨ੍ਹਾਂ ਦਾ ਨਾਂ ਚਰਚਾ ‘ਚ ਆਉਣ ਦਾ ਕਾਰਨ ਬਣ ਰਿਹਾ ਹੈ।

ਇਸ ਨਾਲ ਭਾਜਪਾ ਉਨ੍ਹਾਂ ਨੂੰ ਸਥਾਨਕ ਤੌਰ ‘ਤੇ ਜੋੜ ਕੇ ਉਮੀਦਵਾਰ ਬਣਾ ਸਕਦੀ ਹੈ। ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦਾ ਇਕ ਵੱਡਾ ਵਰਗ ਚੰਡੀਗੜ੍ਹ ਵਿੱਚ ਰਹਿੰਦਾ ਹੈ। ਮਹਾਰਾਸ਼ਟਰ ‘ਚ ਵੀ ਉਹ ਕਈ ਮਾਮਲਿਆਂ ‘ਤੇ ਊਧਵ ਠਾਕਰੇ ਨਾਲ ਭਿੜ ਚੁੱਕੀ ਹੈ।

ਮਥੁਰਾ ਤੇ ਮੰਡੀ ਤੋਂ ਵੀ ਚਰਚਾ

ਕੰਗਨਾ ਦਾ ਨਾਂ ਮਥੁਰਾ ਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟਾਂ ਤੋਂ ਵੀ ਚਰਚਾ ‘ਚ ਹੈ। ਅਭਿਨੇਤਰੀ ਹੇਮਾ ਮਾਲਿਨੀ ਇਸ ਸਮੇਂ ਮਥੁਰਾ ਤੋਂ ਸੰਸਦ ਮੈਂਬਰ ਹਨ। ਉਮਰ ਹੱਦ ਨੂੰ ਦੇਖਦੇ ਹੋਏ ਹੁਣ ਭਾਜਪਾ ਇਸ ਸੀਟ ਤੋਂ ਕਿਸੇ ਹੋਰ ਚਿਹਰੇ ਦੀ ਤਲਾਸ਼ ਕਰ ਰਹੀ ਹੈ। ਸਟਾਰ ਦੇ ਬਦਲੇ ਸਟਾਰ ਨਾਲ ਇਸ ਦੀ ਪੂਰਤੀ ਹੋ ਸਕਦੀ ਹੈ।

ਇਸ ਦੇ ਨਾਲ ਹੀ ਕੰਗਨਾ ਦੇ ਜੱਦੀ ਨਿਵਾਸ ਮੰਡੀ ਦੀ ਸੀਟ ਦੂਜਾ ਵਿਕਲਪ ਹੈ। ਕਿਉਂਕਿ ਉਹ ਸਥਾਨਕ ਹਨ, ਇਸ ਲਈ ਭਾਜਪਾ ਉਨ੍ਹਾਂ ਨੂੰ ਇੱਥੇ ਵੀ ਮੌਕਾ ਦੇ ਸਕਦੀ ਹੈ। ਮੌਜੂਦਾ ਸਮੇਂ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਇਸ ਸੀਟ ਤੋਂ ਸੰਸਦ ਮੈਂਬਰ ਹਨ।