ਸੰਜੀਵ ਗੁਪਤਾ, ਜਗਰਾਓਂ : ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਵਿਛੋੜੇ ਦੇ ਸਮੇਂ 21 ਦਿਨ ਪਿੰਡ ਲੰਮਾ ਜੱਟਪੁਰਾ ਦੀ ਧਰਤੀ ਨੂੰ ਭਾਗ ਲਾਏ ਸਨ। ਇਸੇ ਪਵਿੱਤਰ ਧਰਤੀ ’ਤੇ ਅੱਜ ਇਤਿਹਾਸਕ ਗੁਰਦੁਆਰਾ ਪੰਜੂਆਣਾ ਸਾਹਿਬ ਲੰਮਾ ਜੱਟਪੁਰਾ ਸਥਿਤ ਹੈ। ਜਿਥੇ ਦੇਸ਼, ਦੁਨੀਆਂ ਦੀਆਂ ਸੰਗਤਾਂ ਨਤਮਸਤਕ ਹੁੰਦੀਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ। ਇਸ ਪਵਿੱਤਰ ਅਸਥਾਨ ਦੀ ਵਿਸ਼ੇਸ਼ਤਾ ਅਤੇ ਮਹੱਤਤਾ ਦੀ ਗੱਲ ਕਰੀਏ ਤਾਂ ਸਰਬੰਸਦਾਨੀ ਸ੍ਰੀ ਗੁੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਅਨੰਦਪੁੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਵੱਖ ਵੱਖ ਇਲਾਕਿਆਂ ’ਚ ਹੁੰਦੇ ਹੋਏ 15ਵੇਂ ਦਿਨ ਲੰਮੇ ਜੱਟਪੁਰਾ ਪੁੱਜੇ ਸਨ। ਇਸੇ ਸਮੇਂ ਵਿਚ ਗੁਰੂ ਸਾਹਿਬ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਚਾਲੇ ਪਾਉਣ, ਪਰਿਵਾਰ ਵਿਛੋੜਾ, ਉਨ੍ਹਾਂ ਦੀ ਸ਼ਹਾਦਤ ਦੇ ਅਸਹਿ ਦੁੱਖ ਨੂੰ ਕਰਤਾ ਪੁਰਖ ਦਾ ਭਾਣਾ ਮੰਨਣਾ ਸਮੇਤ ਕਈ ਇਤਿਹਾਸਕ ਪਲ ਯਾਦਗਾਰ ਬਣੇ।

ਇਸੇ ਦੌਰਾਨ ਮੁਗਲਾਂ ਦੇ ਜ਼ਾਲਮ ਰਾਜ ਦੇ ਪਾਜ ਉਧੇੜਣ, ਸਾਜੇ ਖ਼ਾਲਸੇ ਦੇ ਵਿਸਮਾਦੀ ਪਲਾਂ ਨੇ ਇਕ ਅਲੌਕਿਕ ਇਤਿਹਾਸ ਦੀ ਸਿਰਜਣਾ ਇਸੇ ਸਮੇਂ ਦੌਰਾਨ ਕੀਤੀ। ਇਸੇ ਅਲੌਕਿਕ ਇਤਿਹਾਸ ਦਾ ਇਕ ਸੁੁਨਹਿਰੀ ਪੰਨਾ ਸਿਰਜਿਆ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ 21 ਦਿਨ ਲੰਮਾ ਜੱਟਪੁਰਾ ਦੀ ਧਰਤੀ ਨੂੰ ਭਾਗ ਲਾਉਂਦੇ ਹੋਏ ਕਈ ਗੌਰਵਮਈ ਇਤਿਹਾਸਕ ਧਾਰਮਿਕ ਯਾਦਾਂ ਨੂੰ ਵੀ ਸੰਜੋਇਆ ਗਿਆ। ਦਸਮ ਗੁਰੂ ਨੇ ਮਾਛੀਵਾੜੇ ਤੋਂ ਲੰਬੇ, ਕੁੱਬੇ, ਰਾਮਪੁੁਰ, ਕਟਾਣੀ, ਕਟੋਚ, ਆਲਮਗੀਰ ਵਿਖੇ ਰੈਣ ਬਸੇਰਾ ਕਰਦੇ ਹੋਏ ਜੋਧਾਂ, ਮਨਸੂਰਾਂ ਤੋਂ ਮੋਹੀ ਹੁੰਦੇ ਹੋਏ ਮਹੰਤ ਕ੍ਰਿਪਾਲ ਦਾਸ ਡੇਰੇ ਵਿਖੇ ਪੁੱਜੇ।

ਮਹੰਤ ਕ੍ਰਿਪਾਲ ਦਾਸ ਵੱਲੋਂ ਪਿੰਡ ਲੰਮੇ ਦੇ ਬਹਾਦਰ ਲੋਕਾਂ ਦੀ ਵਡਿਆਈ ਕਰ ਕੇ ਗੁੁਰੂ ਸਾਹਿਬ ਨੂੰ ਲੰਮੇ ਜਾਣ ਦੀ ਬੇਨਤੀ ਕੀਤੀ ਗਈ। ਗੁੁਰੂ ਜੀ ਪਿੰਡ ਹੇਰਾਂ ਤੋਂ ਰਾਜੋਆਣਾ ਹੁੰਦੇ ਹੋਏ ਜਦੋਂ ਕਮਾਲਪੁੁਰੇ ਦੇ ਕੱਚੇ ਰਸਤੇ ਵਾਲੇ ਚੌਕ ਪੁੱਜੇ ਤਾਂ ਰਾਏਕੋਟ ਦੇ ਨਵਾਬ ਰਾਏ ਕੱਲਹਾ ਨੂੰ ਗੁੁਰੂ ਸਾਹਿਬ ਨੇ ਦਰਸ਼ਨ ਦਿੱਤੇ। ਉਸ ਤੋਂ ਬਾਅਦ 29 ਦਸੰਬਰ 1704 ਈਸਵੀ ਨੂੰ ਗੁੁਰੂ ਸਾਹਿਬ ਲੰਮੇ ਪਿੰਡ ਦੇ ਰਾਮ ਦਿੱਤੇ ਦੇ ਘਰ ਪੁੱਜੇ ਜਿਥੇ ਉਸ ਦੇ ਚੁੁਬਾਰੇ ’ਚ ਆਪਣਾ ਆਸਣ ਲਾਇਆ। ਇਸ ਦੌਰਾਨ ਗੁਰੂ ਸਾਹਿਬ ਨੇ ਇਸ ਪਵਿੱਤਰ ਧਰਤੀ ਨੂੰ ਭਾਗ ਲਾਏ। ਇੱਥੇ ਹੀ ਨਵਾਬ ਰਾਏ ਕੱਲ੍ਹੇ ਨੇ ਗੁੁਰੂ ਸਾਹਿਬ ਜੀ ਦਾ ਆਦੇਸ਼ ’ਤੇ ਨੂਰੇ ਮਾਹੀ ਨੂੰ ਸਰਹਿੰਦ ਭੇਜਿਆ ਸੀ।

ਅੱਜ ਵੀ ਮੌਜੂਦ ਹੈ ਇਤਿਹਾਸਕ ਜੰਡ

ਇਸ ਅਸਥਾਨ ’ਤੇ ਉਹ ਇਤਿਹਾਸਕ ‘ਜੰਡ’ ਅੱਜ ਵੀ ਮੌਜੂਦ ਹੈ ਜਿਸ ’ਤੇ ਚੜ੍ਹ ਕੇ ਇੱਕ ਸਿੱਖ ਨੂਰੇ ਮਾਹੀ ਦੀ ਆਮਦ ਨੂੰ ਉਡੀਕਦਾ ਰਿਹਾ ਸੀ। ਇਸੇ ਅਸਥਾਨ ’ਤੇ ਗੁੁਰੂ ਸਾਹਿਬਾਨ ਨੇ ਰਾਏ ਕੱਲ੍ਹਾ ਨੂੰ ਕ੍ਰਿਪਾਨ ਦੀ ਬਖਸ਼ਿਸ਼ ਕੀਤੀ ਸੀ ਅਤੇ ਨਾਲ ਹੀ ਮਾਨਵਤਾ ਨੂੰ ਇਹ ਸੁੁਨੇਹਾ ਵੀ ਦਿੱਤਾ ਸੀ ਕਿ ਹਥਿਆਰ ਸਿਰਫ ਤੇ ਸਿਰਫ ਜ਼ੁੁਲਮ ਦੇ ਨਾਸ ਲਈ ਹੁੰਦਾ ਹੈ, ਜਦੋਂ ਇਸ ਦੀ ਵਰਤੋਂ ਜ਼ੁੁਲਮ ਕਰਨ ਲਈ ਹੋਣ ਲੱਗ ਪਵੇ ਤਾਂ ਇਹ ਸਰਾਪ ਬਣ ਜਾਂਦਾ ਹੈ।

ਹਰ ਸਾਲ ਜਨਵਰੀ ’ਚ ਲੱਗਦਾ ਹੈ ਤਿੰਨ ਦਿਨਾ ਜੋੜ ਮੇਲਾ

ਇਸ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਵੀਰ ਸਿੰਘ ਅਨੁਸਾਰ ਇਸ ਪਵਿੱਤਰ ਅਸਥਾਨ ’ਤੇ ਹੀ ਜਦੋਂ ਸਰਹੰਦ ਤੋਂ ਨੂਰਾ ਮਾਹੀ ਨੇ ਜਦੋਂ ਗੁਰੂ ਸਾਹਿਬ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਸੁਣਾਈ ਤਾਂ ਗੁਰੂ ਸਾਹਿਬ ਨੇ ਤੀਰ ਕੱਢਦਿਆਂ ਉਸ ਨਾਲ ਕਾਹੀ ਦੇ ਬੂਟੇ ਦੀ ਜੜ੍ਹ ਪੁੱਟਦਿਆਂ ਮੁਗਲ਼ ਰਾਜ ਦੇ ਖਾਤਮੇ ਦਾ ਐਲਾਨ ਕਰ ਦਿੱਤਾ ਸੀ। ਹੋਇਆ ਵੀ ਉਹੀ। ਦਸਮ ਪਿਤਾ ਦੀਆਂ ਅਨਮੋਲ ਯਾਦਾਂ ਅਤੇ ਪਵਿੱਤਰ ਚਰਨ ਛੋਹ ਪ੍ਰਾਪਤ ਇਸ ਨਗਰ ਦੀਆਂ ਸੰਗਤਾਂ ਵੱਲੋਂ ਵਿਸ਼ਾਲ ਗੁਰਦੁਆਰਾ ਸਾਹਿਬ ਸਥਾਪਤ ਕੀਤਾ ਗਿਆ। ਜਿਥੇ ਹਰ ਸਾਲ ਜਨਵਰੀ ਮਹੀਨੇ 5, 6 ਅਤੇ 7 ਤਾਰੀਖਾਂ ਨੂੰ ਤਿੰਨ ਰੋਜਾ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ।