ਨਵੀਂ ਦਿੱਲੀ (ਏਜੰਸੀ) : ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਰਾਜ ਸਭਾ ’ਚ ਕਿਹਾ ਕਿ ਸਹਾਰਾ ਸਮੂਹ ਦੇ ਤਿੰਨ ਕਰੋੜ ਨਿਵੇਸ਼ਕਾਂ ਨੇ ਕੰਪਨੀ ਦੀਆਂ ਸਹਿਕਾਰੀ ਕਮੇਟੀਆਂ ’ਚ ਫਸੇ 80 ਹਜ਼ਾਰ ਕਰੋੜ ਰੁਪਏ ਵਾਪਸ ਲੈਣ ਦੀ ਮੰਗ ਕੀਤੀ ਹੈ। ਸਹਾਰਾ ਸਮੂਹ ਤੋਂ ਜ਼ਿਆਦਾ ਰਕਮ ਲੈਣ ਲਈ ਸਰਕਾਰ ਫਿਰ ਤੋਂ ਸੁਪਰੀਮ ਕੋਰਟ ਜਾਵੇਗੀ। ਸਹਿਕਾਰਤਾ ਰਾਜ ਮੰਤਰੀ ਬੀਐੱਲ ਵਰਮਾ ਨੇ ਰਾਜ ਸਭਾ ’ਚ ਪ੍ਰਸ਼ਨਕਾਲ ਦੌਰਾਨ ਪੂਰਕ ਸਵਾਲਾਂ ਦੇ ਜਵਾਬ ’ਚ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਸਹਿਕਾਰਤਾ ਮੰਤਰਾਲੇ ਨੇ ਨਿਵੇਸ਼ਕਾਂ ਲਈ ਇਕ ਪੋਰਟਲ ਲਾਂਚ ਕੀਤਾ ਹੈ, ਜਿੱਥੇ ਉਹ ਆਪਣੇ ਫਸੇ ਪੈਸੇ ਲੈਣ ਲਈ ਬਿਨੈ ਕਰ ਸਕਦੇ ਹਨ। ਹੁਣ ਤੱਕ ਤਿੰਨ ਕਰੋੜ ਨਿਵੇਸ਼ਕਾਂ ਨੇ 80 ਹਜ਼ਾਰ ਕਰੋੜ ਰੁਪਏ ਵਾਪਸ ਲੈਣ ਲਈ ਪੋਰਟਲ ’ਤੇ ਰਜਿਸਟ੍ਰੇਸ਼ਨ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਅਸੀਂ 45 ਦਿਨਾਂ ’ਚ ਨਿਵੇਸ਼ਕਾਂ ਨੂੰ ਪੈਸੇ ਵਾਪਸ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਸਾਨੂੰ ਪੰਜ ਹਜ਼ਾਰ ਕਰੋੜ ਰੁਪਏ ਮਿਲ ਗਏ ਹਨ, ਅਸੀਂ ਸਾਰੇ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ ਲਈ ਹੋਰ ਜ਼ਿਆਦਾ ਰਕਮ ਪ੍ਰਾਪਤ ਕਰਨ ਲਈ ਸੁਪਰੀਮ ਕੋਰਟ ਜਾਵਾਂਗੇ।

ਸਹਾਰਾ ਸਮੂਹ ਦੇ ਨਿਵੇਸ਼ਕਾਂ ਦਾ ਇਕ-ਇਕ ਪੈਸਾ ਵਾਪਸ ਕੀਤਾ ਜਾਵੇਗਾ। ਕਈ ਨਿਵੇਸ਼ਕਾਂ ਨੂੰ ਉਨ੍ਹਾਂ ਦਾ ਪੈਸਾ ਵਾਪਸ ਮਿਲ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੋਰਟਲ ’ਤੇ ਪ੍ਰਕਿਰਿਆ ’ਚੋਂ ਗੁਜ਼ਰਨ ਵਾਲੇ ਸਾਰੇ ਨਿਵੇਸ਼ਕਾਂ ਨੂੰ ਉਨ੍ਹਾਂ ਦਾ ਪੈਸਾ ਵਾਪਸ ਮਿਲੇਗਾ।