ਪੱਤਰ ਪੇ੍ਰਰਕ, ਕੋਟਕਪੂਰਾ : ਸਥਾਨਕ ਡਾਕਖਾਨੇ ਵਿੱਚੋਂ ਬਤੌਰ ਸਹਾਇਕ ਬਰਾਂਚ ਪੋਸਟ ਮਾਸਟਰ ਦੇ ਤੌਰ ‘ਤੇ ਲਗਾਤਾਰ 65 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸੇਵਾਮੁਕਤ ਹੋਏ ਹਰਚਰਨ ਸਿੰਘ ਭੱਟੀ ਦਾ ਲਾਇਨਜ ਕਲੱਬ ਕੋਟਕਪੂਰਾ ਰਾਇਲ ਵੱਲੋਂ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕੂਲ ਮੁਖੀ ਡਾਇਰੈਕਟਰ ਬਲਜੀਤ ਸਿੰਘ ਨੇ ਜਿੱਥੇ ਕਲੱਬ ਦੇ ਮੈਂਬਰਾਂ ਸਮੇਤ ਹੋਰ ਪਤਵੰਤਿਆਂ ਨੂੰ ਜੀ ਆਇਆਂ ਆਖਿਆ, ਉੱਥੇ ਹਰਚਰਨ ਸਿੰਘ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਸਮਾਜਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਹਰਚਰਨ ਸਿੰਘ ਦੀਆਂ ਸੇਵਾਵਾਂ ਦਾ ਜਿਕਰ ਕਰਦਿਆਂ ਸਾਰਿਆਂ ਦੀ ਜਾਣ-ਪਛਾਣ ਕਰਵਾਈ। ਕਲੱਬ ਵੱਲੋਂ ਮਨਜੀਤ ਸਿੰਘ ਲਵਲੀ, ਸੁਰਜੀਤ ਸਿੰਘ ਘੁਲਿਆਣੀ ਅਤੇ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਦੱਸਿਆ ਕਿ ਭਾਵੇਂ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਆਮ ਲੋਕਾਂ ਨੂੰ ਅਕਸਰ ਸ਼ਿਕਾਇਤ ਰਹਿੰਦੀ ਹੈ ਪਰ ਹਰਚਰਨ ਸਿੰਘ ਦੀਆਂ ਸੇਵਾਵਾਂ ਨੂੰ ਪਿੰਡ ਵਾਸੀ ਕਦੇ ਵੀ ਨਹੀਂ ਭੁਲਾ ਸਕਣਗੇ, ਕਿਉਂਕਿ ਉਹ ਸਰਦੀ-ਗਰਮੀ, ਧੁੱਪ-ਛਾਂ ਤੋਂ ਇਲਾਵਾ ਬਾਰਿਸ਼ ਦੇ ਮੌਸਮ ਵਿੱਚ ਵੀ ਡਾਕ ਸਪਲਾਈ ਕਰਨ ਵਾਲੀਆਂ ਸੇਵਾਵਾਂ ਜਾਰੀ ਰੱਖਦੇ ਸਨ, ਕੋਟਕਪੂਰਾ ਤੋਂ ਕਰੀਬ 9 ਕਿੱਲੋਮੀਟਰ ਦੂਰ ਪਿੰਡ ਹਰੀਨੌ ਵਿਖੇ ਰੋਜਾਨਾ ਸਾਈਕਲ ‘ਤੇ ਡਾਕ ਵੰਡਣੀ, ਰੁਕ ਰੁਕ ਕੇ ਜਾਂ ਤੇਜ ਪੈਂਦੀ ਬਾਰਿਸ਼ ਅਤੇ ਕਈ ਕਈ ਦਿਨ ਲੱਗਦੀ ਝੜੀ ਦੇ ਬਾਵਜੂਦ ਵੀ ਹਰਚਰਨ ਸਿੰਘ ਦਾ ਕੋਈ ਨਾਗਾ ਨਹੀਂ ਸੀ ਹੁੰਦਾ। ਅੰਤ ਵਿੱਚ ਸੇਵਾਮੁਕਤ ਸੁਪਰਡੈਂਟ ਜਸਕਰਨ ਸਿੰਘ ਭੱਟੀ ਅਤੇ ਇਕਬਾਲ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪਿੰਡ ਦੇ ਸਰਪੰਚ ਬਲਜਿੰਦਰ ਸਿੰਘ, ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਦੇ ਪਿੰ੍ਸੀਪਲ ਮੈਡਮ ਸੁਰਿੰਦਰ ਕੌਰ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ-ਵਿਦਿਆਰਥਣਾਂ ਵੀ ਭਾਰ ਗਿਣਤੀ ਵਿੱਚ ਹਾਜਰ ਸਨ।