ਸਰੀ, ਬੀ.ਸੀ. – ਸਰੀ ਸ਼ਹਿਰ ਆਉਣ ਵਾਲੇ ਸਰਦੀ ਦੇ ਮੌਸਮ ਲਈ ਪੂਰੀ ਤਰਾਂ ਤਿਆਰ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਵਾਰ ਦੀਆਂ ਸਰਦੀਆਂ ਆਮ ਤੋਂ ਵੱਧ ਠੰਢੀਆਂ ਅਤੇ ਬਾਰਿਸ਼ ਭਰਪੂਰ ਹੋ ਸਕਦੀਆਂ ਹਨ। 80 ਦੇ ਕਰੀਬ ਬਰਫ਼ ਸਾਫ਼ ਕਰਨ ਵਾਲੀਆਂ ਮਸ਼ੀਨਾਂ ਅਤੇ 17,000 ਟਨ ਲੂਣ ਦੇ ਸਟਾਕ ਨਾਲ, ਸ਼ਹਿਰ ਦੀਆਂ ਟੀਮਾਂ ਸੜਕਾਂ ਨੂੰ ਸੁਰੱਖਿਅਤ ਰੱਖਣ ਲਈ ਤਿਆਰ ਹਨ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਵਸਨੀਕਾਂ ਅਤੇ ਐਮਰਜੈਂਸੀ ਸੇਵਾਵਾਂ ਲਈ ਸੜਕਾਂ ਨੂੰ ਸੁਰੱਖਿਅਤ ਰੱਖਣਾ ਸਾਡੀ ਇੱਕ ਪ੍ਰਮੁੱਖ ਤਰਜੀਹ ਹੈ।” “ਸਾਡੀਆਂ ਟੀਮਾਂ ਤਜਰਬੇਕਾਰ, ਸਾਜੋ-ਸਮਾਨ ਨਾਲ ਲੈਸ ਅਤੇ ਤਿਆਰ ਹਨ, ਤਾਂ ਜੋ 4,000 ਲੇਨ ਕਿਲੋਮੀਟਰ ਦੇ ਕਰੀਬ ਤਰਜੀਹੀ ਸੜਕਾਂ ਤੋਂ ਬਰਫ਼ ਅਤੇ ਬਰਫ਼ੀਲਾ ਜਮਾ ਹੋਇਆ ਪਾਣੀ ਹਟਾ ਸਕਣ। ਸਰਦੀ ਦੇ ਮੌਸਮ ਵਿੱਚ ਸੁਰੱਖਿਆ ਹਰ ਕਿਸੇ ਦੀ ਜ਼ਿੰਮੇਵਾਰੀ ਹੁੰਦੀ ਹੈ, ਇਹ ਯਕੀਨੀ ਬਣਾਓ ਕਿ ਤੁਹਾਡਾ ਵਾਹਨ ਸਰਦੀਆਂ ਲਈ ਤਿਆਰ ਹੈ, ਅਤੇ ਤੁਹਾਡੇ ਘਰ ਦੇ ਬਾਹਰ ਫੁੱਟਪਾਥਾਂ ਤੋਂ ਬਰਫ਼ ਅਤੇ ਬਰਫ਼ੀਲਾ ਪਾਣੀ ਹਟਾਓ। ਜੇ ਤੁਸੀਂ ਕਰ ਸਕਦੇ ਹੋ, ਤਾਂ ਆਪਣੇ ਗੁਆਂਢੀਆਂ ਦੀ ਵੀ ਮਦਦ ਕਰੋ, ਖ਼ਾਸਕਰ ਬਜ਼ੁਰਗਾਂ ਜਾਂ ਉਨ੍ਹਾਂ ਦੀ ਜੋ ਤੁਰਨ ਫਿਰਨ ਦੇ ਅਸਮਰੱਥ ਹਨ।”
ਸ਼ਹਿਰ ਦਾ 4.63 ਮਿਲੀਅਨ ਡਾਲਰ 2025 ਵਿੰਟਰ ਮੇਨਟੇਨੈਂਸ ਬਜਟ (Winter Maintenance Budget) ਕਾਰਜਾਂ ਦੀ ਅਗਵਾਈ ਕਰੇਗਾ, ਚਾਲਕ ਦਲ ਤਿੰਨ-ਪੱਧਰੀ ਤਰਜੀਹ ਪ੍ਰਣਾਲੀ ਦੇ ਬਾਅਦ ਵਿਅਸਤ ਪ੍ਰਮੁੱਖ ਸੜਕਾਂ ‘ਤੇ ਧਿਆਨ ਕੇਂਦਰਿਤ ਕਰੇਗਾ:
- ਪਹਿਲੀ ਤਰਜੀਹ: ਮੁੱਖ ਸੜਕਾਂ, ਵੱਡੀਆਂ ਕਲੈਕਟਰ ਸੜਕਾਂ, ਬੱਸ ਰੂਟ ਅਤੇ ਢਲਾਣ ਵਾਲੇ ਇਲਾਕੇ
- ਦੂਜੀ ਤਰਜੀਹ: ਉਹ ਰਸਤੇ ਜੋ ਸਥਾਨਕ ਟਰੈਫ਼ਿਕ ਨੂੰ ਮੁੱਖ ਜਾਂ ਵੱਡੀਆਂ ਕਲੈਕਟਰ ਸੜਕਾਂ ਨਾਲ ਜੋੜਦੇ ਹਨ
- ਤੀਜੀ ਤਰਜੀਹ: ਬਾਕੀ ਰਹਿ ਗਈਆਂ ਰਿਹਾਇਸ਼ੀ ਸੜਕਾਂ, ਜਿਨ੍ਹਾਂ ਨੂੰ ਪ੍ਰਣਾਲੀਬੱਧ ਢੰਗ ਨਾਲ ਸਾਫ਼ ਕੀਤਾ ਜਾਂਦਾ ਹੈ, ਪਹਿਲਾਂ ਸਮੱਸਿਆ ਵਾਲੇ ਇਲਾਕਿਆਂ ਤੋਂ ਸ਼ੁਰੂ ਕਰਦੇ ਹੋਏ ਬਾਕੀਆਂ ਨੂੰ ਸਾਫ਼ ਕੀਤਾ ਜਾਂਦਾ ਹੈ ।
ਜਦੋਂ ਬਰਫ਼ ਹਟਾਉਣ ਦਾ ਕੰਮ ਸ਼ੁਰੂ ਹੁੰਦਾ ਹੈ, ਤਾਂ ਨਿਵਾਸੀ ‘ਆਨਲਾਈਨ ਸਰੀ ਪਲਾਓ ਟ੍ਰੈਕਰ’ ਰਾਹੀਂ ਦੇਖ ਸਕਦੇ ਹਨ ਕਿ ਕਿਹੜੀਆਂ ਸੜਕਾਂ ਸਾਫ਼ ਹੋ ਚੁੱਕੀਆਂ ਹਨ। ਉਹ ਸਰੀ ਦੇ ਟ੍ਰੈਫ਼ਿਕ ਡਾਟਾ ਹੱਬ surrey.ca/tmc ‘ਤੇ ਲਾਈਵ ਟ੍ਰੈਫ਼ਿਕ ਕੈਮਰਿਆਂ ਰਾਹੀਂ ਸੜਕਾਂ ਦੀ ਸਥਿਤੀ ਵੀ ਦੇਖ ਸਕਦੇ ਹਨ।
ਜਦੋਂ ਸ਼ਹਿਰ ਦੀਆਂ ਟੀਮਾਂ ਸੜਕਾਂ ਤੋਂ ਬਰਫ਼ ਹਟਾਉਣ ਵਿੱਚ ਵਿਅਸਤ ਹੁੰਦੀਆਂ ਹਨ, ਉਹਨਾਂ ਨੂੰ ਨਿਵਾਸੀਆਂ ਅਤੇ ਕਾਰੋਬਾਰਾਂ ਤੋਂ ਵੀ ਸਹਿਯੋਗ ਦੀ ਲੋੜ ਹੁੰਦੀ ਹੈ, ਜਿਵੇਂ ਕਿ:
- ਫੁੱਟਪਾਥ, ਫੁੱਟਪਾਥਾਂ ਨਾਲ ਲੱਗਦੇ ਬੱਸ ਸਟਾਪ ਅਤੇ ਕੈਚ ਬੇਸਿਨ ਸਾਫ਼ ਕਰਨਾ
- ਗਾਰਬੇਜ਼ ਅਤੇ ਕੂੜੇ ਵਾਲੇ ਬਿਨ ਕਰਬਸਾਈਡ ਤੋਂ ਦੂਰ ਰੱਖਣਾ
- ਜਿੱਥੇ ਸੰਭਵ ਹੋਵੇ, ਸੜਕ ਤੋਂ ਬਾਹਰ ਪਾਰਕਿੰਗ ਕਰਨਾ ਤਾਂ ਜੋ ਪਲਾਓ ਟਰੱਕ ਸੁਰੱਖਿਅਤ ਤਰੀਕੇ ਨਾਲ ਲੰਘ ਸਕਣ
ਸਰਦੀਆਂ ਲਈ ਤਿਆਰੀ ਕਿਵੇਂ ਕਰਨੀ ਹੈ ਅਤੇ ਸਰੀ ਦੀ ਬਰਫ਼ ਹਟਾਉਣ ਅਤੇ ਬਰਫ਼ ਨਿਯੰਤਰਣ ਯੋਜਨਾ ਬਾਰੇ ਵੇਰਵਿਆਂ ਲਈ, surrey.ca/snow ‘ਤੇ ਜਾਓ।



