72 ਐਵਿਨਿਊ ਕੌਰੀਡੋਰ ਪ੍ਰੋਜੈਕਟ ਸਰੀ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸੜਕੀ ਪੂੰਜੀ ਨਿਵੇਸ਼ ਹੋਵੇਗਾ
ਸਰੀ, ਬੀ.ਸੀ.- ਸਰੀ ਸ਼ਹਿਰ ਨੇ 188 ਸਟਰੀਟ ਅਤੇ 196 ਸਟਰੀਟ ਦਰਮਿਆਨ 72 ਐਵਿਨਿਊ ਨੂੰ ਚੌੜਾ ਕਰਨ ਲਈ ਉਸਾਰੀ ਸ਼ੁਰੂ ਕਰ ਦਿੱਤੀ ਹੈ, ਇਸ ਨੂੰ ਵਧਾ ਕੇ 4 ਲੇਨਾਂ ਵਾਲਾ ਬਣਾਇਆ ਜਾ ਰਿਹਾ ਹੈ ਅਤੇ ਸੜਕ ਕਿਨਾਰੇ ਤੁਰਨ ਲਈ ਨਵੇਂ ਰਸਤੇ ਅਤੇ ਸਾਈਕਲ ਲੇਨ ਵੀ ਸ਼ਾਮਲ ਕੀਤੇ ਜਾ ਰਹੇ ਹਨ। ਇਹ 72 ਐਵਿਨਿਊ ਕੌਰੀਡੋਰ ਪ੍ਰੋਜੈਕਟ ਦਾ ਦੂਜਾ ਪੜਾਅ ਹੈ, ਜਿਹੜਾ ਸ਼ਹਿਰ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਪੂੰਜੀ ਨਿਵੇਸ਼ ਹੈ ਅਤੇ ਇਸ ਵਿੱਚ 152 ਸਟਰੀਟ ਤੋਂ ਹਾਈਵੇਅ 15 ਤੱਕ ਸੜਕ ਦਾ ਵਿਸਥਾਰ ਸ਼ਾਮਲ ਹੈ। ਪੂਰਬ-ਪੱਛਮੀ ਰੂਟ ਦੇ ਸਫ਼ਰ ਸਮੇਂ ਨੂੰ ਘਟਾਉਣ, ਭੀੜ-ਭੜੱਕੇ ਤੋਂ ਰਾਹਤ ਪਾਉਣ ਅਤੇ ਮੁੱਖ ਇਲਾਕਿਆਂ ਅਤੇ ਖੇਤਰ ਦਰਮਿਆਨ ਸੰਪਰਕ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ।
ਮੇਅਰ ਬਰੈਂਡਾ ਲੌਕ ਦਾ ਕਹਿਣਾ ਹੈ, “ਕਲੇਟਨ ਵਿੱਚ ਇਹ ਸੜਕ ਚੌੜੀ ਕਰਨਾ 72 ਐਵਿਨਿਊ ਨੂੰ ਇੱਕ ਨਿਰੰਤਰ ਪੂਰਬ-ਪੱਛਮੀ ਰੂਟ ਵਿੱਚ ਬਦਲਣ ਲਈ ਸਾਡੀ ਬਹੁ-ਪੜਾਵੀ ਰਣਨੀਤੀ ਦਾ ਇੱਕ ਅਹਿਮ ਕਦਮ ਹੈ। ਇਹ ਪ੍ਰੋਜੈਕਟ ਸਾਡੇ ਸ਼ਹਿਰ ਵਿੱਚ ਟਰੈਫ਼ਿਕ ਦਾ ਭੀੜ-ਭੜੱਕਾ ਘਟਾਉਣ ਅਤੇ ਆਵਾਜਾਈ ਨੂੰ ਬਿਹਤਰ ਕਰਨ ਵਿੱਚ ਮਦਦ ਕਰੇਗਾ। ਸਰੀ ਦੇ ਤੇਜ਼ ਵਿਕਾਸ ਨੂੰ ਸਮਰਥਨ ਦੇਣ ਲਈ ਲੋੜੀਂਦੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨ ਲਈ ਸਾਡੀ ਕੌਂਸਲ ਵਚਨਬੱਧ ਹੈ। 72 ਐਵਿਨਿਊ ਕੌਰੀਡੋਰ ਬੀ.ਸੀ. ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਮਿਊਸੀਪਲ ਸੜਕ ਨਿਵੇਸ਼ ਹੈ ਅਤੇ ਅਸੀਂ ਇਸ ਮਹੱਤਵਪੂਰਨ ਪ੍ਰੋਜੈਕਟ, ਜਿਹੜਾ ਸਾਡੇ ਸ਼ਹਿਰ ਦੇ ਭਵਿੱਖ ਨੂੰ ਆਕਾਰ ਦੇਵੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਟਿਕਾਊ ਵਿਕਾਸ ਦਾ ਸਮਰਥਨ ਕਰੇਗਾ, ਨੂੰ ਅਗਾਂਹ ਵਧਾਉਣ ਲਈ ਉਤਸ਼ਾਹਿਤ ਹਾਂ।”
ਪ੍ਰੋਜੈਕਟ ਦੇ ਇਸ ਪੜਾਅ ਵਿੱਚ ਹੇਠ ਲਿਖੇ ਸੁਧਾਰ ਸ਼ਾਮਲ ਹਨ:
• ਵਾਹਨਾਂ ਲਈ ਵਾਧੂ ਲੇਨਾਂ (ਦੋ ਤੋਂ ਚਾਰ ਤੱਕ);
• ਸਕੂਲਾਂ, ਪਾਰਕਾਂ ਅਤੇ ਆਵਾਜਾਈ ਨਾਲ ਜੁੜਨ ਲਈ ਤੁਰਨ ਲਈ ਸੜਕ ਕਿਨਾਰੇ ‘ਤੇ ਬਣੇ ਰਸਤੇ ਅਤੇ ਸਾਈਕਲ ਲੇਨ;
• ਚੌਰਾਹਿਆਂ ਵਿੱਚ ਖੱਬੇ ਮੁੜਨ ਲਈ ਸਮਰਪਿਤ ਲੇਨਾਂ;
• 72 ਐਵਿਨਿਊ ਅਤੇ 188 ਸਟਰੀਟ ‘ਤੇ ਸਿਗਨਲ ਵਾਲਾ ਇੱਕ ਨਵਾਂ ਚੌਰਾਹਾ; ਅਤੇ
• 72 ਐਵਿਨਿਊ ਅਤੇ ਇੱਕ 189 ਸਟਰੀਟ ਦੇ ਚੌਰਾਹੇ ਦੇ ਪੱਛਮ ਵਾਲੇ ਪਾਸੇ ਪੈਦਲ ਯਾਤਰੀਆਂ ਲਈ ਇੱਕ ਨਵਾਂ ਲਾਂਘਾ
ਟਰਾਂਸਪੋਰਟੇਸ਼ਨ ਦੇ ਡਾਇਰੈਕਟਰ ਰਾਫ਼ੇਲ ਵਿਲੇਰੀਅਲ ਦਾ ਕਹਿਣਾ ਹੈ ਕਿ, “72 ਐਵਿਨਿਊ ਇੱਕ ਮੁੱਖ ਸੜਕ ਹੈ, ਜਿਸ ਨੂੰ ਇਸ ਤਰਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਲਾਕੇ ਵਿੱਚ ਲੋਕਾਂ ਲਈ ਸਫ਼ਰ ਸੁਖਾਵਾਂ ਹੋਵੇ ਅਤੇ ਇਹ ਸ਼ਹਿਰ ਦੇ ਆਵਾਜਾਈ ਨੈੱਟਵਰਕ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਜਦੋਂ ਕਿ ਮੁੱਖ ਸੜਕਾਂ ਆਮ ਤੌਰ ‘ਤੇ ਸੜਕ ਉੱਤੇ ਪਾਰਕਿੰਗ ਦੇ ਅਨੁਕੂਲ ਨਹੀਂ ਹੁੰਦੀਆਂ, ਇਹ ਪ੍ਰੋਜੈਕਟ ਕਲੇਟਨ ਵਿੱਚ ਪਾਰਕਿੰਗ ਦੀ ਵੱਡੀ ਮੰਗ ਨੂੰ ਕਬੂਲ ਕਰਦਾ ਹੈ। ਇਸ ਨੂੰ ਹੱਲ ਕਰਨ ਲਈ ਅਤੇ ਵਾਧੂ ਵਾਹਨ ਲੇਨਾਂ, ਸੜਕ ਕਿਨਾਰੇ ਤੁਰਨ ਲਈ ਬਣੇ ਰਸਤਿਆਂ ਅਤੇ ਬਾਈਕ ਲੇਨਾਂ ਦੀ ਕਮੀ ਨੂੰ ਪੂਰਾ ਕਰਨ ਲਈ ਇਸ ਯੋਜਨਾ ਵਿੱਚ 72 ਐਵਿਨਿਊ ਦੇ ਨਾਲ-ਨਾਲ 97 ਮੌਜੂਦਾ ਥਾਵਾਂ ਨੂੰ ਕਾਇਮ ਰੱਖਦੇ ਹੋਏ, ਲਾਗਲੀਆਂ ਸੜਕਾਂ ‘ਤੇ ਲਗਭਗ 74 ਨਵੀਆਂ ਮੁੱਖ ਸੜਕ ਪਾਰਕਿੰਗ (on-street parking) ਥਾਵਾਂ ਬਣਾਉਣਾ ਸ਼ਾਮਲ ਹੈ।”
72 ਐਵਿਨਿਊ ਕੌਰੀਡੋਰ ਦੇ ਨਾਲ-ਨਾਲ ਮੁੱਖ ਸੜਕ ਪ੍ਰੋਜੈਕਟਾਂ ਲਈ ਨਿਰਮਾਣ ਸਮਾਂ-ਸਾਰਣੀ:
• ਪੜਾਅ 1: ਫ਼ਰੇਜ਼ਰ ਹਾਈਵੇ ਤੋਂ 184 ਸਟਰੀਟ ਤੱਕ, 2025 ਵਿੱਚ ਬਸੰਤ ਰੁੱਤ ਤੱਕ ਮੁਕੰਮਲ ਹੋਣਾ
• ਪੜਾਅ 2: 188 ਸਟਰੀਟ ਤੋਂ 196 ਸਟਰੀਟ ਤੱਕ, 2026 ਵਿੱਚ ਬਸੰਤ ਰੁੱਤ ਤੱਕ ਮੁਕੰਮਲ ਹੋਵੇਗਾ
• ਪੜਾਅ 3: 152 ਸਟਰੀਟ ਤੋਂ ਹਾਈਵੇਅ 15 ਤੱਕ ਦਾ ਕੰਮ ਪੜਾਵਾਂ ਵਿੱਚ ਹੋਵੇਗਾ, ਪਹਿਲਾ ਪੜਾਅ 2025 ਦੀਆਂ ਗਰਮੀਆਂ ਵਿੱਚ ਸ਼ੁਰੂ ਹੋਵੇਗਾ
• ਪੜਾਅ 4: 144 ਸਟਰੀਟ ਤੋਂ 152 ਸਟਰੀਟ ਤੱਕ ਦਾ ਕੰਮ 2025 ਦੇ ਪਤਝੜ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ
• 72 ਐਵਿਨਿਊ ਸੜਕ ਸੁਧਾਰ ਪ੍ਰੋਜੈਕਟਾਂ ਬਾਰੇ ਹੋਰ ਜਾਣਨ ਲਈ surrey.ca/72Avenue ‘ਤੇ ਜਾਓ।



