ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਸਿਵਲ ਸਰਜਨ ਮੁਹਾਲੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਾ. ਧਰਮਿੰਦਰ ਸਿੰਘ ਐੱਸਐੱਮਓ ਸਬ ਡਵੀਜ਼ਨਲ ਹਸਪਤਾਲ ਡੇਰਾਬੱਸੀ ਦੀ ਅਗਵਾਈ ਹੇਠ ਇੰਟਰਨੈਸ਼ਨਲ ਡੇ ਆਫ਼ ਕਲੀਨ ਏਅਰ ਫ਼ਾਰ ਬਲੂ ਸਕਾਈਸ ਮਨਾਇਆ ਗਿਆ।

ਡਾ. ਧਰਮਿੰਦਰ ਸਿੰਘ ਐੱਸਐੱਮਓ ਡੇਰਾਬੱਸੀ ਨੇ ਸਬ ਡਵੀਜ਼ਨਲ ਹਸਪਤਾਲ ਡੇਰਾਬੱਸੀ ਵਿਖੇ ਆਏ ਹੋਏ ਲੋਕਾਂ ਦੇ ਇਕੱਠ ਨੂੰ ਅਪੀਲ ਕੀਤੀ ਕਿ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਅੱਗੇ ਆਉਣ ਕਿਉਂਕਿ ਜੇਕਰ ਵਾਤਾਵਰਣ ਸਾਫ਼ ਹੋਵੇਗਾ ਤਾਂ ਸਾਡਾ ਸਮਾਜ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਮੁਕਤੀ ਪਾ ਸਕੇਗਾ। ਵਾਤਾਵਰਣ ਦੀ ਸਵੱਛਤਾ ਵਾਸਤੇ ਸਾਨੂੰ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਵਾਤਾਵਰਣ ਦੇ ਬਚਾਓ ਲਈ ਪਰਾਲੀ ਸੁੱਕੇ ਪੱਤੇ ਅਤੇ ਕੂੜੇ ਆਦਿ ਨੂੰ ਨਾ ਜਲਾਇਆ ਜਾਵੇ। ਖਾਣਾ ਬਣਾਉਣ ਲਈ ਧੂੰਏਂ ਵਾਲੇ ਬਾਲਣ ਦੀ ਵਰਤੋਂ ਨਾ ਕੀਤੀ ਜਾਵੇ। ਪਲਾਸਟਿਕ ਦੇ ਪਦਾਰਥਾਂ ਦੀ ਜਗ੍ਹਾ ਵੱਧ ਤੋਂ ਵੱਧ ਰੀਸਾਈਕਲ ਹੋਣ ਵਾਲੇ ਪਦਾਰਥਾਂ ਦਾ ਇਸਤੇਮਾਲ ਕੀਤਾ ਜਾਵੇ। ਪ੍ਰਦੂਸ਼ਣ ਨੂੰ ਘਟਾਉਣ ਲਈ ਪੈਦਲ ਚੱਲਿਆ ਜਾਵੇ ਜਨਤਕ ਟਰਾਂਸਪੋਟ ਦੇ ਸਾਧਨਾ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜੇਕਰ ਅਸੀ ਵਾਤਾਵਰਣ ਦੀ ਸੰਭਾਲ ਨਾ ਕੀਤੀ ਤਾ ਸਟੋ੍ਕ, ਦਿਲ ਦੇ ਰੋਗ ਸਾਹ ਦੇ ਰੋਗ, ਟੀਬੀ, ਫੇਫੜਿਆਂ ਦਾ ਕੇਸਰ, ਅੱਖਾਂ ‘ਚ ਜਲਣ ਦੇ ਰੋਗਾਂ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧਾ ਹੋਣ ਦੇ ਅਸਾਰ ਹਨ। ਇਸ ਲਈ ਅੱਜ ਤੋਂ ਹੀ ਇਸ ਦੀ ਸੰਭਾਲ ਕਰਨ ਲਈ ਸਭ ਨੂੰ ਇਕ ਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਡਾ. ਨਿਤਿਸ਼ ਸਚਦੇਵਾ, ਰਜਿੰਦਰ ਸਿੰਘ ਐੱਸਆਈ, ਸੀਨਮ ਗਰੋਵਰ ਬੀਈਈ, ਸਰਬਜੀਤ ਸਿੰਘ ਅਤੇ ਹਸਪਤਾਲ ਦਾ ਹੋਰ ਸਟਾਫ਼ ਮੌਜੂਦ ਸੀ।