Ad-Time-For-Vacation.png

ਸ਼ਤਾਬਦੀਆਂ ਮਨਾ ਕੇ ਹੀ, ਗੁਰੂ ਦੀ ਗੁਆਈ ਪ੍ਰਤੀਤ, ਵਾਪਸ ਨਹੀਂ ਮੁੜਨੀਂ…

ਅੱਜ ਜਦੋਂ ਅਸੀਂ ਦਸਮੇਸ਼ ਪਿਤਾ ਦੇ ਅਵਤਾਰ ਦਿਹਾੜੇ ਦਾ 350ਵਾਂ ਸਾਲ ਮਨਾ ਰਹੇ ਹਾਂ। ਪੂਰੀ ਕੌਮ ਪੂਰੀ ਸ਼ਰਧਾ, ਉਤਸ਼ਾਹ ਨਾਲ ਕਲਗੀਆਂ ਵਾਲੇ ਦੀ ਜਨਮ-ਭੂਮੀ ਪਟਨਾ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ। ਸਿਆਸੀ ਰੋਟੀਆਂ ਸੇਕਣ ਵਾਲੇ ਸਿਆਸੀ ਰੋਟੀਆਂ ਸੇਕ ਰਹੇ ਹਨ। ਹਰ ਕਿਸੇ ਨੂੰ ਉਹ ਪਵਿੱਤਰ ਧਰਤੀ ਯਾਦ ਆ ਰਹੀ ਹੈ। ਉਸ ਸਮੇਂ ਸਾਨੂੰ ਕੀ ਸਾਹਿਬ-ਏ-ਕਮਾਲ ਵੱਲੋਂ ਜਿਸ ਮੰਤਵ, ਮਿਸ਼ਨ ਦੀ ਪੂਰਤੀ ਲਈ ਸਰਬੰਸ ਵਾਰਿਆ ਗਿਆ ਸੀ, ਉਹ ਮਿਸ਼ਨ ਯਾਦ ਆਉਂਦਾ ਹੈ? ਸ਼ਾਇਦ ਜਵਾਬ ਨਹੀਂ ‘ਚ ਹੋਵੇਗਾ। ਅੰਮ੍ਰਿਤ ਦੇ ਦਾਤੇ ਨੇ ਗੁਰੂ ਨਾਨਕ ਸਾਹਿਬ ਵੱਲੋਂ ਸਿਰਜੇ ਨਿਰਮਲੇ ਪੰਥ ਜਿਸ ਨੂੰ 8 ਅਗਲੀਆਂ ਪਾਤਸ਼ਾਹੀਆਂ ਨੇ ਸੰਪੂਰਨਤਾ ਵੱਲ ਵਧਾਇਆ ਸੀ, ਨੂੰ ਖਾਲਸਾ ਪੰਥ, ਉਹ ਵੀ ਪ੍ਰਮਾਤਮ ਕੀ ਮੌਜ, ਅਨੁਸਾਰ ਸਿਰਜ ਕੇ ਮੁਕੰਮਲ ਸੰਪੂਰਨਤਾ ਬਖ਼ਸ ਕੇ, ਹਰ ਸਿੰਘ ਨੂੰ ਸੰਤ-ਸਿਪਾਹੀ ਦੀ ਉਪਾਧੀ ਬਖ਼ਸ ਦਿੱਤੀ ਸੀ। ਬਾਦਸ਼ਾਹ-ਦਰਵੇਸ਼ ਨੇ ਆਪਣੇ ਖਾਲਸਾ ਪੰਥ ਨੂੰ ‘ਸਿਰਦਾਰੀ’ ਬਖ਼ਸੀ। ਉਸਨੂੰ ਦੁਨੀਆ ਦਾ ਪਰਮ ਮਨੁੱਖ ਬਣਾਇਆ। ਜਿਹੜਾ ਮਾਨਵਤਾਵਾਦੀ ਖਾਲਸ ਰੂਪ ਸੀ। ਖਾਲਸਾ ਕਰਮਕਾਂਡਾਂ ਤੋਂ ਰਹਿਤ ਸੀ, ਖਾਲਸਾ ਝੂਠ ਤੇ ਕੂੜ ਦੇ ਪਸਾਰ ਤੋਂ ਨਿਰਲੇਪ ਸੀ। ਖਾਲਸਾ ਜ਼ੋਰ-ਜਬਰ ਦਾ ਵੈਰੀ ਸੀ, ਖਾਲਸਾ ਨਿਆਸਰਿਆਂ ਦਾ ਆਸਰਾ ਸੀ, ਖਾਲਸਾ ਧੀ-ਭੈਣ ਦੀ ਇੱਜ਼ਤ ਦਾ ਰਖਵਾਲਾ ਸੀ।

ਖਾਲਸਾ ਨੀਵਿਆਂ ਨੂੰ ਉਚਾ ਚੁੱਕਣ ਵਾਲਾ ਸੀ, ਖਾਲਸਾ ਨਿਰਵੈਰ ਸੀ, ਖਾਲਸਾ ਅਡੋਲ ਸੀ, ਖਾਲਸੇ ‘ਚ ਮੌਤ ਨਾਲ ਜੂਝਣ ਦੀ ਨਿੱਡਰਤਾ ਸੀ। ਖਾਲਸਾ ‘ਚ ਹਲੀਮੀ ਸੀ, ਖਾਲਸਾ ‘ਚ ਮਾਨਵਤਾ ਪ੍ਰਤੀ ਦਰਦ ਸੀ, ਖਾਲਸਾ ਸਿਰਫ਼ ਤੇ ਸਿਰਫ਼ ਗੁਰੂ ਨੂੰ ਸਮਰਪਿਤ ਸੀ ਖਾਲਸਾ ਗਰੀਬਾਂ ਨੂੰ ਪਾਤਸ਼ਾਹੀ ਬਖ਼ਸ਼ਣ ਵਾਲਾ ਸੀ, ਵਿਹਲੜ ਕੰਮਚੋਰਾਂ ਤੋਂ ਕੋਹਾਂ ਦੂਰ ਸੀ, ਖਾਲਸਾ ਸਿਰਫ਼ ਤੇ ਸਿਰਫ਼ ਸੱਚ ਦਾ ਪਾਂਧੀ ਸੀ, ਇਨਾਂ ਗੁਣਾਂ ਦਾ ਮੁਜ਼ਸਮਾ ਸੀ ਖਾਲਸਾ ਪੰਥ, ਜਿਸਨੂੰ ਸਰਬੰਸ ਦਾਨੀ ਨੇ ‘ਮੇਰੇ ਪੁੱਤਰਨ’ ਦੀ ਅਸੀਸ ਦਿੱਤੀ ਹੋਈ ਸੀ। ਅੱਜ ਸੁਆਲ ਖੜਾ ਹੈ ਕਿ ਅਸੀਂ ਕਲਗੀਧਰ ਪਿਤਾ ਦੇ ‘ਪੁੱਤਰ-ਧੀਆਂ’ ਅਖਵਾਉਣ ਦੇ ਹੱਕਦਾਰ ਹਾਂ ਵੀ ਜਾਂ ਨਹੀਂ? ਸ਼ਾਇਦ ਇਸ ਤੋਂ ਵੱਡਾ ਸੁਆਲ ਹੋਰ ਕੋਈ ਹੋ ਹੀ ਨਹੀਂ ਸਕਦਾ। ਪ੍ਰੰਤੂ ਇਸਦੇ ਬਾਵਜੂਦ ਕੌਮ ਇਸ ਸੁਆਲ ਨੂੰ ਸੁਣਨ ਲਈ ਹੀ ਤਿਆਰ ਨਹੀਂ, ਜਵਾਬ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ। ਦੁਨੀਆ ਦੀ ਇੱਕੋ-ਇਕ ਨਿਆਰੀ ਤੇ ਨਿਰਾਲੀ ਕੌਮ, ਦੁਨੀਆ ਦੀ ਇਕੋ ਇਕ ”ਸੰਤ ਤੇ ਸਿਪਾਹੀ” ਦੇ ਸੰਗਮ ਵਾਲੀ ਕੌਮ, ਦੁਨੀਆ ਦੀ ਇੱਕੋ-ਇੱਕ ਹੱਸ ਹੱਸ ਰੰਬੀਆਂ ਨਾਲ ਖੋਪਰ ਲਹਾਉਣ ਵਾਲੀ ਕੌਮ, ਦੁਨੀਆ ਦੀ ਇੱਕੋ-ਇੱਕ ਬੰਦ-ਬੰਦ ਕਟਵਾਉਣ ਵਾਲੀ ਕੌਮ! ਅੱਜ ਆਪਣੇ ਗੁਰੂ ਦੀ ਰੱਖਿਆ ਤੋਂ ਅਸਮਰੱਥ ਹੋ ਗਈ ਹੈ। ਅੱਜ ਆਪਣੀਆਂ ਸਰਵਉੱਚ ਧਾਰਮਿਕ ਸੰਸਥਾਵਾਂ ਦੀ ਰਾਖ਼ੀ ਕਰਨ ਯੋਗੀ ਨਹੀਂ ਰਹੀ, ‘ੳੂੜਾ ਤੇ ਜੂੜਾ’ ਜਿਹੜਾ ਇਸ ਕੌਮ ਦੀ ਨਿਸ਼ਾਨੀ ਸੀ, ਉਸਦੀ ਰੱਖਿਆ ਵੀ ਨਹੀਂ ਹੋ ਰਹੀ। ਜਿਹੜਾ ਖਾਲਸਾ ਹਰ ਜ਼ੁਲਮ ਜਬਰ ਵਿਰੁੱਧ ਟੱਕਰ ਲੈਂਦਾ ਰਿਹਾ, ਜਿਸਨੇ ਹਰ ਦੁਖੀ ਦੇ ਦੁੱਖ ਨੂੰ ਦੂਰ ਕੀਤਾ, ਹਰ ਕਮਜ਼ੋਰ ਦੀ ਰਾਖ਼ੀ ਕੀਤੀ, ਅੱਜ ਓਹੀ ਖਾਲਸਾ, ਖ਼ੁਦ ਦੀ ਰਾਖ਼ੀ ਤੋਂ ਨਿਤਾਣਾ ਹੋ ਗਿਆ ਹੈ। ਕਾਰਣ, ਮਰਦ ਅਗੰਮੜੇ ਦੀ ਪ੍ਰਤੀਤ ਗੁਆ ਲਈ ਹੈ। ਫ਼ਿਰ ਜਿਸ ਗੁਰੂ ਦੀ ਅਸੀਂ ਪ੍ਰਤੀਤ ਹੀ ਗੁਆ ਚੁੱਕੇ ਹਾਂ, ਉਸਦੇ ਅਵਤਾਰ ਦਿਹਾੜਿਆਂ ਦੀਆਂ ਸ਼ਤਾਬਦੀਆਂ ਭਾਵੇਂ ਜਿੰਨੀਆਂ ਮਰਜ਼ੀ ਹੁੱਭ ਕੇ ਮਨਾਈ ਜਾਈਏ, ਇਸ ਨਾਲ ਗੁਰੂ ਦੀ ਪ੍ਰਤੀਤ ਵਾਪਸ ਨਹੀਂ ਆਉਣੀ। ਉਸਦੀ ਅਸੀਸ ਤੇ ਪ੍ਰਤੀਤ ਦੀ ਪ੍ਰਾਪਤੀ ਲਈ, ਉਸ ਵੱਲੋਂ ਦਰਸਾਈ ਜੀਵਨ-ਜਾਂਚ ਅਪਨਾਉਣੀ ਜ਼ਰੂਰੀ ਹੈ।
‘ਸਿੰਘ, ਕਿਸੇ ਆਮ ਮਨੁੱਖ ਨੂੰ ਅਤੇ ‘ਕੌਰ’ ਕਿਸੇ ਆਮ ਇਸਤਰੀ ਨੂੰ ਨਹੀਂ ਆਖਿਆ ਜਾ ਸਕਦਾ ਅਤੇ ਨਾ ਹੀ ਨਾਮ ਪਿੱਛੇ ‘ਸਿੰਘ ਜਾਂ ਕੌਰ’ ਲੱਗੇ ਹੋਣ ਨਾਲ ਸਿੰਘ ਤੇ ਕੌਰ ਬਣਿਆ ਜਾ ਸਕਦਾ ਹੈ। ਜਿਹੜਾ ਸਿੰਘ ਹਰ ਜ਼ੋਰ-ਜਬਰ, ਜ਼ੁਲਮ-ਤਸ਼ੱਦਦ, ਵਧੀਕੀ, ਬੇਇਨਸਾਫ਼ੀ, ਧੱਕੇ ਤੇ ਵਿਤਕਰੇ ਵਿਰੁੱਧ ਦਹਾੜਦਾ ਹੈ, ਜ਼ਾਲਮ ਦੇ ਸਾਹ ਸੂਤਦਾ ਹੈ, ਓਹੀ ਸਿੰਘ ਹੋ ਸਕਦਾ ਹੈ। ਅੱਜ ਜਦੋਂ ਕੌਮ ਭਗਵਿਆਂ ਦੀ ਬ੍ਰਹਾਮਣਵਾਦੀ ਪੰਜਾਲੀ ਨੂੰ ਗੱਲ ਪੁਆ ਚੁੱਕੀ ਹੈ, ਹਰ ਜਬਰ ਵਿਰੁੱਧ ਸਿਰ ਸੁੱਟਣ ਦੀ ਆਦੀ ਬਣ ਗਈ ਹੈ। ਫਿਰ ਭਲਾ ਇਹ ਗੁਰੂ ਨਾਲ ਆਪਣੇ ‘ਪੁੱਤਰਨ’ ਵਾਲੇ ਰਿਸ਼ਤੇ ਨੂੰ ਕਿਵੇਂ ਜੋੜੀ ਰੱਖ ਸਕਦੀ ਹੈ। ਬਿਨਾਂ ਸ਼ੱਕ ਸ਼ਤਾਬਦੀਆਂ ਮਨਾਉਣੀਆਂ, ਕੌਮ ਦੇ ਜਲੋਅ ਦੇ ਪ੍ਰਤੀਕ ਨਗਰ ਕੀਰਤਨ ਸਜਾਉਣੇ ਆਪਣੇ ਸ਼ਾਨਾਮੱਤੀ ਵਿਰਸੇ ਦੇ ਪ੍ਰਗਟਾਵੇ ਲਈ ਜ਼ਰੂਰੀ ਹਨ। ਪ੍ਰੰਤੂ ਸਿੱਖੀ ‘ਚ ਫੋਕਟ ਕਰਮ ਕਾਂਡਾਂ ਲਈ ਕੋਈ ਥਾਂ ਨਹੀਂ, ਸਿੱਖੀ ਸੱਚੀ-ਸੁੱਚੀ ਜੀਵਨ ਜਾਂਚ ਹੈ। ਇਸ ਲਈ ਜੇ ਅਸੀਂ ਸਿੱਖੀ ਵਾਲੀ ਜੀਵਨ ਜਾਂਚ ਦਾ ਹੀ ਤਿਆਗ ਕਰ ਚੁੱਕੇ ਹਾਂ, ਫਿਰ ਇਨਾਂ ਸ਼ਤਾਬਦੀਆਂ ਦੇ ਬਹੁਤੇ ਅਰਥ ਨਹੀਂ ਰਹਿ ਜਾਂਦੇ। ਪ੍ਰਬੰਧਕਾਂ ਦੀ ਸਸਤੀ ਸ਼ੋਹਰਤ ਅਤੇ ਕਮਾਈ ਤੋਂ ਬਿਨਾਂ ਇਨਾਂ ਸਮਾਗਮਾਂ ਦਾ ਕੋਈ ਲਾਹਾ ਨਹੀਂ ਰਹਿ ਜਾਂਦਾ।

ਪਟਨਾ ਸਾਹਿਬ ਦੀ ਪਵਿੱਤਰ ਧਰਤੀ ਤੇ ਬਾਲ ਪ੍ਰੀਤਮ ਨੇ ਜਿਹੜਾ ਚੋਜ, ਕੌਮ ਨੂੰ ਨਵੀਂ ਸੇਧ ਦੇਣ ਲਈ ਕੀਤੇ ਸਨ, ਅਸੀਂ ਉਨਾਂ ਦੀ ਪੂਰਤੀ ਦੇ ਵੀ ਯੋਗ ਨਹੀਂ, ਨੀਲੇ ਦੇ ਅਸਵਾਰ ਦੇ ਮਹਾਨ ਕਾਰਨਾਮੇ ਤਾਂ ਸਾਡੀ ਝੂਠੀ ਪ੍ਰੀਤ ਕਾਰਣ ਸਾਡੀ ਸੋਚ ਦੇ ਦਾਇਰੇ ਤੋਂ ਵੀ ਬਾਹਰ ਨਿਕਲ ਚੁੱਕੇ ਹਨ। ਕੌਮ ਦੇ ਸਵੈਮਾਣ ਦੀ ਰਾਖ਼ੀ ਦਾ ਪ੍ਰਣ ਕੀ ਅਸੀਂ ਪਟਨਾ ਸਾਹਿਬ ਦੀ ਮੁਬਾਰਕ ਧਰਤੀ ਤੇ ਚੋਜੀ ਪ੍ਰੀਤਮ ਦੇ ਸਨਮੁੱਖ ਕਰ ਸਕਦੇ ਹਾਂ? ਮਲੰਮੇ ਚੜੇ ਧਾਰਮਿਕ ਤੇ ਰਾਜਸੀ ਆਗੂ, ਆਪਣੇ ਸੁਆਰਥ ਦੀ ਪੂਰਤੀ ਲਈ ਤੇ ਸੰਗਤਾਂ ਆਪਣੀ ਸ਼ਰਧਾ ਕਾਰਣ ਹੁੰਮ-ਹੁੰਮਾ ਕੇ ਸ਼ਤਾਬਦੀ ਸਮਾਗਮ ‘ਚ ਪੁੱਜ ਰਹੀਆਂ ਹਨ। ਪ੍ਰੰਤੂ ਅਸੀਂ ਇਹ ਹਾਰਦਿਕ ਅਪੀਲ ਜ਼ਰੂਰ ਕਰਾਂਗੇ ਕਿ ਜਦੋਂ ਕੌਮ ਉਸ ਮਰਦ-ਅਗੰਮੜੇ, ਵਰਿਆਮ ਅਕੇਲੇ ਦੀ ਯਾਦ ‘ਚ ”ਕਲਗੀਆਂ ਵਾਲਿਆਂ ਤੇਰਾ ਕੋਈ ਨਾ ਸਾਨੀ” ਦਾ ਨਾਅਰਾ ਬੁਲੰਦ ਕਰ ਰਹੀ ਹੈ ਤਾਂ ਘੱਟੋ-ਘੱਟ ਹਰ ਸਿੱਖ ਨੂੰ ‘ਦਸਮੇਸ਼ ਪਿਤਾ ਤੇ ਮੈਂ’ ਇਹ ਸੁਆਲ ਇਕ ਵਾਰ ਆਪਣੀ ਆਤਮਾ ਨੂੰ ਜ਼ਰੂਰ ਕਰਨਾ ਚਾਹੀਦਾ ਹੈ।-ਜਸਪਾਲ ਸਿੰਘ ਹੇਰਾਂ

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

ਸਿੱਖਾਂ ਬਾਰੇ ਭਰਮ ਭੁਲੇਖੇ

ਤਬਦੀਲੀ ਜਾਂ ਕ੍ਰਾਂਤੀ ਦੇ ਹਮਾਇਤੀ ਬਹੁਤ ਘੱਟ ਹੁੰਦੇ ਹਨ ਜਦਕਿ ਆਲੋਚਕਾਂ ਅਤੇ ਨਿੰਦਕਾਂ ਦੀ ਬਹੁਗਿਣਤੀ ਹੁੰਦੀ ਹੈ। ਕੋਈ ਛੋਟਾ-ਮੋਟਾ ਹਟਵਾਣੀਆ ਜਾਂ ਰੇਹੜੀ ਲਾਉਣ ਵਾਲਾ ਇਨਕਲਾਬ

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.