ਅਜੇ ਕਨੌਜੀਆ, ਕਪੂਰਥਲਾ : ਸ਼੍ਰੀ ਰਾਮ ਜਨਮ ਭੂਮੀ ਮੁਕਤੀ ਅੰਦੋਲਨ ਦਾ ਇਤਿਹਾਸ ਅਸ਼ੋਕ ਸਿੰਘਲ ਦੇ ਸਿਮਰਨ ਦੇ ਬਿਨਾਂ ਅਧੂਰਾ ਹੈ। ਅਸ਼ੋਕ ਸਿੰਘਲ ਭਾਵੇਂ ਹੀ ਪਰੰਪਰਾਗਤ ਰੂਪ ਨਾਲ ਸੰਤ ਨਾ ਹੋਣ ਪਰ ਉਨ੍ਹਾਂ ਦਾ ਜੀਵਨ ਕਿਸੇ ਮਾਅਨੇ ਵਿਚ ਸੰਤ ਤੋਂ ਘੱਟ ਨਹੀਂ ਸੀ। ਇਕ ਅਜਿਹਾ ਸੰਤ ਜਿਸਦੇ ਜੀਵਨ ਦਾ ਇੱਕਮਾਤਰ ਉਦੇਸ਼ ਸੀ ਅਯੋਧਿਆ ਵਿੱਚ ਰਾਮ ਜਨਮ ਭੂਮੀ ਤੇ ਰਾਮਲੱਲਾ ਦੇ ਸ਼ਾਨਦਾਰ ਮੰਦਿਰ ਦਾ ਨਿਰਮਾਣ ਕਰਨਾ। ਇਸ ਲਈ ਉਨ੍ਹਾਂ ਨੇ ਆਪਣਾ ਜੀਵਨ ਨਿਛਾਵਰ ਕਰ ਦਿੱਤਾ। ਇਹ ਪ੍ਰਗਟਾਵਾ ਸ਼ੁੱਕਰਵਾਰ ਨੂੰ ਮਸਜਿਦ ਚੌਕ ‘ਚ ਸਵਰਗੀਏ ਅਸ਼ੋਕ ਸਿੰਘਲ ਦੀ ਜਯੰਤੀ ‘ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਬਜਰੰਗ ਦਲ ਪ੍ਰਦੇਸ਼ ਕਾਰਜਕਾਰਨੀ ਮੈਂਬਰ ਸੰਜੈ ਸ਼ਰਮਾ, ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ, ਜ਼ਿਲ੍ਹਾ ਇੰਚਾਰਜ ਚੰਦਰ ਮੋਹਨ ਭੋਲਾ, ਜ਼ਿਲ੍ਹਾ ਉਪ ਪ੍ਰਧਾਨ ਆਨੰਦ ਯਾਦਵ, ਵਿਸ਼ਵ ਹਿੰਦੂ ਪਰਿਸ਼ਦ ਦੇ ਸੀਨੀਅਰ ਜ਼ਿਲ੍ਹਾ ਉਪ ਪ੍ਰਧਾਨ ਮੰਗਤ ਰਾਮ ਭੋਲਾ ਤੇ ਬਜਰੰਗ ਦਲ ਆਗੂ ਵਿਜੈ ਯਾਦਵ ਨੇ ਕਹੀ। ਇਸ ਦੌਰਾਨ ਵਿਹਿਪ ਬਜਰੰਗ ਦਲ ਦੇ ਆਗੂਆਂ ਨੇ ਸਵ. ਅਸ਼ੋਕ ਸਿੰਘਲ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਕੇ ਉਨ੍ਹਾਂ ਵਲੋਂ ਹਿੰਦੂ ਹਿੱਤ ‘ਚ ਕੀਤੇ ਗਏ ਕਾਰਜਾਂ ਨੂੰ ਯਾਦ ਕੀਤਾ। ਵਾਲੀਆ ਨੇ ਸਵ. ਅਸ਼ੋਕ ਸਿੰਘਲ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ। ਸੰਜੈ ਸ਼ਰਮਾ ਨੇ ਕਿਹਾ ਕਿ ਅਸ਼ੋਕ ਸਿੰਘਲ ਅਜਿਹੇ ਸੰਤ ਸਨ, ਜਿਨ੍ਹਾਂ ਨੇ ਸਨਾਤਨ ਧਰਮੀਆਂ ਵਿਚ ਰਾਮ ਮੰਦਿਰ ਦੇ ਨਾਲ ਹੀ ਉਨ੍ਹਾਂ ਨੂੰ ਇਕਜੁਟ ਕਰਨ ਦੀ ਵੀ ਚੇਤਨਾ ਪੈਦਾ ਕੀਤੀ ਸੀ।