ਜਾਗਰਣ ਬਿਊੁਰੋ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦਿਆਰਥੀਆਂ ਤੇ ਅਧਿਆਪਕਾਂ ’ਚ ਲੋਕਪ੍ਰਿਯਤਾ ਲਗਾਤਾਰ ਵਧ ਰਹੀ ਹੈ। ਇਸ ਦਾ ੰਅੰਦਾਜ਼ਾ ਇਸ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਇਸ ਸਾਲ ਪ੍ਰਧਾਨ ਮੰਤਰੀ ਦੀ ਵਿਦਿਆਰਥੀਆਂ ਨਾਲ ਹੋਣ ਵਾਲੀ ‘ਪ੍ਰੀਖਿਆ ਪੇ ਚਰਚਾ’ ਲਈ ਹੁਣ ਤੱਕ ਇਕ ਕਰੋੜ ਵਿਦਿਆਰਥੀਆਂ ਨੇ ਆਪਣੀ ਰਜਿਸਟੇ੍ਰਸ਼ਨ ਕਰਵਾ ਲਈ ਹੈ ਜਦਕਿ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ ’ਚ ਹਾਲੇ ਹਫ਼ਤੇ ਭਰ ਤੋਂ ਜ਼ਿਆਦਾ ਦਾ ਸਮਾਂ ਬਾਕੀ ਹੈ। ਪ੍ਰਧਾਨ ਮੰਤਰੀ ਦੀ ਵਿਦਿਆਰਥੀਆਂ ਨਾਲ ਇਹ ਚਰਚਾ 29 ਜਨਵਰੀ ਨੂੰ ਹੋਵੇਗੀ। ਇਸ ਮੌਕੇ ਦੇਸ਼ ਭਰ ਦੇ ਕਰੀਬ ਚਾਰ ਹਜ਼ਾਰ ਵਿਦਿਆਰਥੀ ਉਨ੍ਹਾਂ ਨਾਲ ਚਰਚਾ ’ਚ ਸਿੱਧੇ ਰੂਬਰੂ ਹੋਣਗੇ। ਸਿੱਖਿਆ ਮੰਤਰਾਲੇ ਮੁਤਾਬਕ ਪ੍ਰਧਾਨ ਮੰਤਰੀ ਦੀ ਵਿਦਿਆਰਥੀਆਂ ਨਾਲ ਪ੍ਰੀਖਿਆ ’ਤੇ ਚਰਚਾ ਸਬੰਧੀ ਇਹ ਪ੍ਰੋਗਰਾਮ ਇਸ ਵਾਰ ਭਾਰਤ ਮੰਡਪਮ ’ਚ ਹੋਵੇਗਾ, ਜਿੱਥੇ ਹਾਲ ਹੀ ’ਚ ਜੀ-20 ਦੇਸ਼ਾਂ ਦਾ ਸੰਮੇਲਨ ਕਰਵਾਇਆ ਗਿਆ ਸੀ। ਖ਼ਾਸ ਗੱਲ ਇਹ ਹੈ ਕਿ ਚਰਚਾ ਲਈ ਵਿਦਿਆਰਥੀਆਂ ਦੀ ਰਜਿਸਟੇ੍ਰਸ਼ਨ 11 ਦਸੰਬਰ ਤੋਂ ਸ਼ੁਰੂ ਕੀਤੀ ਗਈ ਸੀ, ਜੋ 12 ਜਨਵਰੀ ਤੱਕ ਚੱਲੇਗੀ। ਇਸ ’ਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਪੜ੍ਹਨ ਵਾਲੇ ਵਿਦਿਆਰਥੀ, ਅਧਿਆਪਕ ਤੇ ਮਾਪੇ ਆਨਲਾਈਨ ਰਜਿਸਟੇ੍ਰਸ਼ਨ ਕਰਵਾ ਸਕਦੇ ਹਨ।

ਹੁਣ ਤੱਕ ਪ੍ਰੀਖਿਆ ’ਤੇ ਚਰਚਾ ਲਈ ਹੋਈ ਇਕ ਕਰੋੜ ਰਜਿਸਟੇ੍ਰਸ਼ਨ ’ਚ 90 ਲੱਖ ਤੋਂ ਜ਼ਿਆਦਾ ਰਜਿਸਟ੍ਰੇਸ਼ਨ ਇਕੱਲੇ ਵਿਦਿਆਰਥੀਆਂ ਦੀ ਹੈ ਜਦਕਿ ਅੱਠ ਲੱਖ ਅਧਿਆਪਕ ਤੇ ਕਰੀਬ ਦੋ ਲੱਖ ਮਾਪਿਆਂ ਨੇ ਵੀ ਰਜਿਸਟੇ੍ਰਸ਼ਨ ਕਰਵਾਈ ਹੈ। ਪ੍ਰਧਾਨ ਮੰਤਰੀ ਵੱਲੋਂ ਵਿਦਿਆਰਥੀਆਂ ਨਾਲ ਬੋਰਡ ਪ੍ਰੀਖਿਆਵਾਂ ਤੋਂ ਠੀਕ ਪਹਿਲਾਂ ਹੋਣ ਵਾਲੇ ਇਸ ਸੰਵਾਦ ਦੀ ਸ਼ੁਰੂਆਤ 2018 ’ਚ ਹੋਈ ਸੀ। ਉਦੋਂ ਤੋਂ ਇਹ ਹਰ ਸਾਲ ਕਰਵਾਇਆ ਜਾਂਦਾ ਹੈ। ਇਸ ਦੌਰਾਨ ਵਿਦਿਆਰਥੀ ਪ੍ਰੀਖਿਆ ਨਾਲ ਜੁੜੇ ਆਪਣੇ ਸਵਾਲ ਸਿੱਧੇ ਪ੍ਰਧਾਨ ਮੰਤਰੀ ਤੋਂ ਪੁੱਛਦੇ ਹਨ, ਜਿਨ੍ਹਾਂ ਦਾ ਪ੍ਰਧਾਨ ਮੰਤਰੀ ਦਿਲਚਸਪ ਤਰੀਕੇ ਨਾਲ ਜਵਾਬ ਵੀ ਦਿੰਦੇ ਹਨ। ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਦੀ ਇਹ ਚਰਚਾ ਕਾਫ਼ੀ ਹਲਕੇ-ਫੁਲਕੇ ਮਾਹੌਲ ’ਚ ਹੁੰਦੀ ਹੈ।