ਏਐੱਨਆਈ, ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਨਹੀਂ ਹੋਏ। ਈਡੀ ਨੇ ਕੇਜਰੀਵਾਲ ਨੂੰ ਪੁੱਛਗਿੱਛ ਲਈ ਤੀਜੀ ਵਾਰ ਸੰਮਨ ਭੇਜਿਆ ਸੀ। ਇਸ ਪੂਰੇ ਮਾਮਲੇ ‘ਤੇ ਮੁੱਖ ਮੰਤਰੀ ਕੇਜਰੀਵਾਲ ਦੀ ਪ੍ਰਤੀਕਿਰਿਆ ਆਈ ਹੈ। ਉਨ੍ਹਾਂ ਈਡੀ ਦੇ ਸੰਮਨਾਂ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਈਡੀ ਵਾਲੇ ਲੋਕਾਂ ਨੂੰ ਕੁੱਟ ਰਹੇ ਹਨ ਅਤੇ ਝੂਠੇ ਬਿਆਨ ਲੈ ਰਹੇ ਹਨ।

ਉਨ੍ਹਾਂ ਕਿਹਾ ਕਿ ਈਡੀ ਨੇ ਅੱਜ ਮੈਨੂੰ ਚੌਥਾ ਨੋਟਿਸ ਭੇਜਿਆ ਹੈ। ਇਸ ਵਿੱਚ ਉਨ੍ਹਾਂ ਕਿਹਾ ਕਿ ਉਹ 18 ਜਨਵਰੀ ਜਾਂ 19 ਜਨਵਰੀ ਨੂੰ ਪੁੱਛਗਿੱਛ ਲਈ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ। ਉਨ੍ਹਾਂ ਕਿਹਾ ਕਿ ਇਹ ਚਾਰੇ ਨੋਟਿਸ ਗੈਰ-ਕਾਨੂੰਨੀ ਅਤੇ ਅਵੈਧ ਹਨ। ਜਦੋਂ ਇਸ ਤੋਂ ਪਹਿਲਾਂ ਈਡੀ ਵੱਲੋਂ ਅਜਿਹੇ ਨੋਟਿਸ ਭੇਜੇ ਗਏ ਸਨ, ਤਾਂ ਉਨ੍ਹਾਂ ਸਾਰਿਆਂ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਇਹ ਨੋਟਿਸ ਸਿਆਸੀ ਬਦਲਾਖੋਰੀ ਤੋਂ ਕੀਤੀ ਗਈ ਕਾਰਵਾਈ ਤੋਂ ਇਲਾਵਾ ਹੋਰ ਕੁਝ ਨਹੀਂ ਹੈ।

ਭਾਜਪਾ ਚਲਾ ਰਹੀ ਹੈ ED

ਉਨ੍ਹਾਂ ਦੱਸਿਆ ਕਿ ਇਹ ਜਾਂਚ ਪਿਛਲੇ ਦੋ ਸਾਲਾਂ ਤੋਂ ਚੱਲ ਰਹੀ ਹੈ। ਇਨ੍ਹਾਂ ਦੋ ਸਾਲਾਂ ਵਿੱਚ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਉਹ ਲੋਕ ਸਭਾ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਅਚਾਨਕ ਮੈਨੂੰ ਨੋਟਿਸ ਕਿਉਂ ਭੇਜ ਰਹੇ ਹਨ? ਭਾਜਪਾ ਈਡੀ ਚਲਾ ਰਹੀ ਹੈ। ਉਨ੍ਹਾਂ ਦਾ ਮਕਸਦ ਇਹ ਸਭ ਕਰ ਕੇ ਕੇਜਰੀਵਾਲ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਣਾ ਹੈ। ਭਾਜਪਾ ਵਾਲੇ ਇਹ ਕਹਿ ਕੇ ਘੁੰਮ ਰਹੇ ਹਨ ਕਿ ਉਹ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲੈਣਗੇ। ਉਹ ਇਹ ਕਿਵੇਂ ਜਾਣਦੇ ਹਨ? ਮੈਂ ਈਡੀ ਨੂੰ ਜਵਾਬ ਦੇ ਦਿੱਤਾ ਹੈ।

ਪਾਰਟੀ ਨੇ ਗ੍ਰਿਫ਼ਤਾਰੀ ਦਾ ਪ੍ਰਗਟਾਇਆ ਖ਼ਦਸ਼ਾ

ਜ਼ਿਕਰਯੋਗ ਹੈ ਕਿ ਸੀਐੱਮ ਕੇਜਰੀਵਾਲ ਨੂੰ ਪੁੱਛਗਿੱਛ ਲਈ ਤਿੰਨ ਵਾਰ ਨੋਟਿਸ ਭੇਜਿਆ ਗਿਆ ਹੈ ਪਰ ਉਹ ਕਦੇ ਪੇਸ਼ ਨਹੀਂ ਹੋਏ। ਉਸ ਨੇ ਕਈ ਵਾਰ ਈਡੀ ਨੂੰ ਚਿੱਠੀਆਂ ਲਿਖ ਕੇ ਪੁੱਛਿਆ ਕਿ ਉਹ ਕਿਸ ਹੈਸੀਅਤ ਵਿੱਚ ਉਸ ਨੂੰ ਬੁਲਾ ਰਿਹਾ ਹੈ। ਪਾਰਟੀ ਦਾ ਕਹਿਣਾ ਹੈ ਕਿ ਈਡੀ ਉਸ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਨਾ ਕਰ ਸਕੇ। ਕੇਜਰੀਵਾਲ ਨੇ ਪਹਿਲਾਂ 2 ਨਵੰਬਰ, 21 ਦਸੰਬਰ ਅਤੇ 3 ਜਨਵਰੀ ਨੂੰ ਈਡੀ ਦੇ ਤਿੰਨ ਸੰਮਨਾਂ ‘ਤੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ।