ਸਟਾਫ ਰਿਪੋਰਟਰ, ਖੰਨਾ : ਰਘਵੀਰ ਸਿੰਘ ਫਰੀਡਮ ਫਾਈਟਰ ਸਰਕਾਰੀ ਹਾਈ ਸਕੂਲ ਅਮਲੋਹ ਰੋਡ ਖੰਨਾ ਦੀ ਖਿਡਾਰਣ ਸ਼ਿਵਾਨੀ ਨੇ 67ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਪਾਵਰ ਲਿਫਟਿੰਗ ਮੁਕਾਬਲਿਆਂ ‘ਚ ਅੰਡਰ 17 ਦੇ 45 ਕਿੱਲੋ ਭਾਰ ਵਰਗ ‘ਚ ਕੁੱਲ 180 ਕਿੱਲੋ ਭਾਰ ਚੁੱਕ ਕੇ ਪੰਜਾਬ ‘ਚੋਂ ਦੂਸਰਾ ਸਥਾਨ ਹਾਸਲ ਕਰਦੇ ਹੋਏ ਚਾਂਦੀ ਦਾ ਤਮਗਾ ਆਪਣੇ ਨਾਮ ਕਰਕੇ ਸਕੂਲ ਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ।

ਸਕੂਲ ਪੁੱਜਣ ‘ਤੇ ਇਸ ਖਿਡਾਰਣ ਤੇ ਕੋਚ ਸੰਜੀਵ ਸ਼ਰਮਾ ਦਾ ਹੈੱਡਮਾਸਟਰ ਬਲਵਿੰਦਰ ਸਿੰਘ ਤੇ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਦੇ ਹੈੱਡਮਾਸਟਰ ਬਲਵਿੰਦਰ ਸਿੰਘ ਵੱਲੋਂ ਇਸ ਮੌਕੇ ਸਪੋਰਟਸ ਵਿਭਾਗ ਪੰਜਾਬ ਤੇ ਕੋਚ ਸੰਜੀਵ ਸ਼ਰਮਾ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਸਪੋਰਟਸ ਵਿਭਾਗ ਵੱਲੋਂ ਸਕੂਲ ਅੰਦਰ ਚਲਾਏ ਜਾ ਰਹੇ ਸਪੋਰਟਸ ਸੈਂਟਰ ਕਾਰਨ ਹੀ ਇਹ ਪ੍ਰਰਾਪਤੀ ਸੰਭਵ ਹੋ ਸਕੀ ਹੈ।

ਇਸ ਮੌਕੇ ਟਰੇਡ ਸੈੱਲ ਦੇ ਪ੍ਰਧਾਨ ਗੁਰਬਚਨ ਸਿੰਘ ਟੀਟੂ, ਕੌਂਸਲਰ ਗੁਰਮੀਤ ਸਿੰਘ ਨਾਗਪਾਲ, ਐੱਸਐੱਮਸੀ ਚੇਅਰਪਰਸਨ ਅਲਕਾ ਸ਼ਰਮਾ, ਅਵਤਾਰ ਸਿੰਘ ਮਾਨ, ਕੁਲਵੰਤ ਸਿੰਘ ਮਹਿਮੀ, ਹਵਾ ਸਿੰਘ ਆਦਿ ਨੇ ਮੁਬਾਰਕਬਾਦ ਦਿੱਤੀ ਹੈ।