ਏਜੰਸੀ, ਨਵੀਂ ਦਿੱਲੀ : ਰਾਊਜ ਐਵਨਿਊ ਕੋਰਟ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਵਕੀਲ ਨੂੰ ਕਿਹਾ ਕਿ ਉਹ ਦਿੱਲੀ ਪੁਲਿਸ ਤੇ ਸੀਬੀਆਈ ਵੱਲੋਂ ਪੁਲ ਬਾਂਗਸ਼ ਸਿੱਖ ਵਿਰੋਧੀ ਮਾਮਲੇ ’ਚ ਦਰਜ ਕੇਸਾਂ ਦਾ ਵੇਰਵਾ ਤੇ ਜਾਂਚ ਸਿੱਟੇ ਦਾਖ਼ਲ ਕਰੇ। ਇਸ ਕੇਸ ’ਚ ਮੁਲਜ਼ਮ ਟਾਈਟਲਰ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਹੋਏ। ਇਹ ਕੇਸ 1 ਨਵੰਬਰ, 1984 ਨੂੰ ਗੁਰਦੁਆਰਾ ਪੁਲ ਬਾਂਗਸ਼ ’ਚ ਸਿੱਖਾਂ ਦੀ ਹੱਤਿਆ ਨਾਲ ਜੁੜਿਆ ਹੈ। ਸੀਬੀਆਈ ਨੇ ਉਸ ਖਿਲਾਫ਼ ਮਈ ’ਚ ਪੂਰਕ ਚਾਰਜਸ਼ੀਟ ਦਾਖ਼ਲ ਕੀਤੀ ਸੀ। ਵਿਸ਼ੇਸ਼ ਜੱਜ ਰਾਕੇਸ਼ ਸਿਆਲ ਨੇ ਮਾਮਲੇ ਦੀ ਸੁਣਵਾਈ 9 ਜਨਵਰੀ ਤੱਕ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੀਆਂ ਚਾਰਜਸ਼ੀਟਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਨਹੀਂ ਮਿਲੀਆਂ ਸਨ। ਅਦਾਲਤ ਨੇ ਪੁੱਛਿਆ ਕਿ ਕਿੰਨੀਆਂ ਐੱਫਆਈਆਰ ਦਰਜ ਹੋਈਆਂ ਤੇ ਕਿੰਨੀਆਂ ਚਾਰਜਸ਼ੀਟ ਦਾਖ਼ਲ ਕੀਤੀਆਂ ਗਈਆਂ।