ਜਤਿੰਦਰ ਪੰਮੀ, ਜਲੰਧਰ : ਰਾਊਂਡ ਗਲਾਸ ਸੰਸਾਰਪੁਰ ਨੇ ਰਾਊਂਡ ਗਲਾਸ ਬਾਬਾ ਬਕਾਲਾ ਨੂੰ 4-2 ਨਾਲ ਹਰਾ ਕੇ ਲੀਗ ’ਚ ਦੋਵੇਂ ਮੈਚ ਜਿੱਤ ਕੇ 6 ਅੰਕਾਂ ਨਾਲ ਦੂਜੀ ਰਾਊਂਡਗਲਾਸ ਗਰਾਸਰੂਟ ਹਾਕੀ ਲੀਗ 2023 (ਅੰਡਰ 16 ਲੜਕੇ) ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਸੰਸਾਰਪੁਰ ਦੇ ਮਨੀਸ਼ ਨੇ ਹੈਟ੍ਰਿਕ ਕੀਤੀ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚਲ ਰਹੀ ਲੀਗ ਦੌਰਾਨ ਰਾਊਂਡ ਗਲਾਸ ਬੁਤਾਲਾ ਤੇ ਰਾਊਂਡ ਗਲਾਸ ਹਰਚੋਵਾਲ ਦੀਆਂ ਟੀਮਾਂ 3-3 ਦੀ ਬਰਾਬਰੀ ’ਤੇ ਰਹੀਆਂ ਤੇ ਦੋਵਾਂ ਨੇ ਕੁਆਰਟਰ ਫਾਈਨਲ ’ਚ ਸਥਾਨ ਬਣਾ ਲਿਆ। ਰਾਊਂਡ ਗਲਾਸ ਤੇਹਿੰਗ ਨੇ ਰਾਊਂਡ ਗਲਾਸ ਚਾਹਲ ਕਲਾਂ ਨੂੰ 4-2 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਧੰਨੋਵਾਲੀ ਨੇ ਸਖਤ ਮੁਕਾਬਲੇ ਮਗਰੋਂ ਰੂਪ ਨਗਰ ਨੂੰ 4-3 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਪਾਇਆ। ਕੁਆਰਟਰ ਫਾਈਨਲ ਮੁਕਾਬਲੇ 27 ਦਸੰਬਰ (ਬੁੱਧਵਾਰ) ਨੂੰ ਖੇਡੇ ਜਾਣਗੇ। ਪੂਲ ਡੀ ’ਚ ਪਹਿਲੇ ਮੈਚ ’ਚ ਰਾਊਂਡ ਗਲਾਸ ਸੰਸਾਰਪੁਰ ਨੇ ਰਾਊਂਡ ਗਲਾਸ ਬਾਬਾ ਬਕਾਲਾ ਨੂੰ 4-2 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਸਥਾਨ ਬਣਾਇਆ। ਸੰਸਾਰਪੁਰ ਵੱਲੋਂ ਮਨੀਸ਼ ਨੇ ਖੇਡ ਦੇ ਦੂਜੇ ਮਿੰਟ, 29ਵੇਂ ਮਿੰਟ ਤੇ 59ਵੇਂ ਮਿੰਟ ’ਚ ਗੋਲ ਕਰ ਕੇ ਲੀਗ ਦੀ ਦੂਜੀ ਹੈਟ੍ਰਿਕ ਬਣਾਈ। ਸ਼ਿਵ ਕੁਮਾਰ ਨੇ 6ਵੇਂ ਮਿੰਟ ’ਚ ਇਕ ਗੋਲ ਕੀਤਾ। ਜਦਕਿ ਬਾਬਾ ਬਕਾਲਾ ਵੱਲੋਂ 14ਵੇਂ ਤੇ 54ਵੇਂ ਮਿੰਟ ’ਚ ਦੋਵੇਂ ਗੋਲ ਸੁਖਦੇਵ ਸਿੰਘ ਨੇ ਕੀਤੇ। ਸੰਸਾਰਪੁਰ ਨੇ ਲੀਗ ’ਚ ਦੋਵੇਂ ਮੈਚ ਜਿੱਤ ਕੇ 6 ਅੰਕਾਂ ਨਾਲ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਸੰਸਾਰਪੁਰ ਦੇ ਗੁਰਭੇਜਦੀਪ ਸਿੰਘ ਨੂੰ ਬਿਹਤਰੀਨ ਖਿਡਾਰੀ ਐਲਾਨਿਆ ਗਿਆ ਉਸ ਦਾ ਅਲਫਾ ਹਾਕੀ ਸਟਿੱਕ ਨਾਲ ਸਨਮਾਨ ਕੀਤਾ ਗਿਆ। ਪੂਲ ਏ ’ਚ ਰਾਊਂਡ ਗਲਾਸ ਬੁਤਾਲਾ ਤੇ ਰਾਊਂਡ ਗਲਾਸ ਹਰਚੋਵਾਲ ਦਰਮਿਆਨ ਮੈਚ 3-3 ਨਾਲ ਬਰਾਬਰ ਰਿਹਾ। ਬੁਤਾਲਾ ਵੱਲੋਂ ਖੇਡ ਦੇ 15ਵੇਂ ਤੇ 27ਵੇਂ ਮਿੰਟ ’ਚ ਅਕਾਸ਼ਦੀਪ ਸਿੰਘ ਨੇ ਦੋ ਗੋਲ ਕੀਤੇ। 33ਵੇਂ ਮਿੰਟ ’ਚ ਮਨਜੋਤ ਸਿੰਘ ਨੇ ਇਕ ਗੋਲ ਕੀਤਾ। ਹਰਚੋਵਾਲ ਵੱਲੋਂ 44ਵੇਂ ਮਿੰਟ ’ਚ ਅਪੂਰਵ ਠਾਕੁਰ ਨੇ, 46ਵੇਂ ਮਿੰਟ ’ਚ ਰਾਜਵਿੰਦਰ ਸਿੰਘ ਤੇ 50ਵੇਂ ਮਿੰਟ ’ਚ ਮਨਰੂਪ ਸਿੰਘ ਨੇ ਗੋਲ ਕਰ ਕੇ ਬਰਾਬਰੀ ਕੀਤੀ ਤੇ ਦੋਵੇਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਬੁਤਾਲਾ ਦੇ ਅਭਿਜੀਤ ਸਿੰਘ ਨੂੰ ਬਿਹਤਰੀਨ ਖਿਡਾਰੀ ਐਲਾਨਿਆ ਗਿਆ ਤੇ ਉਸ ਦਾ ਅਲਫਾ ਹਾਕੀ ਸਟਿੱਕ ਨਾਲ ਸਨਮਾਨ ਕੀਤਾ ਗਿਆ। ਪੂਲ ਬੀ ’ਚ ਰਾਊਂਡ ਗਲਾਸ ਤੇਹਿੰਗ ਨੇ ਰਾਊਂਡ ਗਲਾਸ ਚਾਹਲ ਕਲਾਂ ਨੂੰ 4-2 ਦੇ ਫਰਕ ਨਾਲ ਹਰਾਇਆ। ਤੇਹਿੰਗ ਵੱਲੋਂ 6ਵੇਂ ਤੇ 41ਵੇਂ ਮਿੰਟ ’ਚ ਅਰਸ਼ਦੀਪ ਸਿੰਘ ਨੇ, 9ਵੇਂ ਮਿੰਟ ’ਚ ਪਿ੍ਰੰਸ ਕੁਮਾਰ ਨੇ ਤੇ 45ਵੇਂ ਮਿੰਟ ’ਚ ਗੁਰਪ੍ਰੀਤ ਨੇ ਗੋਲ ਕੀਤੇ। ਜਦਕਿ ਚਾਹਲ ਕਲਾਂ ਵੱਲੋਂ 29ਵੇਂ ਤੇ 39ਵੇਂ ਮਿੰਟ ’ਚ ਮਹਿਕਦੀਪ ਕੁਮਾਰ ਨੇ ਦੋਵੇਂ ਗੋਲ ਕੀਤੇ। ਤੇਹਿੰਗ ਦੇ ਅਰਸ਼ਦੀਪ ਸਿੰਘ ਨੂੰ ਬੇਹਤਰੀਨ ਖਿਡਾਰੀ ਐਲਾਨਿਆ ਗਿਆ ਤੇ ਉਸ ਦਾ ਅਲਫਾ ਹਾਕੀ ਸਟਿੱਕ ਨਾਲ ਸਨਮਾਨ ਕੀਤਾ ਗਿਆ। ਪੂਲ ਸੀ ’ਚ ਰਾਉਂਡ ਗਲਾਸ ਧੰਨੋਵਾਲੀ ਨੇ ਸਖਤ ਮੁਕਾਬਲੇ ਮਗਰੋਂ ਰਾਊਂਡ ਗਲਾਸ ਰੂਪ ਨਗਰ ਨੂੰ 4-3 ਨਾਲ ਹਰਾ ਕੇ ਕਵਾਰਟਰ ਫਾਇਨਲ ’ਚ ਪ੍ਰਵੇਸ਼ ਕੀਤਾ। ਧੰਨੋਵਾਲੀ ਵੱਲੋਂ 11ਵੇਂ ਮਿੰਟ ’ਚ ਜਿਤੇਸ਼ ਨੇ, 28ਵੇਂ ਮਿੰਟ ’ਚ ਸਮਰਦੀਪ ਸਿੰਘ ਨੇ, 47ਵੇਂ ਮਿੰਟ ਤੇ 50ਵੇਂ ਮਿੰਟ ’ਚ ਰਜਾਕ ਅਲੀ ਨੇ ਗੋਲ ਕੀਤੇ ਜਦਕਿ ਰੂਪ ਨਗਰ ਵੱਲੋਂ 40ਵੇਂ ਤੇ 53ਵੇਂ ਮਿੰਟ ’ਚ ਹਰਸ਼ਜੋਤ ਨੇ, 58ਵੇਂ ਮਿੰਟ ’ਚ ਅਰੂਨ ਨੇ ਗੋਲ ਕੀਤੇ। ਧੰਨੋਵਾਲੀ ਦੇ ਰਜਾਕ ਅਲੀ ਨੂੰ ਬਿਹਤਰੀਨ ਖਿਡਾਰੀ ਐਲਾਨਿਆ ਗਿਆ ਤੇ ਉਸ ਦਾ ਅਲਫਾ ਹਾਕੀ ਸਟਿੱਕ ਨਾਲ ਸਨਮਾਨ ਕੀਤਾ ਗਿਆ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਉਲੰਪੀਅਨ ਸੰਜੀਵ ਕੁਮਾਰ, ਉਲੰਪੀਅਨ ਗੁਨਦੀਪ ਕੁਮਾਰ, ਰਿਪੁਦਮਨ ਕੁਮਾਰ ਸਿੰਘ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਉਲੰਪੀਅਨ ਰਜਿੰਦਰ ਸਿੰਘ ਸੀਨੀਅਰ, ਅਸ਼ਫਾਕ ਉਲਾ ਖਾਨ, ਗੁਰਿੰਦਰ ਸਿੰਘ ਸੰਘਾ, ਹਰਿੰਦਰ ਸਿੰਘ ਸੰਘਾ, ਕੁਲਬੀਰ ਸਿੰਘ ਸੈਣੀ, ਬਲਵਿੰਦਰ ਸਿੰਘ, ਰਵਿੰਦਰ ਸਿੰਘ, ਮਲਕੀਤ ਸਿੰਘ, ਜਤਿੰਦਰ ਬੌਬੀ, ਬਲਜੋਤ ਸੰਘਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਅੱਜ ਦੇ ਮੈਚ (ਕੁਆਰਟਰ ਫਾਈਨਲ)

ਰਾਊਂਡ ਗਲਾਸ ਸੰਸਾਰਪੁਰ ਬਨਾਮ ਰਾਊਂਡ ਗਲਾਸ ਧੰਨੋਵਾਲੀ : 9.30 ਵਜੇ

ਰਾਊਂਡ ਗਲਾਸ ਹਰਚੋਵਾਲ ਬਨਾਮ ਰਾਊਂਡ ਗਲਾਸ ਤੇਹਿੰਗ : 11.00 ਵਜੇ

ਰਾਊਂਡ ਗਲਾਸ ਬੁਤਾਲਾ ਬਨਾਮ ਰਾਊਂਡ ਗਲਾਸ ਮਿੱਠਾਪੁਰ : 12.30 ਵਜੇ

ਰਾਊਂਡ ਗਲਾਸ ਨਿੱਕੇ ਘੁੰਮਣਾਂ ਬਨਾਮ ਰਾਊਂਡ ਗਲਾਸ ਬਾਬਾ ਬਕਾਲਾ : 2.00 ਵਜੇ