Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਰਵੀ ਤੋਂ ਰਵੀ ਸਿੰਘ ਰਵੀ ਸਿੰਘ ਤੋਂ ਰਵੀ ਸਿੰਘ ਖਾਲਸਾ ਤੇ ਰਵੀ ਸਿੰਘ ਖਾਲਸਾ ਤੋਂ ਖਾਲਸਾ ਏਡ

By uscreative Published 4 min read

ਗੱਲ ਅਠਾਸੀ-ਉਣੰਨਵੇਂ (1988-89) ਦੀ ਹੋਵੇਗੀ..ਮੇਰੀ ਜਿੰਦਗੀ ਇੰਗਲੈਂਡ ਵਿਚ ਆਰਾਮ ਦੀ ਗੁਜਰ ਰਹੀ ਸੀ…ਨੌਜੁਆਨੀ ਵਿਚ ਮੁੰਡਿਆਂ ਖੁੰਡਿਆਂ ਦੇ ਸਾਰੇ ਸ਼ੌਕ ਪੂਰੇ ਜੋਬਨ ਤੇ ਸਨ..ਸ਼ੀਸ਼ੇ ਮੂਹਰੇ ਅਕਸਰ ਹੀ ਘੰਟਿਆਂ ਬੱਧੀ ਖਲੋਤਾ ਆਪਣੇ ਆਪ ਨੂੰ ਨਿਹਾਰਦਾ ਰਹਿੰਦਾ ਸਾਂ! ਇੱਕ ਦਿਨ ਅਚਾਨਕ ਮੇਰੀ ਨਜਰ ਕੋਲ ਪਏ ਪੰਜਾਬੀ ਅਖਬਾਰ ਦੇ ਪੰਨੇ ਵਿਚ ਛਪੀਆਂ ਹੋਈਆਂ ਕੁਝ ਸਾਬਤ ਸੂਰਤ ਸਿੱਖ ਨੌਜੁਆਨਾਂ ਦੀਆਂ ਬਲੈਕ ਐਂਡ ਵ੍ਹਾਈਟ ਫੋਟੋਆਂ ਵੱਲ ਗਈ !
ਸਾਮਣੇ ਇੱਕ ਜਾਣੀ ਪਹਿਚਾਣੀ ਜਿਹੀ ਤਸਵੀਰ ਸੀ…ਮੇਰੇ ਪਿੰਡ ਦੇ ਗੱਭਰੂ ਚਰਨਜੀਤ ਸਿੰਘ ਚੰਨੀ…ਮੇਰੇ ਨਿੱਕੇ ਹੁੰਦਿਆਂ ਦਾ ਪੱਕਾ ਯਾਰ..ਗਹੁ ਨਾਲ ਵਿਸਥਾਰ ਪੜਿਆਂ ਤਾਂ ਪੈਰਾਂ ਹੇਠੋਂ ਜਮੀਨ ਨਿੱਕਲ ਗਈ…ਇਹ ਸਾਰੇ ਨੌਜੁਆਨ ਪੰਜਾਬ ਪੁਲਸ ਵੱਲੋਂ ਵੱਖੋ-ਵੱਖ ਥਾਵਾਂ ਤੇ ਝੂਠੇ ਮੁਕਾਬਲੇ ਬਣਾ ਕੇ ਮੁਕਾ ਦਿੱਤੇ ਸਨ!
ਓਸੇ ਵੇਲੇ ਮਾਂ ਨੂੰ ਫੋਨ ਲਾਇਆ ..ਪੁੱਛਿਆ ਮਾਂ ਚੰਨੀ ਨੂੰ ਕੀ ਹੋ ਗਿਆ..ਅੱਗੋਂ ਆਂਹਦੀ ਕੁਝ ਨੀ ਪੁੱਤ ਤੂੰ ਆਪਣੀ ਜਿੰਦਗੀ ਜੀਵੀ ਚੱਲ ਤੈਨੂੰ ਇਹਨਾਂ ਗੱਲਾਂ ਨਾਲ ਕੀ?
ਮੇਰੀਆਂ ਆਂਦਰਾਂ ਨੂੰ ਸੇਕ ਲੱਗ ਚੁੱਕਾ ਸੀ..ਓਸੇ ਵੇਲੇ ਦੋਸਤਾਂ ਮਿੱਤਰਾਂ ਨੂੰ ਫੋਨ ਕਰ ਅਸਲ ਕਹਾਣੀ ਪੁੱਛੀ..
ਆਖਣ ਲੱਗੇ ਕੇ ਕੌਮ ਦੀ ਅਣਖ ਖਾਤਿਰ ਪੁਲਸ ਦਾ ਭਾਰੀ ਤਸ਼ੱਦਦ ਸਹਿੰਦਾ ਹੋਇਆ ਜਾਨ ਵਾਰ ਗਿਆੀ…ਹੋਰ ਘੋਖ ਕੀਤੀ ਤਾਂ ਕਾਲਜੇ ਦਾ ਰੁੱਗ ਭਰਿਆ ਗਿਆ…ਹੋਸ਼ਿਆਰਪੁਰ ਜਿਲੇ ਦੇ ਪੰਜ ਥਾਣਿਆਂ ਦੀ ਪੁਲਸ ਨੇ ਅੰਨਾ ਤਸ਼ੱਦਦ ਕੀਤਾ ਸੀ …ਸਰੀਰ ਨਿਚੋੜ ਸੁੱਟਿਆ…ਆਖਰੀ ਥਾਣਾ ਜਿਥੇ ਉਸਦੀ ਜਾਨ ਨਿੱਕਲੀ ਓਸੇ ਅਜੀਤ ਸਿੰਘ ਸੰਧੂ ਦੇ ਕੰਟਰੋਲ ਵਾਲਾ ਸੀ ਜਿਹੜਾ ਸ਼ਰਾਬ ਦਾ ਘੁੱਟ ਅੰਦਰ ਲੰਘਾਉਂਦਾ ਹੋਇਆ ਅਗਲੇ ਦੀ ਮੌਤ ਦੇ ਪਰਵਾਨੇ ਤੇ ਦਸਤਖਤ ਕਰ ਦਿਆ ਕਰਦਾ ਸੀ…
ਓਹੀ ਅਜੀਤ ਸਿੰਘ ਸੰਧੂ ਜਿਸਨੇ ਕਾਰ ਸੇਵਾ ਵਾਲਾ ਬਜ਼ੁਰਗ ਬਾਬਾ ਚਰਨ ਸਿੰਘ ਦੋ ਵੱਖੋ ਵੱਖ ਜੀਪਾਂ ਨਾਲ ਬੰਨ ਮਗਰੋਂ ਜੀਪਾਂ ਦੋ ਵੱਖੋ ਵੱਖ ਦਿਸ਼ਾਵਾਂ ਵੱਲ ਚਲਵਾ ਕੇ ਸਰੀਰ ਵਿਚੋਂ ਪੜਵਾ ਦਿੱਤਾ ਸੀ
ਦੱਸਦੇ ਉਸਨੇ ਕਾਫੀ ਦਿਨ ਚੰਨੀ ਤੇ ਖੁਦ ਆਪ ਤਸ਼ੱਦਦ ਕੀਤਾ ਜਦੋਂ ਸਰੀਰ ਪੂਰੀ ਤਰਾਂ ਨਕਾਰਾ ਹੋ ਗਿਆ ਤਾਂ ਦਰਿਆ ਕੰਢੇ ਖੜ ਗੋਲੀ ਮਾਰ ਦਿੱਤੀ ਤੇ ਛਾਤੀ ਤੇ ਏ..ਕੇ .ਸੰਤਾਲੀ ਰੱਖ ਅਖਬਾਰ ਵਿਚ ਖਬਰ ਲੁਆ ਦਿੱਤੀ ਕੇ ਇੱਕ ਕੱਟੜ ਅੱਤਵਾਦੀ ਮੁਕਾਬਲੇ ਵਿਚ ਪਾਰ ਬੁਲਾਇਆ!
ਇਹ ਬਿਰਤਾਂਤ ਸੁਣ ਮੇਰਾ ਵਜੂਦ ਧੁਆਂਖਿਆ ਗਿਆ….ਰੂਹ ਬੇਚੈਨ ਹੋ ਉੱਠੀ…ਉਸ ਦਿਨ ਚੰਗੀ ਤਰਾਂ ਪਤਾ ਲੱਗਾ ਕੇ ਜੂਨ ਚੁਰਾਸੀ ਵਿਚ ਕੀ ਹੋਇਆ ਸੀ ਤੇ ਮਗਰੋਂ ਨਵੰਬਰ ਚੁਰਾਸੀ ਵਿਚ ਸਿਖਾਂ ਦਾ ਸੰਗਠਤ ਤਰੀਕੇ ਨਾਲ ਕਿਦਾਂ ਘਾਣ ਹੋਇਆ..ਕਿਦਾਂ ਬੀਬੀਆਂ ਦੀ ਬੇਪਤੀ ਹੋਈ….ਮੇਰਾ ਸਰੂਪ ਬਦਲ ਗਿਆ..ਸੋਚ ਬਦਲ ਗਈ…ਅੰਦਰ ਨਵਾਂ ਸੰਕਲਪ ਜਨਮ ਲੈ ਚੁਕਾ ਸੀ…ਸੱਚ ਨੂੰ ਸੱਚ ਆਖਣ ਵਾਲਾ ਸੰਕਲਪ…ਭੁਖਿਆਂ ਦਾ ਢਿੱਡ ਭਰਨ ਵਾਲਾ ਸੰਕਲਪ..ਸਿੱਖੀ ਤੇ ਸਿੱਖ ਦੀ ਅਸਲ ਪਹਿਚਾਣ ਨੂੰ ਦੁਨੀਆਂ ਦੇ ਕੋਨੇ ਕੋਨੇ ਵਿਚ ਪਹੁੰਚਣ ਵਾਲਾ ਸੰਕਲਪ!

ਅੱਜ ਪਤਾ ਲੱਗਾ ਕੇ ਮੈਨੂੰ ਇੰਡਿਯਨ ਆਫ ਦਾ ਯੀਅਰ ਐਵਾਰਡ ਨਾਲ ਸਨਮਾਨਿਤ ਕੀਤਾ…ਪੁਲਸ ਦੁਆਰਾ ਝੂਠੇ ਮੁਕਾਬਲੇ ਵਿਚ ਮਾਰਿਆ ਚੰਨੀ ਓਸੇ ਵੇਲੇ ਅੱਖਾਂ ਅੱਗੇ ਆ ਗਿਆ..ਨਵੰਬਰ ਚੁਰਾਸੀ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਹੱਸਦੇ ਹੋਏ ਤੁਰੇ ਫਿਰਦੇ ਨਜਰ ਆਏ…ਓਸੇ ਵੇਲੇ ਟਵੀਟ ਕੀਤਾ ਮੈਂ ਇੰਡਿਯਨ ਹੈ ਹੀ ਨਹੀਂ..ਪੰਜਾਬੀ ਮੇਰੀ ਪਹਿਚਾਣ ਹੈ
ਹਾਂ ਆਪਣੇ ਨਾਮ ਦੇ ਪਿੱਛੋਂ ਖ਼ਾਲਸਾ ਹਟਾ ਕੇ ਇੰਡਿਯਨ ਲਿਖਵਾ ਲਵਾਂਗਾ ਜੇ ਮੇਰੀਆਂ ਤਿੰਨ ਮੰਗ ਪੂਰੀਆਂ ਕਰੋ ਤਾਂ

ਨੰਬਰ ਇੱਕ
ਸੰਨ 1982 ਤੋਂ ਲੈ ਕੇ ਹੁਣ ਤੱਕ ਮੁਕਾਬਲਿਆਂ ਵਿਚ ਮਾਰੇ ਗਏ ਸਾਰੇ ਸਿੱਖ ਨੌਜੁਆਨਾਂ ਦੇ ਕੇਸਾਂ ਦੀ ਜੁਡੀਸ਼ੀਅਲ ਇਨਕੁਆਰੀ ਹੋਵੇ ਅਤੇ ਦੋਸ਼ੀ ਪੁਲਸ ਵਾਲਿਆਂ ਨੂੰ ਸਜਾਵਾਂ ਦਿੱਤੀਆਂ ਜਾਣ

ਨੰਬਰ ਦੋ
ਜੂਨ ਚੁਰਾਸੀ ਦੇ ਘਲੂਕਾਰੇ ਦੇ ਦੋਸ਼ੀ ਅਤੇ ਨਵੰਬਰ ਚੁਰਾਸੀ ਦੇ ਕਤਲਾਂ ਦੇ ਸਾਰੇ ਜਿੰਦਾ ਬਚ ਗਏ ਦੋਸ਼ੀ ਫਾਹੇ ਟੰਗੇ ਜਾਣ

ਨੰਬਰ ਤਿੰਨ
ਸਿੱਖੀ ਤੇ ਸਿਖਾਂ ਨੂੰ ਇੱਕ ਜੁਮੇਵਾਰ ਮੰਚ ਤੋਂ ਇੱਕ ਅਲੱਗ ਕੌਮ ਅਤੇ ਅਲੱਗ ਰੇਸ ਮਨਿਆ ਜਾਵੇ

ਆਖਰੀ ਗੱਲ
ਬਹੁਤਿਆਂ ਨੂੰ ਭੁਲੇਖਾ ਏ ਕੇ ਜਿਸ ਦਿਨ ਦੁਨੀਆ ਦੇ ਕਿਸੇ ਖਿੱਤੇ ਵਿਚ ਏਡ ਵੰਡਦਿਆਂ ਰਵੀ ਸਿੰਘ ਦੇ ਚੀਥੜੇ ਉੱਡ ਗਏ ਤਾਂ ਖਾਲਸਾ ਏਡ ਵੀ ਆਪੇ ਮੁੱਕ ਜੂ…ਪਰ ਦੱਸਣਾ ਚਾਹੁੰਦਾ ਹਾਂ ਕੇ ਬਹੁਤ ਸਾਰੇ ਹੋਰ ਰਵੀ ਸਿੰਘ ਮੈਂ ਪਹਿਲਾਂ ਹੀ ਤਿਆਰ ਭਰ ਤਿਆਰ ਖੜੇ ਕਰ ਚੁੱਕਾ ਹਾਂ..ਮੇਰਾ ਪਤਾ ਨਹੀਂ ਪਰ ਖਾਲਸਾ ਏਡ ਕਦੇ ਨਹੀਂ ਮਰ ਸਕਦੀ!

ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਹਿ
ਗੁਰੂ ਪੰਥ ਦਾ ਦਾਸ….ਰਵੀ ਸਿੰਘ ਖਾਲਸਾ

uscreative Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp