ਸੁਖਦੇਵ ਗਰਗ, ਜਗਰਾਓਂ : ਜਗਰਾਓਂ ਦੇ ਯੂਨੀਰਾਈਜ਼ ਵਰਲਡ ਸਕੂਲ ਵਿਖੇ ਸ਼ੁੱਕਰਵਾਰ ਦੀਵਾਲੀ ਤੇ ਬੰਦੀ ਛੋੜ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ‘ਚ ਕਰਵਾਏ ਰੰਗਾ-ਰੰਗ ਪੋ੍ਗਰਾਮ ‘ਚ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਗਿਆ।

ਇਸ ਮੌਕੇ ਬਾਲ ਦਿਵਸ ਨਾਲ ਸਬੰਧਤ ਕਵਿਤਾ, ਡਾਂਸ, ਭਾਸ਼ਣ ਤੇ ਸਮੂਹ ਡਾਂਸ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ ਆਪੋ-ਆਪਣੀਆਂ ਜਮਾਤਾਂ ਵਿੱਚ ਦੀਵੇ ਸਜਾਏ ਅਤੇ ਕਾਰਡ ਬਣਾਏ। ਅਧਿਆਪਕ ਸਤਿੰਦਰ ਕੌਰ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੇ ਇਤਿਹਾਸ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਸਕੂਲ ਦੇ ਚੇਅਰਮੈਨ ਰਾਕੇਸ਼ ਅਗਰਵਾਲ, ਮੈਨੇਜਿੰਗ ਡਾਇਰੈਕਟਰ ਸ਼ੀਫੂ ਅਗਰਵਾਲ ਤੇ ਡਾਇਰੈਕਟਰ ਡਾ. ਪੱਲਵੀ ਅਗਰਵਾਲ ਨੇ ਦੀਵਾਲੀ, ਬੰਦੀ ਛੋੜ ਤੇ ਬਾਲ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਦੀਵਾਲੀ ਆਪਣੇ ਅੰਦਰ ਦੇ ਹਨੇਰੇ ਨੂੰ ਮਿਟਾਉਣ ਅਤੇ ਪੂਰੇ ਵਾਤਾਵਰਨ ਨੂੰ ਰੋਸ਼ਨ ਕਰਨ ਦਾ ਤਿਉਹਾਰ ਹੈ।

ਸਕੂਲ ਦੀ ਮੁੱਖ ਅਧਿਆਪਕਾ ਨੇਹਾ ਰਤਨ ਨੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਉਪਦੇਸ਼ ਦਿੰਦਿਆਂ ਕਿਹਾ ਇਸ ਦੀਵਾਲੀ ‘ਤੇ ਦੇਸੀ ਵਸਤਾਂ ਦੀ ਵਰਤੋਂ ਕਰੋ ਤੇ ਵਿਦੇਸ਼ੀ ਵਸਤੂਆਂ ਦਾ ਬਾਈਕਾਟ ਕਰੋ, ਇਸ ਤਰ੍ਹਾਂ ਅਸੀਂ ਦੀਵਾਲੀ ਮਨਾਉਣ ਦੇ ਨਾਲ ਆਪਣੀ ਦੇਸ਼ ਭਗਤੀ ਦਾ ਸਬੂਤ ਦੇ ਸਕਦੇ ਹਾਂ।