Ad-Time-For-Vacation.png

ਮੋਹਨ ਭਾਗਵਤ ਨੇ ਸਿੱਖਾਂ ਨੂੰ ਰਿਝਾਉਣ ਦਾ ਕੀਤਾ ਪੂਰਾ ਯਤਨ:ਗੁਰੂ ਸਾਹਿਬ ਪ੍ਰਤੀ ਪੂਰੀ ਸ਼ਰਧਾ ‘ਚ ਭਿੱਜ ਕੇ ਦਿੱਤਾ ਭਾਸ਼ਣ

ਨਾਮਧਾਰੀਆਂ ਤੇ ਨਿਰਮਲਿਆਂ ਨੇ ਆਰ. ਐਸ. ਐਸ. ਦੇ ਸੰਮੇਲਨ ਦੀ ਵਧਾਈ ਰੌਣਕ ਕੋਈ ਨਾਮੀ ਸਿੱਖ ਆਗੂ ਨਹੀਂ ਪੁੱਜਿਆ, ਪਟਨਾ ਸਾਹਿਬ ਵਾਲੇ ਜਥੇਦਾਰ ਵੀ ਰਹੇ ਅਲੋਪ

ਨਵੀਂ ਦਿੱਲੀ (ਕਰਮਜੀਤ ਸਿੰਘ/ ਮੇਜਰ ਸਿੰਘ)

ਤਾਲਕਟੋਰਾ ਦੇ ਪ੍ਰਸਿਧ ਸਟੇਡੀਅਮ ਦੇ ਹਾਲ ਵਿਚ ਰਾਸ਼ਟਰੀ ਸਿੱਖ ਸੰਗਤ ਦੀ ਅਗਵਾਈ ਵਿਚ ਅੱਜ ਇੱਥੇ ਹੋਏ ਚਰਚਿੱਤ ਸੰਮੇਲਨ ਵਿਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਉਨਾਂ ਦੇ 350 ਸਾਲਾ ਪ੍ਰਕਾਸ਼ ਪੂਰਬ ਮਨਾਉਂਦਿਆਂ ਭਰਪੂਰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਸੰਮੇਲਨ ਵਿਚ ਭਾਵੇਂ ਰਾਸ਼ਟਰੀ ਸਿੱਖ ਸੰਗਤ ਦੇ ਆਗੂਆਂ ਅਤੇ ਵਿਸ਼ੇਸ਼ ਕਰਕੇ ਨਾਮਧਾਰੀ ਮੁੱਖੀ ਅਤੇ ਨਿਰਮਲੇ ਪੰਥ ਦੇ ਆਗੂ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਆਪਣੇ ਵਿਚਾਰ ਪ੍ਰਭਾਵਸ਼ਾਲੀ ਅੰਦਾਜ਼ ਵਿਚ ਪੇਸ਼ ਕੀਤੇ ਪਰ ਆਰ ਐਸ ਐਸ ਦੇ ਸੰਘ ਚਾਲਕ ਮੋਹਨ ਭਾਗਵਤ ਦੀ ਤਕਰੀਰ ਨੇ ਹਾਜ਼ਰ ਸੰਗਤ ਨੂੰ ਕੀਲ ਕੇ ਰੱਖ ਦਿੱਤਾ। ਸਟੇਡੀਅਮ ਦਾ ਹਾਲ ਖਚਾਖੱਚ ਭਰਿਆ ਹੋਇਆ ਸੀ ਜਿਸ ਵਿਚ ਕਰੀਬ 4 ਹਜਾਰ ਬੰਦਿਆਂ ਦੇ ਬੈਠਣ ਦਾ ਪ੍ਰਬੰਧ ਸੀ। ਕਰੀਬ 25 ਮਿੰਟ ਦੀ ਮੁਕੰਮਲ ਖਾਮੋਸ਼ੀ ਦੇ ਆਲਮ ਵਿਚ ਕੀਤੀ ਗਈ ਉਨਾਂ ਦੀ ਤਕਰੀਰ ਦੀ ਸ਼ਬਦਾਵਲੀ, ਇਸ ਦਾ ਵਿਲਖੱਣ ਅੰਦਾਜ਼ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਜਾਣਕਾਰੀ ਦਾ ਮਿਆਰ ਜਿਵੇਂ ਉਨਾਂ ਨੇ ਸ਼ਰਧਾ ਦੇ ਰੂਪ ਵਿਚ ਪੇਸ਼ ਕੀਤਾ, ਉੋਸ ਨੇ ਸਰੋਤਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਭਾਵੇਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਗੁਰੂ ਗੋਬਿੰਦ ਸਿੰਘ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਪਰ ਫਿਰ ਵੀ ਘੱਟੋ-ਘੱਟ ਅੱਜ ਦੀ ਤਕਰੀਰ ਵਿਚ ਉਹ ਮੋਹਨ ਭਾਗਵਤ ਨਾਲੋਂ ਕਾਫੀ ਪਿੱਛੇ ਸਨ।

ਇਕ ਗੱਲ ਤਾਂ ਸਪਸ਼ਟ ਸੀ ਕਿ ਮੋਹਨ ਭਾਗਵਤ ਪੂਰੀ ਤਰਾਂ ਤਿਆਰੀ ਕਰਕੇ ਆਏ ਹੋਏ ਸਨ ਅਤੇ ਉਨਾਂ ਦੇ ਭਾਸ਼ਣ ਤੋਂ ਇਹ ਸਾਫ਼ ਨਜ਼ਰ ਆਉਂਦਾ ਸੀ ਕਿ ਉਹ ਆਰ ਐਸ ਐਸ ਬਾਰੇ ਸਿੱਖਾਂ ਦੇ ਵੱਡੇ ਹਿੱਸੇ ਦੇ ਮਨਾਂ ਵਿਚ ਪਾਏ ਜਾ ਰਹੇ ਵਿਚਾਰਾਂ, ਕਿਆਸ ਅਰਾਈਆਂ ਅਤੇ ਭੁਲੇਖਿਆਂ ਤੋਂ ਪੂਰੀ ਤਰਾਂ ਸੂਚੇਤ ਸਨ। ਇਸ ਲਈ ਉਨਾਂ ਦਾ ਸਾਰਾ ਯਤਨ ਇਹੋ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਜੀਵਨ ਨੂੰ ਉਨਾਂ ਦੀਆਂ ਲਿੱਖਤਾਂ ਅਤੇ ਗੁਰਬਾਣੀ ਤੋਂ ਕਿਸੇ ਵੀ ਹਾਲਤ ਵਿਚ ਬਾਹਰ ਨਾ ਰੱਖਿਆ ਜਾਵੇ। ਉਨਾਂ ਦੀ ਤਕਰੀਰ ਦੇ ਪ੍ਰਭਾਵਸ਼ਾਲੀ ਹੋਣ ਦਾ ਵੱਡਾ ਕਾਰਨ ਵੀ ਇਹੋ ਹੀ ਸੀ ਕਿ ਉਨਾਂ ਨੇ ਆਪਣੇ ਆਪ ਨੂੰ ਕਿਸੇ ਵੀ ਤਰਾਂ ਦੇ ਵਿਵਾਦ ਵਿਚ ਪੈਣ ਤੋਂ ਬਾਹਰ ਰੱਖਿਆ। ਪਰ ਉਨਾਂ ਦੀ ਤਕਰੀਰ ਤੋਂ ਇਸ ਹਕੀਕਤ ਨੂੰ ਵੀ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ ਕਿ ਉਹ ਗੁਰੂ ਸਾਹਿਬ ਤੇ ਯੋਗਦਾਨ, ਕੁਰਬਾਨੀ ਅਤੇ ਇਤਿਹਾਸਕ ਪ੍ਰਾਪਤੀਆਂ ਨੂੰ ਭਾਰਤੀ ਸੰਸਕ੍ਰਿਤੀ ਦੇ ਪ੍ਰਸੰਗ ਵਿਚ ਹੀ ਦੇਖ ਰਹੇ ਸਨ। ਵੈਸੇ ਤਾਂ ਸਾਰੇ ਬੁਲਾਰੇ ਹੀ ਗੁਰੂ ਗੋਬਿੰਦ ਸਿੰਘ ਦੀ ਮਹਿਮਾ ਦਾ ਜ਼ਿਕਰ ਕਰਦਿਆਂ ਉਨਾਂ ਨੂੰ ਭਾਰਤੀ ਸੰਸਕ੍ਰਿਤੀ ਦਾ ਰਾਖਾ, ਮਹਾਨ ਯੋਧਾ, ਮਹਾਨ ਗੁਰੂ ਅਤੇ ਸਤਿਕਾਰ ਵਾਲੇ ਹੋਰ ਕਈ ਵਿਸ਼ੇਸ਼ਣਾ ਨਾਲ ਪੇਸ਼ ਕਰ ਰਹੇ ਸਨ ਪਰ ਮਨਮੋਹਨ ਭਾਗਵਤ ਗੁਰੂ ਸਾਹਿਬ ਬਾਰੇ ਹੋਰਨਾ ਨਾਲੋਂ ਕੁੱਝ ਵੱਖਰੀਆਂ ਤੇ ਵਿਸ਼ੇਸ਼ ਗੱਲਾਂ ਦਾ ਜ਼ਿਕਰ ਕਰ ਰਹੇ ਸਨ।

ਦਸਮ ਪਾਤਸ਼ਾਹ ਬਾਰੇ ਜਿਨਾਂ ਪਹਿਲੂਆਂ ਦਾ ਇੱਥੋਂ ਤਕ ਕਿ ਸਿੱਖ ਬੁਲਾਰਿਆਂ ਨੇ ਵੀ ਜ਼ਿਕਰ ਨਾ ਕੀਤਾ, ਉਹ ਪਹਿਲੂਆਂ ਨੂੰ ਮੋਹਨ ਭਾਗਵਤ ਨੇ ਛੋਹਿਆ ਵੀ ਤੇ ਰੁਸ਼ਨਾਇਆ ਵੀ। ਇਹੋ ਜਿਹੇ ਪਲਾਂ ਵਿਚ ਜੈਕਾਰਿਆਂ ਦੀ ਗੂੰਜ ਵਿਚ ਉਨਾਂ ਦੀ ਤਕਰੀਰ ਦਾ ਸਵਾਗਤ ਕੀਤਾ ਗਿਆ। ਮਿਸਾਲ ਵਜੋਂ ਉਹ ਜਿੱਥੇ ਇਹ ਦੱਸ ਰਹੇ ਸਨ ਕਿ ਗੁਰੂ ਸਾਹਿਬ ਬਾਰੇ ਭਾਰਤ ਦਾ ਬੱਚਾ-ਬੱਚਾ ਜਾਣਦਾ ਹੈ ਅਤੇ ਤਾਮਿਲਨਾਡੂ ਵਰਗੇ ਸੂਬੇ ਵਿਚ ਵੀ ਉਨਾਂ ਦੇ ਮਹਾਨ ਕਾਰਨਾਮਿਆਂ ਨੂੰ ਵੇਖਦਿਆਂ ਉਨਾਂ ਦੇ ਨਾਂਅ ਉੱਤੇ ਬੱਚਿਆਂ ਦੇ ਨਾਂਅ ਰੱਖੇ ਜਾਂਦੇ ਹਨ। ਨਾਲ ਦੀ ਨਾਲ ਉਹ ਇਹ ਵੀ ਦੱਸ ਰਹੇ ਸਨ ਕਿ ਗੁਰੂ ਸਾਹਿਬ ਬਾਰੇ ਡੂੰਘੀ ਤੇ ਗਹਿਰ ਗੰਭੀਰ ਜਾਣਕਾਰੀ ਨੋਜੂਆਨਾਂ ਨੂੰ ਨਹੀਂ ਹੈ। ਇੰਝ ਲੱਗਦਾ ਸੀ ਕਿ ਜਿਵੇਂ ਆਰ ਐਸ ਐਸ ਦਾ ਇਹ ਮੁੱਖੀ ਸਿੱਖੀ ਤੋਂ ਬਾਹਰ ਵਿਚਰ ਰਹੇ ਗੈਰ ਸਿੱਖ ਨੋਜੁਆਨਾਂ ਵਿਚ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਅਤੇ ਮਹਤੱਵ ਪੂਰਨ ਦੇਣ ਬਾਰੇ ਦਿਲਚਸਪੀ ਅਤੇ ਜਗਿਆਸਾ ਪੈਦਾ ਕਰਨਾ ਚਾਹੁੰਦੇ ਹਨ। ਇਸ ਸਬੰਧ ਵਿਚ ਉਨਾਂ ਨੇ ਸਵਾਮੀ ਵਿਵੇਕਾਨੰਦ ਦਾ ਜ਼ਿਕਰ ਕੀਤਾ ਜੋ ਆਪਣੇ ਭਾਸ਼ਣਾ ਵਿਚ ਉਚੇਚੇ ਤੋਰ ‘ਤੇ ਇਹ ਕਿਹਾ ਕਰਦੇ ਸਨ ਕਿ ਜੇ ਭਾਰਤ ਨੇ ਤਰਕੀ ਦੀਆਂ ਉੱਚੀਆਂ ਸਿਖੱਰਾਂ ਤੇ ਬੁਲੰਦੀਆਂ ਨੂੰ ਛੁਹਣਾ ਹੈ ਤਾਂ ਗੁਰੂ ਗੋਬਿੰਦ ਸਿੰਘ ਨੂੰ ਆਦਰਸ਼ ਦੇ ਰੂਪ ਵਿਚ ਅਪਨਾੳੂਣਾ ਪਵੇਗਾ। ਆਪਣੇ ਭਾਸ਼ਣ ਵਿਚ ਉਨਾਂ ਨੇ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ ਪੀਰੀ ਦੇ ਨਿਰਮਲ ਸਿਧਾਂਤ ਦਾ ਜ਼ਿਕਰ ਕਰਦਿਆਂ ਇਸ ਨੂੰ ਇਤਿਹਾਸ ਦਾ ਰੁੱਖ ਪਲਟਾੳੂ ਵਰਤਾਰਾ ਕਰਾਰ ਦਿੱਤਾ ਅਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਦਾ ਸਿਖ਼ਰ ਗੁਰੂ ਗੋਬਿੰਦ ਸਿੰਘ ਵਲੋਂ ਸਾਜੇ ਖਾਲਸਾ ਪੰਥ ਦੇ ਰੂਪ ਵਿਚ ਸਾਹਮਣੇ ਆਇਆ।

ਅਜ ਦੇ ਇਸ ਸੰਮੇਲਨ ਵਿਚ ਵਿਸ਼ੇਸ਼ ਗੱਲ ਇਹ ਸੀ ਕਿ ਹਾਲ ਵਿਚ ਸਾਰੀਆਂ ਕੁਰਸੀਆਂ ਭਰੀਆਂ ਹੋਈਆਂ ਸਨ ਅਤੇ ਸੰਗਤ ਦੀ ਵੱਧ ਹਾਜ਼ਰੀ ਨੂੰ ਵੇਖਦਿਆਂ ਬੈਠਣ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਸੀ । ਇਸ ਅੰਦਾਜੇ ਅਨੁਸਾਰ ਨਾਮਧਾਰੀ ਪੰਥ ਦੇ ਮੈਂਬਰਾਂ ਦੀ ਗਿਣਤੀ 800 ਤੋਂ 900 ਦੇ ਕਰੀਬ ਸੀ। ਪਰ ਇਸ ਤੋਂ ਇਲਾਵਾ ਅੰਮ੍ਰਿਤਧਾਰੀ ਸਿੰਘ ਵੀ ਨਜ਼ਰੀ ਪੈ ਰਹੇ ਸਨ। ਚੰਡੀਗੜ ਤੋਂ ਉੱਚੇਚੇ ਤੋਰ ‘ਤੇ ਇਸ ਸੰਮੇਲਨ ਦਾ ਸਰਬਪਖੀ ਵਿਸ਼ਲੇਸ਼ਣ ਕਰਨ ਲਈ ਪਹੁੰਚੀ ਵਿਸ਼ੇਸ਼ ਟੀਮ ਨੇ ਵੱਖ ਵੱਖ ਟੋਲੀਆਂ ਵਿਚ ਵਿਚਰ ਰਹੇ ਸਿੱਖਾਂ ਅਤੇ ਗੈਰ ਸਿੱਖਾਂ ਨਾਲ ਮੁਲਾਕਾਤਾਂ ਕੀਤੀਆਂ। ਇਨਾਂ ਮੁਲਾਕਾਤਾਂ ਵਿਚ ਇਕ ਗੱਲ ਇਹ ਨਿਖੱਰ ਕੇ ਅਤੇ ਉਭੱਰ ਕੇ ਸਾਹਮਣੇ ਆਈ ਕਿ ਜਿੱਥੇ ਉਹ ਸਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਪੂਰਾ ਸਤਿਕਾਰ ਰੱਖਦੇ ਸਨ ਉੱਥੇ ਜੱਥੇਦਾਰਾਂ ਪ੍ਰਤੀ ਉਨਾਂ ਦੇ ਦਿੱਲਾਂ ਵਿਚ ਕਈ ਥਾਈਂ ਗੁੱਸਾ ਸੀ, ਕਈ ਥਾਈਂ ਰੋਸ਼ ਸੀ , ਕਈ ਤਾਈਂ ਜਥੇਦਾਰਾਂ ਦੀ ਮਾੜੀ ਕਾਰਗੁਜ਼ਾਰੀ ਅਤੇ ਨਿਤਾ ਪ੍ਰਤੀ ਉਨਾਂ ਦੇ ਬਦਲਦੇ ਬਿਆਨਾਂ, ਰੋਜ਼ ਕੀਤੀ ਜਾ ਰਹੀ ਨਵੀਂ ਪੈਂਤੜੇਬਾਜੀ ਪ੍ਰਤੀ ਨਫ਼ਰਤ ਦਾ ਪੂਰਾ ਇਜ਼ਹਾਰ ਕਰ ਰਹੇ ਸਨ। ਸੰਮੇਲਨ ਦੋਰਾਨ ਵੱਡੀ ਗਿਣਤੀ ਵਿਚ ਸੀ ਆਰ ਪੀ, ਦਿੱਲੀ ਪੁਲਿਸ ਸਮੇਤ ਹੋਰ ਪੁਖਤਾ ਇੰਤਜਾਮ ਸਨ। ਇਸ ਮੌਕੇ ਵਿਸ਼ੇਸ਼ ਤੋਰ ‘ਤੇ ਪੰਹੁਚੇ ਵਿਅਕਤੀਆਂ ਵਿਚ ਗੁਰਚਰਨ ਸਿੰਘ ਗਿੱਲ ਪ੍ਰਧਾਨ ਰਾਸ਼ਟਰੀ ਸਿੱਖ ਸੰਗਤ, ਨਾਮਧਾਰੀ ਸੰਪ੍ਰਦਾ ਦੇ ਮੁੱਖੀ ਠਾਕੁਰ ਦਲੀਪ ਸਿੰਘ, ਨਿਰਮਲ ਪੰਥ ਦੇ ਮੁੱਖੀ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਹੰਸ ਰਾਜ ਹੰਸ, ਰਾਜਸਥਾਨ ਮਨਿਉਰਿਟੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ, ਕੇਂਦਰੀ ਮੰਤਰੀ ਵਿਜੈ ਸਾਂਪਲਾ, ਉਤੱਰਾਖੰਡ ਦੇ ਹਰਭਜਨ ਸਿੰਘ ਚੀਮਾ ਆਦਿ ਸਮੇਤ ਵੱਡੀ ਗਿਣਤੀ ਆਗੂ, ਬੀਬੀਆਂ ਅਤੇ ਰਾਸ਼ਟਰੀ ਸਿੱਖ ਸੰਗਤ ਮੋਜੂਦ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.