ਰਾਕੇਸ਼ ਗਾਂਧੀ ਜਲੰਧਰ : ਐਂਟੀ ਨਾਰਕੋਟਿਕ ਸੈੱਲ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਮਹਿੰਦਰਾ ਗੱਡੀ ‘ਚ ਸਵਾਰ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਸਬ-ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਮੋਹਨ ਸਿੰਘ ਨੇ ਪੁਲਿਸ ਸਮੇਤ ਸੂਰਿਆ ਇਨਕਲੇਵ ਲਾਗੇ ਨਾਕਾਬੰਦੀ ਕੀਤੀ ਹੋਈ ਸੀ ਕਿ ਸੂਚੀ ਪਿੰਡ ਆਇਲ ਡਿਪੂ ਵੱਲੋਂ ਸਰਵਿਸ ਰੋਡ ‘ਤੇ ਇੱਕ ਮਹਿੰਦਰਾ ਗੱਡੀ ਜਿਸ ‘ਚ ਤਿੰਨ ਵਿਅਕਤੀ ਸਵਾਰ ਸਨ, ਆਉਂਦੀ ਦਿਖਾਈ ਦਿੱਤੀ। ਸ਼ੱਕ ਪੈਣ ‘ਤੇ ਪੁਲਿਸ ਨੇ ਗੱਡੀ ਨੂੰ ਰੋਕ ਕੇ ਜਦੋਂ ਗੱਡੀ ਸਵਾਰਾਂ ਦਾ ਨਾਂ ਪੁੱਿਛਆ ਤਾਂ ਉਨ੍ਹਾਂ ਆਪਣਾ ਨਾਮ ਸੁਖਦੀਪ ਸਿੰਘ ਉਰਫ ਦੀਪਾ ਵਾਸੀ ਪਿੰਡ ਛੋਕਰਾ ਜਲੰਧਰ, ਤਰਨ ਵਾਸੀ ਪਿੰਡ ਛੋਕਰਾ ਜਲੰਧਰ ਤੇ ਅਮਰਦੀਪ ਸਿੰਘ ਵਾਸੀ ਫਿਲੌਰ ਦੱਸਿਆ। ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਡੈਸ਼ ਬੋਰਡ ਵਿੱਚੋਂ ਇਕ ਲਿਫਾਫਾ ਮਿਲਿਆ। ਲਿਫਾਫ਼ੇ ‘ਚੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ‘ਤੇ ਪੁਲਿਸ ਨੇ ਤਿੰਨਾਂ ਨੂੰ ਗਿ੍ਫ਼ਤਾਰ ਕਰ ਲਿਆ। ਸਬ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿੱਚ ਐਨਡੀਪੀਐੱਸ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿੱਚੋਂ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ। ਮੁਢਲੀ ਪੁੱਛਗਿੱਛ ‘ਚ ਇਹੀ ਗੱਲ ਸਾਹਮਣੇ ਆਈ ਹੈ ਕਿ ਸੁਖਦੀਪ ਖ਼ਿਲਾਫ਼ ਵੱਖ-ਵੱਖ ਥਾਣਿਆਂ ‘ਚ ਸੱਤ ਅਪਰਾਧੀਕ ਮਾਮਲੇ ਤੇ ਅਮਰਦੀਪ ਸਿੰਘ ਖ਼ਿਲਾਫ਼ ਪੰਜ ਮਾਮਲੇ ਦਰਜ ਹਨ।

ਪਰਚੇ ਦਰਜ ਹੋਣ ਕਾਰਨ ਨਹੀਂ ਜਾ ਸਕਿਆ ਕੈਨੇਡਾ 

ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸੁਖਦੀਪ ਦਾ ਸਾਰਾ ਪਰਿਵਾਰ ਕੈਨੇਡਾ ‘ਚ ਸੈਟਲ ਹੈ। ਸੁਖਦੀਪ ਪਿੰਡ ‘ਚ ਖੇਤੀਬਾੜੀ ਕਰਦਾ ਸੀ ਪਰ ਮਾੜੀ ਸੰਗਤ ‘ਚ ਪੈਣ ਕਾਰਨ ਉਹ ਨਸ਼ੇ ਦਾ ਆਦੀ ਹੋ ਗਿਆ। ਉਸ ਖਿਲਾਫ ਮਾਮਲੇ ਦਰਜ ਹੋ ਗਏ ਤੇ ਉਹ ਕੈਨੇਡਾ ਨਹੀਂ ਜਾ ਸਕਿਆ। ਉਸ ਨੇ ਇਕ ਵਾਰ ਕੈਨੇਡਾ ਜਾਣ ਲਈ ਜਾਅਲੀ ਪਾਸਪੋਰਟ ਬਣਵਾਇਆ ਸੀ ਪਰ ਉਹ ਫੜਿਆ ਗਿਆ।