ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਥਾਣਾ ਡਵੀਜ਼ਨ ਨੰਬਰ-8 ਦੀ ਪੁਲਿਸ ਨੇ ਇਕ ਅਜਿਹੇ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ ਜੋ ‘ਮਾਸਟਰ ਕੀ’ ਦੇ ਨਾਲ ਕੁਝ ਹੀ ਮਿੰਟਾਂ ਵਿਚ ਮੋਟਰਸਾਈਕਲ ਤੇ ਸਕੂਟਰ ਚੋਰੀ ਕਰ ਕੇ ਰਫ਼ੂ ਚੱਕਰ ਹੋ ਜਾਂਦਾ ਸੀ। ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਕੇ ਉਸਦੇ ਕਬਜ਼ੇ ‘ਚੋਂ ਮਾਸਟਰ ਕੀ, ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਗਏ 10 ਮੋਟਰਸਾਈਕਲ, ਦੋ ਬੁਲਟ ਮੋਟਰਸਾਈਕਲ ਅਤੇ ਦੋ ਐਕਟੀਵਾ ਸਕੂਟਰ ਬਰਾਮਦ ਕੀਤੇ ਹਨ।

ਜਾਣਕਾਰੀ ਦਿੰਦਿਆਂ ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਦਸ਼ਮੇਸ਼ਪੁਰੀ ਕਾਲੋਨੀ ਨੂਰਾਂਵਾਲ ਰੋਡ ਦੇ ਰਹਿਣ ਵਾਲੇ ਅਮਨਦੀਪ ਸਿੰਘ ਉਰਫ਼ ਅਮਨ ਵਜੋਂ ਹੋਈ ਹੈ।

ਇੰਝ ਕੀਤਾ ਗਿਆ ਮੁਲਜ਼ਮ ਨੂੰ ਗਿ੍ਫ਼ਤਾਰ

ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਐੱਮਬੀਬੀਐੱਸ ਦੇ ਵਿਦਿਆਰਥੀ ਰਮਨਦੀਪ ਸਿੰਘ ਨੇ ਦੱਸਿਆ ਕਿ ਉਹ 1 ਦਸੰਬਰ ਨੂੰ ਡੀਐੱਮਸੀ ਵਿਚ ਕਲਾਸ ਲਗਾਉਣ ਲਈ ਆਇਆ ਸੀ। ਉਸਨੇ ਆਪਣਾ ਬੁਲਟ ਮੋਟਰਸਾਈਕਲ ਹਸਪਤਾਲ ਦੇ ਬਾਹਰ ਖੜ੍ਹਾ ਕੀਤਾ। ਕੁਝ ਸਮੇਂ ਬਾਅਦ ਰਮਨਦੀਪ ਸਿੰਘ ਜਦ ਵਾਪਸ ਆਇਆ ਤਾਂ ਉਸਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ‘ਤੇ ਸਾਫ਼ ਹੋਇਆ ਕਿ ਇਕ ਨੌਜਵਾਨ ਉਸਦਾ ਮੋਟਰਸਾਈਕਲ ਚੋਰੀ ਕਰ ਕੇ ਲਿਜਾ ਰਿਹਾ ਸੀ। ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਅਤੇ ਕੇਸ ਦੀ ਪੜਤਾਲ ਸ਼ੁਰੂ ਕੀਤੀ। ਕੁਝ ਹੀ ਦਿਨਾਂ ਬਾਅਦ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਨਾਕਾਬੰਦੀ ਦੇ ਦੌਰਾਨ ਇਕ ਹੋਰ ਮੋਟਰਸਾਈਕਲ ਸਮੇਤ ਅਮਨਦੀਪ ਸਿੰਘ ਉਰਫ਼ ਅਮਨ ਨੂੰ ਗਿ੍ਫ਼ਤਾਰ ਕੀਤਾ। ਪੁਲਿਸ ਨੇ ਜਦ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਸਾਰੇ ਮਾਮਲੇ ਦਾ ਖ਼ੁਲਾਸਾ ਹੋ ਗਿਆ। ਪੁਲਿਸ ਨੇ ਇਕ ਤੋਂ ਬਾਅਦ ਇਕ ਮੁਲਜ਼ਮ ਦੇ ਕਬਜ਼ੇ ‘ਚੋਂ 14 ਦੋਪਹੀਆ ਵਾਹਨ ਬਰਾਮਦ ਕੀਤੇ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਮੁਲਜ਼ਮ ਕੋਲੋਂ ਵਧੇਰੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।