ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਲਈ ਮੱਧ ਪ੍ਰਦੇਸ਼ ਦੇ ਪਿੰਡ ਖੇਜਰਾ ਲਖਰੋਨੀ, ਜ਼ਿਲ੍ਹਾ ਦਮੋਹ ਦਾ ਨੌਜਵਾਨ ਜਤਿੰਦਰ ਅੱਠਿਆ ਪੈਦਲ ਯਾਤਰਾ ਕਰ ਰਿਹਾ ਹੈ ਤੇ ਉਹ ਅੱਜ ਮਾਛੀਵਾੜਾ ਵਿਖੇ ਪੁੱਜਾ। ਨੌਜਵਾਨ ਜਤਿੰਦਰ ਅੱਠਿਆ ਨੇ ਦੱਸਿਆ ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਲਈ ਉਹ ਮੱਧ ਪ੍ਰਦੇਸ਼ ਤੋਂ ਕਰੀਬ 40 ਦਿਨ ਪਹਿਲਾਂ ਚੱਲਿਆ ਸੀ ਤੇ ਲਗਾਤਾਰ ਯਾਤਰਾ ਕਰਦਾ ਹੋਇਆ ਮਾਛੀਵਾੜਾ ਪੁੱਜਾ ਹੈ।

ਉਸ ਨੇ ਦੱਸਿਆ ਇੱਥੋਂ ਕਰੀਬ 10 ਦਿਨ ਹੋਰ ਲੱਗਣਗੇ ਤੇ ਫਿਰ ਉਹ ਮਾਤਾ ਵੈਸ਼ਨੂੰ ਦੇਵੀ ਦੇ ਭਵਨ ‘ਤੇ ਪੁੱਜ ਕੇ ਆਪਣੀ ਯਾਤਰਾ ਪੂਰੀ ਕਰੇਗਾ। ਜਤਿੰਦਰ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਤੇ ਉਸ ਦੇ ਮਨ ਅੰਦਰ ਸ਼ਰਧਾ ਸੀ ਕਿ ਉਹ ਮਾਤਾ ਵੈਸ਼ਨੂੰ ਦੇਵੀ ਯਾਤਰਾ ਪੈਦਲ ਕਰੇ। ਇਸ ਤੋਂ ਪਹਿਲਾਂ ਵੀ ਉਹ ਇੱਕ ਵਾਰ ਪੈਦਲ ਯਾਤਰਾ ਕਰ ਚੁੱਕਾ ਹੈ ਤੇ ਉਹ ਰੋਜ਼ਾਨਾ 25 ਤੋਂ 30 ਕਿਲੋਮੀਟਰ ਤੁਰ ਕੇ ਆਪਣਾ ਪੈਂਡਾ ਤੈਅ ਕਰਦਾ ਹੈ। ਨੌਜਵਾਨ ਨੇ ਦੱਸਿਆ ਉਹ ਰਾਤ ਨੂੰ ਮੰਦਰ ਤੇ ਗੁਰਦੁਆਰਾ ਸਾਹਿਬ ‘ਚ ਵਿਸ਼ਰਾਮ ਕਰਦਾ ਹੈ ਤੇ ਰਸਤੇ ‘ਚ ਲੋਕ ਉਸ ਨੂੰ ਲੰਗਰ ਵੀ ਖੁਆ ਦਿੰਦੇ ਹਨ। ਉਸ ਨੇ ਦੱਸਿਆ ਯਾਤਰਾ ਪੂਰੀ ਕਰਨ ਤੋਂ ਬਾਅਦ ਉਹ ਪੈਦਲ ਹੀ ਆਪਣੇ ਘਰ ਪਰਤੇਗਾ।