ਜਾਸ, ਅਯੁੱਧਿਆ : ਰਾਮ ਲੱਲਾ ਦੀ ਪ੍ਰਤਿਮਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿਚ ਆਉਣ ਵਾਲੇ ਮਹਿਮਾਨਾਂ ਨੂੰ ਪ੍ਰਸਾਦ ਦੇ ਤੌਰ ’ਤੇ ਤਿਰੁਮਲਾ ਤਿਰੁਪਤੀ ਦੇਵਸਥਾਨ ਦਾ ਲੱਡੂ ਵੀ ਮਿਲੇਗਾ। ਤਿਰੁਪਤੀ ਦੇਵਸਥਾਨ ਟਰੱਸਟ ਨੇ 384 ਪੈਕੇਟਾਂ ਵਿਚ ਇਕ ਲੱਖ ਲੱਡੂ ਭੇਜੇ ਹਨ ਜਿਨ੍ਹਾਂ ਨੂੰ ਹਵਾਈ ਅੱਡੇ ’ਤੇ ਮੇਅਰ ਮਹੰਤ ਗਿਰੀਸ਼ਪਤੀ ਤ੍ਰਿਪਾਠੀ ਨੇ ਪ੍ਰਾਪਤ ਕੀਤਾ। ਚੇਤਨ ਵਿਸ਼ੇਸ਼ ਜਹਾਜ਼ ਰਾਹੀਂ ਲੱਡੂਆਂ ਨੂੰ ਲੈ ਕੇ ਇਥੇ ਪੁੱਜੇ ਮੇਅਰ ਦੇ ਨਾਲ ਇੰਡੀਆ ਥਿੰਕ ਕੌਂਸਲ ਦੇ ਸੰਸਥਾਪਕ ਸੌਰਭ ਪਾਂਡੇ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪਾਂਡੇ ਨੇ ਦੋਵਾਂ ਟਰੱਸਟਾਂ ਦਰਮਿਆਨ ਤਾਲਮੇਲ ਸਥਾਪਤ ਕੀਤਾ। ਆਚਾਰੀਆ ਮੁਰਲੀਕ੍ਰਿਸ਼ਣਾ ਨੇ ਮੰਤਰਾਂ ਦਾ ਉਚਾਰਨ ਕੀਤਾ। ਤਿਰੁਮਲਾ ਤਿਰੁਪਤੀ ਦੇਵਸਥਾਨ ਟਰੱਸਟ ਦੇ ਚੇਅਰਮੈਨ ਬੀ ਕਰੁਣਾਕਰ ਰੈੱਡੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿਚ ਸ਼ਾਮਿਲ ਹੋਣ ਲਈ ਐਤਵਾਰ ਨੂੰ ਆਉਣਗੇ।

ਅੱਜ ਰਾਮਨਗਰੀ ਆਉਣਗੇ ਸੌ ਤੋਂ ਵੱਧ ਜਹਾਜ਼

ਐਤਵਾਰ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਨੂੰ ਲ ਕੇ ਸੌ ਤੋਂ ਵੱਧ ਜਹਾਜ਼ ਆਉਣਗੇ। ਇਨ੍ਹਾਂ ਵਿਚੋਂ ਜ਼ਿਆਦਾਤਰ ਨਿੱਜੀ ਜਹਾਜ਼ ਹੋਣਗੇ। ਮਹਿਮਾਨਾਂ ਨੂੰ ਲਾਹੁਣ ਦੇ ਬਾਅਦ ਜਹਾਜ਼ ਨੇੜੇ ਦੇ ਲਖਨਊ, ਗੋਰਖਪੁਰ, ਵਾਰਾਣਸੀ ਜਾਂ ਕਾਨਪੁਰ ਹਵਾਈ ਅੱਡੇ ’ਤੇ ਖੜ੍ਹੇ ਕੀਤੇ ਜਾਣਗੇ। ਹਵਾਈ ਅੱਡੇ ਦੇ ਡਾਇਰੈਕਟਰ ਵਿਨੋਦ ਕੁਮਾਰ ਗਰਗ ਨੇ ਦੱਸਿਆ ਕਿ ਹਵਾਈ ਅੱਡਾ ਮੈਨੇਜਮੈਂਟ ਦਾ ਸਾਰਾ ਧਿਆਨ ਪ੍ਰਾਣ ਪ੍ਰਤਿਸ਼ਠਾ ’ਤੇ ਲੱਗਾ ਹੈ। ਮਹਿਮਾਨਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖ ਕੇ ਜਰਮਨ ਹੈਂਗਰ ਪੰਡਾਲ ਵੀ ਲਗਵਾਇਆ ਜਾ ਰਿਹਾ ਹੈ ਜਿਸ ਵਿਚ ਯਾਤਰੀ ਕੁਝ ਸਮਾਂ ਆਰਾਮ ਕਰਨ ਦੇ ਬਾਅਦ ਖ਼ੁਦ ਨੂੰ ਤਰੋਤਾਜ਼ਾ ਕਰ ਸਕਣਗੇ। ਅਯੁੱਧਿਆ ਵਿਚ ਮੁੰਬਈ ਤੇ ਦਿੱਲੀ ਲਈ ਰੋਜ਼ਾਨਾ ਛੇ ਜਹਾਜ਼ਾਂ ਦੀ ਆਵਾਜਾਈ ਹੋ ਰਹੀ ਹੈ। ਰੋਜ਼ਾਨਾ 900 ਲੋਕਾਂ ਨੂੰ ਜਹਾਜ਼ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਅਗਲੇ ਮਹੀਨੇ ਬੰਗਲੁਰੂ ਲਈ ਵੀ ਹਵਾਈ ਸੇਵਾ ਸ਼ੁਰੂ ਹੋ ਜਾਵੇਗੀ। ਬੰਗਲੂਰੂ ਤੱਕ ਦੀ ਸੇਵਾ ਪੁਣੇ ਹੁੰਦੇ ਹੋਏ ਦਿੱਤੀ ਜਾਵੇਗੀ।