ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਲੁਧਿਆਣਾ ਪੁਲਿਸ ਵੱਲੋਂ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਪੀਏਯੂ ਕੈਂਪਸ ਵਿਖੇ ਨਸ਼ਿਆਂ ਵਿਰੁੱਧ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਕਰਵਾਈ ਜਾ ਰਹੀ ਹੈ। ਇਸ ਮਹਾ ਰੈਲੀ ਨੂੰ ਹਰੀ ਝੰਡੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇਣਗੇ। ਇਸ ਮੈਗਾ ਈਵੈਂਟ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਾਈਕਲ ਰੈਲੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ, ਜਦਕਿ ਡੀਜੀਪੀ ਪੰਜਾਬ ਗੌਰਵ ਯਾਦਵ ਵੀ ਇਸ ਸਮਾਗਮ ‘ਚ ਸ਼ਿਰਕਤ ਕਰਨਗੇ। ਨਸ਼ਿਆਂ ਵਿਰੁੱਧ ਇਸ ਮੈਗਾ ਈਵੈਂਟ ਲਈ 20 ਹਜ਼ਾਰ ਤੋਂ ਵੱਧ ਭਾਗੀਦਾਰ ਪਹਿਲਾਂ ਹੀ ਆਪਣੇ ਨਾਂ ਦਰਜ ਕਰਵਾ ਚੁੱਕੇ ਹਨ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹ ਸਮਾਗਮ ਦੇਸ਼ ‘ਚ ਨਸ਼ਿਆਂ ਦੀ ਅਲਾਮਤ ਵਿਰੁੱਧ ਇੱਕ ਨਵੀਂ ਸਫ਼ਲਤਾ ਦੀ ਕਹਾਣੀ ਲਿਖੇਗਾ, ਜਿਸ ‘ਚ ਇੰਨੀ ਵੱਡੀ ਆਬਾਦੀ ਸ਼ਾਮਿਲ ਹੋਵੇਗੀ। ਮੈਗਾ ਸਾਈਕਲ ਰੈਲੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ‘ਤੇ ਸ਼ਰਧਾਂਜਲੀ ਹੋਵੇਗੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਈਕਲ ਰੈਲੀ ‘ਚ ਕੋਈ ਵੀ ਹਿੱਸਾ ਲੈ ਸਕਦਾ ਹੈ, ਜੋ ਪੀਏਯੂ ਕੈਂਪਸ ਤੋਂ ਸਵੇਰੇ 7 ਵਜੇ ਸ਼ੁਰੂ ਹੋਵੇਗੀ ਤੇ ਲਗਪਗ 13 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਉਸੇ ਸਥਾਨ ‘ਤੇ ਸਮਾਪਤ ਹੋਵੇਗੀ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ, ਸ਼ਹੀਦ ਭਗਤ ਸਿੰਘ ਦੇ ਜੱਦੀ ਸਥਾਨ ਖਟਕੜ ਕਲਾਂ, ਹੁਸੈਨੀਵਾਲਾ ਕੌਮੀ ਸ਼ਹੀਦੀ ਸਮਾਰਕ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਸੁਖਦੇਵ ਦੇ ਜੱਦੀ ਸਥਾਨਾਂ ਦੀ ਮਿੱਟੀ ਪੀਏਯੂ ਕੈਂਪਸ ‘ਚ ਲਿਆਂਦੀ ਜਾਵੇਗੀ। ਇਸ ਮਿੱਟੀ ਵਿੱਚ ਵੱਖ-ਵੱਖ ਪੌਦੇ ਜਿਵੇਂ ਕਿ ‘ਟ੍ਰੀ ਆਫ਼ ਹਾਰਮੋਨੀ’, ‘ਟਰੀ ਆਫ਼ ਪ੍ਰੌਮਿਸ’, ‘ਟਰੀ ਆਫ਼ ਵਿਜ਼ਡਮ’, ‘ਟਰੀ ਆਫ਼ ਯੂਨਿਟੀ’ ਅਤੇ ‘ਟਰੀ ਆਫ਼ ਹੋਪ’ ਲਗਾਏ ਜਾਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਸਮਾਗਮ ‘ਚ ਡਾਕਟਰ, ਉਦਯੋਗਪਤੀ, ਵਿਦਿਆਰਥੀ, ਯੂਥ ਕਲੱਬਾਂ, ਪਿੰਡਾਂ ਦੇ ਸਰਪੰਚ ਸਮੇਤ ਹਰ ਵਰਗ ਦੇ ਲੋਕ ਸ਼ਮੂਲੀਅਤ ਕਰਨਗੇ, ਜਿਸ ਨਾਲ ਇਸ ਨਸ਼ਾ ਵਿਰੋਧੀ ਮੁਹਿੰਮ ਨੂੰ ਲੋਕ ਲਹਿਰ ਦਾ ਰੂਪ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਈਵੈਂਟ ਤੋਂ ਬਾਅਦ ਲੱਕੀ ਡਰਾਅ ਕੱਿਢਆ ਜਾਵੇਗਾ ਤੇ 151 ਚੁਣੇ ਹੋਏ ਪ੍ਰਤੀਯੋਗੀਆਂ ਨੂੰ ਈਵੈਂਟ ਤੋਂ ਬਾਅਦ ਨਵੇਂ ਸਾਈਕਲ ਦਿੱਤੇ ਜਾਣਗੇ। ਇਸੇ ਤਰਾਂ੍ਹ ਸਾਰੇ ਪ੍ਰਤੀਯੋਗੀਆਂ ਨੂੰ ਈਵੈਂਟ ਤੋਂ ਬਾਅਦ ਭਾਗੀਦਾਰੀ ਦਾ ਪ੍ਰਮਾਣ ਪੱਤਰ ਤੇ ਮੈਡਲ ਦਿੱਤੇ ਜਾਣਗੇ। ਉਨਾਂ੍ਹ ਦੱਸਿਆ ਕਿ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਥਾਵਾਂ ‘ਤੇ ਡਾਕਟਰਾਂ ਦੀਆਂ ਟੀਮਾਂ, ਐਂਬੂਲੈਂਸਾਂ ਆਦਿ ਤਾਇਨਾਤ ਕੀਤੀਆਂ ਗਈਆਂ ਹਨ।
====
ਮੁਕਾਬਲੇਬਾਜ਼ਾਂ ਨੂੰ ਰੂਟ ‘ਤੇ ਜੂਸ ਪੈਕ ਵੀ ਮਿਲਣਗੇ
ਨਸ਼ਿਆਂ ਵਿਰੁੱਧ ਜੰਗ ਨੂੰ ਸਮੂਹਿਕ ਯਤਨਾਂ ਨਾਲ ਹੀ ਜਿੱਤਿਆ ਜਾ ਸਕਦਾ ਹੈ। ਇਸ ਲਈ ਇਹ ਰੈਲੀ ਨਸ਼ਿਆਂ ਵਿਰੁੱਧ ਲੋਕਾਂ ‘ਚ ਜਾਗਰੂਕਤਾ ਫੈਲਾਉਣ ਲਈ ਇੱਕ ਉਤਪੇ੍ਰਰਕ ਵਜੋਂ ਕੰਮ ਕਰੇਗੀ। ਉਨ੍ਹਾਂ ਸ਼ਹਿਰਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਰੈਲੀ ਨੂੰ ਸੂਬੇ ਭਰ ‘ਚ ਸਫ਼ਲ ਬਣਾਉਣ ਲਈ ਵੱਡੀ ਗਿਣਤੀ ‘ਚ ਸ਼ਾਮਿਲ ਹੋਣ, ਕਿਉਂਕਿ ਕੋਈ ਵੀ ਵਿਅਕਤੀ ਬਿਨਾਂ ਰਜਿਸਟੇ੍ਸ਼ਨ ਤੋਂ ਵੀ ਇਸ ‘ਚ ਭਾਗ ਲੈ ਸਕਦਾ ਹੈ।


