ਅਸੀਂ ਨੌਜਵਾਨ ਮੁੰਡੇ-ਕੁੜੀਆਂ ਨੂੰ ਜੀਵਨ ਵਿਚ ਕਾਮਯਾਬ ਹੋਣ ਜਾਂ ਜਿੱਤਣ ਲਈ ਅਕਸਰ ਪ੍ਰੇਰਿਤ ਤਾਂ ਕਰਦੇ ਰਹਿੰਦੇ ਹਾਂ ਪਰ ਅਸੀਂ ਉਨ੍ਹਾਂ ਨੂੰ ਵਿਸ਼ਾਲ ਦ੍ਰਿਸ਼ਟੀਕੋਣ ਬਾਰੇ ਕੋਈ ਜਾਣਕਾਰੀ ਨਹੀਂ ਦਿੰਦੇ। ਇਸ ਨਾਲ ਜੀਵਨ ਵਿਚ ਕੀ ਸਭ ਤੋਂ ਮਹੱਤਵਪੂਰਨ ਹੈ, ਇਸ ਦੇ ਵਿਸ਼ੇ ਵਿਚ ਉਨ੍ਹਾਂ ਦੀ ਸਮਝ ਅਸੰਤੁਲਿਤ ਜਿਹੀ ਹੋ ਜਾਂਦੀ ਹੈ। ਵਿਸ਼ਾਲ ਦ੍ਰਿਸ਼ਟੀਕੋਣ ਇਹ ਹੈ ਕਿ ਜੀਵਨ ਖ਼ੁਦ ਵਿਚ ਇਕ ਵੱਡੀ ਪ੍ਰੀਖਿਆ ਹੈ। ਇਕ ਵਿਸ਼ਾਲ ਅਧਿਆਤਮਕ ਦ੍ਰਿਸ਼ਟੀਕੋਣ ਨਾਲ ਨੌਜਵਾਨ ਵਰਗ ਬਿਨਾਂ ਆਪਣੀ ਮੁਸਕਾਨ ਤੇ ਉਤਸ਼ਾਹ ਨੂੰ ਗੁਆਏ ਜੀਵਨ ਦੀਆਂ ਕਦਰਾਂ-ਕੀਮਤਾਂ ’ਤੇ ਪਹਿਰਾ ਦੇ ਸਕਦਾ ਹੈ। ਨੌਜਵਾਨਾਂ ਨੂੰ ਖ਼ੁਦ ਤੇ ਸਮਾਜ ਲਈ ਵੱਡੇ ਟੀਚੇ ਅਤੇ ਵਿਸ਼ਾਲ ਦਿ੍ਰਸ਼ਟੀਕੋਣ ਪ੍ਰਤੀ ਵਚਨਬੱਧ ਹੋਣਾ ਚਾਹੀਦਾ ਹੈ ਅਤੇ ਸੇਵਾ ਨੂੰ ਜੀਵਨ ਦਾ ਇਕ ਹਿੱਸਾ ਬਣਾਉਣਾ ਚਾਹੀਦਾ ਹੈ। ਅਜਿਹੀ ਵਚਨਬੱਧਤਾ ਤੁਹਾਨੂੰ ਅੜਿੱਕਿਆਂ ਤੋਂ ਪਾਰ ਲੈ ਕੇ ਜਾ ਸਕਦੀ ਹੈ। ਜਦ ਤੁਹਾਡੇ ਕੋਲ ਵੱਡਾ ਟੀਚਾ ਹੁੰਦਾ ਹੈ ਜਿਸ ’ਤੇ ਤੁਸੀਂ ਕੰਮ ਕਰ ਰਹੇ ਹੁੰਦੇ ਹੋ, ਤਦ ਮਨ ਘਟਨਾਵਾਂ ਵਿਚ ਨਹੀਂ ਫਸਦਾ ਅਤੇ ਤੁਸੀਂ ਪ੍ਰਸੰਨ ਰਹਿੰਦੇ ਹੋ। ਤੁਸੀਂ ਜਿੰਨਾ ਜ਼ਿਆਦਾ ਵਚਨਬੱਧ ਹੁੰਦੇ ਹੋ, ਤੁਹਾਨੂੰ ਕੋਈ ਕੰਮ ਕਰਨ ਲਈ ਜ਼ਿਆਦਾ ਸਮਰੱਥਾ ਪ੍ਰਾਪਤ ਹੁੰਦੀ ਹੈ। ਜਿੰਨਾ ਤੁਸੀਂ ਕਰ ਸਕਦੇ ਹੋ, ਉਸ ਤੋਂ ਥੋੜ੍ਹਾ ਜ਼ਿਆਦਾ ਕਰਨਾ ਹੀ ਵਚਨਬੱਧਤਾ ਹੈ। ਇਹ ਆਪਣੀ ਸਮਰੱਥਾ ਨੂੰ ਵਧਾਉਣਾ ਹੈ। ਤੁਸੀਂ ਇਹ ਨਹੀਂ ਕਹਿੰਦੇ ਹੋ ਕਿ ਮੈਂ ਇਕ ਗਲਾਸ ਪਾਣੀ ਪੀਣ ਲਈ ਵਚਨਬੱਧ ਹਾਂ ਜੋ ਤੁਸੀਂ ਉਂਜ ਵੀ ਕਰ ਸਕਦੇ ਹੋ। ਆਪਣੀ ਸਮਰੱਥਾ ਨਾਲੋਂ ਜ਼ਿਆਦਾ ਕੰਮ ਕਰਨ ਦੀ ਸੋਚ ਰੱਖਣਾ ਹੀ ਵਚਨਬੱਧਤਾ ਹੈ। ਆਪਣੇ ਕਠਿਨ ਟੀਚੇ ਨੂੰ ਸਰਲਤਾ ਨਾਲ ਹਾਸਲ ਕਰਨ ਲਈ ਨਿਰੰਤਰ ਤੌਰ ’ਤੇ ਪ੍ਰਭਾਵਸ਼ਾਲੀ ਰੂਹਾਨੀ ਅਭਿਆਸ ਜਿਵੇਂ ਕਿ ਯੋਗ, ਸ਼ਵ ਆਸਨ ਅਭਿਆਸ ਅਤੇ ਧਿਆਨ ਸਹਾਇਤਾ ਕਰਦਾ ਹੈ। ਇਸ ਨਾਲ ਤੁਹਾਨੂੰ ਜ਼ਿਆਦਾ ਊਰਜਾ ਤੇ ਮਨ ਦੀ ਚੰਗੇਰੀ ਅਵਸਥਾ ਹਾਸਲ ਹੁੰਦੀ ਹੈ ਜਿਸ ਨਾਲ ਤੁਸੀਂ ਜੀਵਨ ਦੇ ਮਾਫ਼ਕ ਤੇ ਉਲਟ ਹਾਲਾਤ ਦਾ ਸਾਹਮਣਾ ਕਰ ਸਕਦੇ ਹੋ। ਅੰਤ ਵਿਚ ਸਮਝ ਲਓ ਕਿ ਚਿੰਤਾ ਕਰਨਾ ਵਿਅਰਥ ਹੈ। ਚਿੰਤਾ ਦਾ ਅਰਥ ਹੈ ਕਿ ਤੁਸੀਂ ਆਪਣੀ ਸਮਰੱਥਾ ਬਾਰੇ ਚੰਗੀ ਤਰ੍ਹਾਂ ਨਹੀਂ ਜਾਣਦੇ ਹੋ। ਇਸੇ ਕਾਰਨ ਤੁਹਾਡੇ ਆਤਮ-ਵਿਸ਼ਵਾਸ ਵਿਚ ਕਮੀ ਆਉਂਦੀ ਹੈ ਜੋ ਕਾਫ਼ੀ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਤੁਹਾਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਮੈਂ ਜਿਸ ਚੁਣੌਤੀ ਦਾ ਸਾਹਮਣਾ ਕਰ ਰਿਹਾ ਹਾਂ, ਮੈਂ ਉਸ ਤੋਂ ਕਿਤੇ ਜ਼ਿਆਦਾ ਸਮਰੱਥ ਹਾਂ।-ਸ੍ਰੀਸ੍ਰੀ ਰਵੀਸ਼ੰਕਰ।